ਕੋਰੋਨਾ ਕਾਲ ਦੌਰਾਨ ਰੱਖੇ ਮੁਲਾਜ਼ਮਾਂ ਨੂੰ ਫਾਰਗ ਕਰਨ ਦੇ ਵਿਰੋਧ ’ਚ ਮੁਲਾਜ਼ਮਾਂ ਵੱਲੋਂ ਗੇਟ ਰੈਲੀ

Gate Rally of Employees Sachkahoon

ਮੈਡੀਕਲ ਸੁਪਰਡੈਂਟ ਰਜਿੰਦਰਾ ਹਸਪਤਾਲ ਦੇ ਦਫਤਰ ਅੱਗੇ ਰੈਲੀ ਕਰਕੇ ਕੀਤਾ ਫੈਸਲੇ ਦਾ ਵਿਰੋਧ

ਨਵਜੋਤ ਸਿੱਧੂ ਦੀ ਰਿਹਾਇਸ਼ ਅੱਗੇ 24 ਸਤੰਬਰ ਨੂੰ ਮੁਲਾਜਮ ਦੇਣਗੇ ਧਰਨਾ-ਆਗੂ

ਸੱਚ ਕਹੂੰ ਨਿਊਜ਼, ਪਟਿਆਲਾ। ਸਰਕਾਰੀ ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ ਅਤੇ ਟੀ.ਬੀ. ਹਸਪਤਾਲ ਦੇ ਮੁਲਾਜ਼ਮਾਂ, ਕੋਰੋਨਾ ਯੋਧਿਆਂ, ਨਰਸਿੰਗ ਸਮੇਤ ਪੈਰਾ ਮੈਡੀਕਲ ਤੇ ਹੈਲਥ ਤੇ ਟੈਕਨੀਕਲ ਜੋ ਸਾਲ 2020 ਵਿੱਚ 1822 ਮੁਲਾਜ਼ਮ ਨਿਯੁਕਤ ਹੋਏ ਸਨ, ਦੀਆਂ ਸੇਵਾਵਾਂ ਸਮਾਪਤ ਕਰਨ ਲਈ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਵੱਲੋਂ ਜਾਰੀ ਪੱਤਰ ਨੰਬਰ 11/37/20206/7875 ਚੰਡੀਗੜ੍ਹ 15 ਸਤੰਬਰ 2021 ਰਾਹੀਂ ਡਾਇਰੈਕਟਰ, ਖੋਜ ਅਤੇ ਮੈਡੀਕਲ ਸਿੱਖਿਆ ਵਿਭਾਗ ਪੰਜਾਬ ਨੂੰ ਹਦਾਇਤ ਕੀਤੀ ਹੈ ਕਿ 4 ਮਈ 2020 ਨੂੰ ਰੱਖੇ ਮੁਲਾਜ਼ਮ 30 ਸਤੰਬਰ 2021 ਨੂੰ ਫਾਰਗ ਕੀਤੇ ਜਾਣ। ਇਸ ਦੇ ਰੋਸ ਵਜੋਂ ਮੁਲਾਜ਼ਮਾਂ ਨੇ ਇੱਥੇ ਮੈਡੀਕਲ ਸੁਪਰਡੈਂਟ ਰਜਿੰਦਰਾ ਹਸਪਤਾਲ ਦੇ ਦਫਤਰ ਅੱਗੇ ਗੇਟ ਰੈਲੀ ਕਰਕੇ ਪਟਿਆਲਾ ਫਰੀਦਕੋਟ ਅਤੇ ਅੰਮ੍ਰਿਤਸਰ ਵਿਖੇ ਲਗਾਤਾਰ ਕੰਮ ਕਰ ਰਹੇ 1822 ਕੋਰੋਨਾ ਯੋਧਿਆਂ ਨੂੰ ਫਾਰਗ ਕਰਨ ਦੇ ਸਰਕਾਰ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ।

ਇਸ ਮੌਕੇ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਰਾਮ ਕਿਸ਼ਨ, ਸਵਰਨ ਸਿੰਘ ਬੰਗਾ, ਗਗਨਦੀਪ ਕੌਰ, ਚਰਨਜੀਤ ਕੌਰ, ਸਿ੍ਰਸ਼ਟੀ, ਪ੍ਰਦੀਪ ਕੁਮਾਰ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਸਾਜਨ ਕੁਮਾਰ, ਰਾਜੀਵ ਕੁਮਾਰ, ਪ੍ਰਦੀਪ ਕੁਮਾਰ ਰਾਜੇਸ਼ ਕੁਮਾਰ ਗੋਲੂ, ਅਜੈ ਕੁਮਾਰ ਸਿੱਪਾ, ਰਤਨ ਸ਼ਰਮਾ ਆਦਿ ਨੇ ਐਲਾਨ ਕੀਤਾ ਕਿ ਇਨ੍ਹਾਂ ਕਾਮਿਆਂ ਨੂੰ ਵਿਸ਼ੇਸ਼ ਦਰਜੇੇ ਵਿੱਚ ਸ਼ਾਮਿਲ ਕਰਕੇ ਰੈਗੂਲਰ ਕਰਨ ਬਾਰੇ ਸਾਬਕਾ ਮੁੱਖ ਮੰਤਰੀ ਨੂੰ ਮੰਗ ਪੱਤਰ ਦਿੱਤੇ ਗਏ ਸਨ, ਹੁਣ ਇਨ੍ਹਾਂ ਦੀਆਂ ਸੇਵਾਵਾਂ ਜਾਰੀ ਰੱਖਣ ਸਬੰਧੀ ਇੱਕ ਮੈਮੋਰੰਡਮ ਵਿਭਾਗ ਦੇ ਅਧਿਕਾਰੀਆਂ ਸਮੇਤ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਨਿੱਜੀ ਰਿਹਾਇਸ਼ ਅੱਗੇ 24 ਸਤੰਬਰ ਨੂੰ ਸਮੂਹਿਕ ਤੌਰ ’ਤੇ ਮੁਲਾਜਮ ਪਹੁੰਚ ਕੇ ਧਰਨਾ ਦੇਣਗੇ ਅਤੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅਪੀਲ ਕੀਤੀ ਕਿ ਅਧਿਕਾਰੀਆਂ ਵੱਲੋਂ ਜਾਰੀ ਪੱਤਰ ਦੁਆਰਾ 1822 ਮੁਲਾਜ਼ਮਾਂ ਦਾ ਰੁਜਗਾਰ ਖਤਮ ਕਰਨ ਦਾ ਪੱਤਰ ਵਾਪਸ ਕਰਵਾਇਆ ਜਾਵੇ ਅਤੇ ਸੇਵਾਵਾਂ ਵਿੱਚ ਅਣਮਿੱਥੇ ਸਮੇਂ ਦਾ ਵਾਧਾ ਕਰਨ ਦੀ ਅਪੀਲ ਵੀ ਕੀਤੀ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ