Gardening Care Tips: 1. ਪੱਤਝੜੀ ਫਲਦਾਰ ਬੂਟੇ ਜਿਵੇਂ ਨਾਖ, ਅੰਗੂਰ ਆਦਿ ਨੂੰ ਨਵਾਂ ਫੁਟਾਰਾ ਆਉਣ ਤੋਂ ਪਹਿਲਾਂ, ਭਾਵ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਜ਼ਰੂਰ ਲਾ ਦੇਣਾ ਚਾਹੀਦਾ ਹੈ।
2. ਸਦਾਬਹਾਰ ਫਲਦਾਰ ਬੂਟੇ ਜਿਵੇਂ ਨਿੰਬੂ ਜਾਤੀ, ਅੰਬ, ਅਮਰੂਦ, ਲੁਕਾਠ ਤੇ ਬੇਰ ਆਦਿ ਫਰਵਰੀ ਦੇ ਦੂਜੇ ਪੰਦਰਵਾੜੇ ਵਿੱਚ ਲਾਏ ਜਾ ਸਕਦੇ ਹਨ। ਹਾਲਾਂਕਿ, ਇਨ੍ਹਾਂ ਦੀ ਰੋਪਾਈ ਲਈ ਜੁਲਾਈ ਤੋਂ ਸਤੰਬਰ ਤੱਕ ਦਾ ਸਮਾਂ ਸਭ ਤੋਂ ਉਚਿਤ ਮੰਨਿਆ ਜਾਂਦਾ ਹੈ।
ਇਹ ਖਬਰ ਵੀ ਪੜ੍ਹੋ : India America Relations: ਭਾਰਤ-ਅਮਰੀਕਾ ਵਪਾਰ ਸਮਝੌਤਾ, ਰਣਨੀਤਿਕ ਅਤੇ ਆਰਥਿਕ ਭਾਈਚਾਰੇ ਦਾ ਨਵਾਂ ਅਧਿਆਇ
3. ਕਿਨੂੰ ਦੇ ਪੂਰੀ ਉਮਰ ਦੇ ਬੂਟਿਆਂ ਨੂੰ ਫਰਵਰੀ ਵਿੱਚ 960 ਗ੍ਰਾਮ ਯੂਰੀਆ ਅਤੇ 2750 ਗ੍ਰਾਮ ਸਿੰਗਲ ਸੁਪਰ ਫਾਸਫੇਟ ਪਾਓ।
- ਹੋਰ ਨਿੰਬੂ ਜਾਤੀ ਦੇ ਬੂਟਿਆਂ ਲਈ ਬੂਟੇ ਦੇ ਆਕਾਰ ਅਨੁਸਾਰ 880 ਤੋਂ 1760 ਗ੍ਰਾਮ ਯੂਰੀਆ ਵਰਤੋ।
- ਸੰਤਰਾ ਅਤੇ ਮਾਲਟਾ ਦੇ ਵੱਡੇ ਬੂਟਿਆਂ ਨੂੰ 400–800 ਗ੍ਰਾਮ ਯੂਰੀਆ ਪਹਿਲੀ ਕਿਸ਼ਤ ਵਜੋਂ ਪਾਓ।
- ਲੁਕਾਠ ਨੂੰ 500 ਗ੍ਰਾਮ ਯੂਰੀਆ ਪ੍ਰਤੀ ਬੂਟਾ ਦੂਜੀ ਕਿਸ਼ਤ ਵਜੋਂ ਦਿਓ।
- ਅੰਬ ਲਈ 500 ਗ੍ਰਾਮ ਯੂਰੀਆ ਅਤੇ 1 ਕਿਲੋ ਮਿਊਰੇਟ ਆਫ ਪੋਟਾਸ਼, ਜਦਕਿ ਲੀਚੀ ਲਈ 800 ਗ੍ਰਾਮ ਯੂਰੀਆ ਪ੍ਰਤੀ ਬੂਟਾ ਮਹੀਨੇ ਦੇ ਅੱਧ ਤੱਕ ਪਾਓ।
- ਪਪੀਤੇ ਲਈ 1:2:0.33 (ਯੂਰੀਆ : ਸਿੰਗਲ ਸੁਪਰ ਫਾਸਫੇਟ : ਮਿਊਰੇਟ ਆਫ ਪੋਟਾਸ਼) ਦੇ ਅਨੁਪਾਤ ਅਨੁਸਾਰ 625 ਗ੍ਰਾਮ ਖਾਦ ਅਤੇ 20 ਕਿਲੋ ਰੂੜੀ ਦੀ ਖਾਦ ਪ੍ਰਤੀ ਬੂਟਾ ਪਾਓ।
- ਨਾਖ ਨੂੰ 500 ਗ੍ਰਾਮ, ਆੜੂ ਨੂੰ ਫੁੱਲ ਆਉਣ ਤੋਂ ਬਾਅਦ 500 ਗ੍ਰਾਮ ਅਤੇ ਅਲੂਚੇ ਨੂੰ 180 ਗ੍ਰਾਮ ਯੂਰੀਆ ਪ੍ਰਤੀ ਬੂਟਾ ਪਾਓ।
- ਅੰਗੂਰਾਂ ਦੇ ਫਲਦਾਰ ਬੂਟਿਆਂ ਨੂੰ ਕਾਂਟ-ਛਾਂਟ ਤੋਂ ਬਾਅਦ 500 ਗ੍ਰਾਮ ਯੂਰੀਆ ਅਤੇ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਦਿਓ।
- ਖਾਦ ਪਾਉਂਦੇ ਸਮੇਂ ਧਿਆਨ ਰੱਖੋ ਕਿ ਇਹ ਬੂਟੇ ਦੇ ਚਾਰੇ ਪਾਸੇ ਸਮਾਨ ਤਰ੍ਹਾਂ ਪਏ ਅਤੇ ਹਲਕੀ ਗੋਡੀ ਕਰਕੇ ਮਿੱਟੀ ਵਿੱਚ ਮਿਲਾ ਦਿਓ।
4. ਫਰਵਰੀ ਮਹੀਨੇ ਨਿੰਬੂ ਜਾਤੀ ਦੇ ਬੂਟਿਆਂ ਦਾ ਫੁਟਾਰਾ ਹੁੰਦਾ ਹੈ, ਇਸ ਲਈ ਸਮੇਂ ਸਿਰ ਸਿੰਚਾਈ ਕਰੋ। ਲੁਕਾਠ ਅਤੇ ਬੇਰ ਦੇ ਬੂਟਿਆਂ ਨੂੰ ਵੀ ਪਾਣੀ ਦਿਓ ਤਾਂ ਜੋ ਫਲ ਦਾ ਆਕਾਰ ਵਧੇ। ਅੰਗੂਰਾਂ ਦੀ ਕਾਂਟ-ਛਾਂਟ ਤੋਂ ਬਾਅਦ ਪਹਿਲੇ ਪੰਦਰਵਾੜੇ ’ਚ ਇੱਕ ਪਾਣੀ ਲਗਾਓ।
5. ਅੰਗੂਰਾਂ ਦੀ ਕਾਂਟ-ਛਾਂਟ ਫਰਵਰੀ ਦੇ ਅੱਧ ਤੱਕ ਹਰ ਹਾਲਤ ਵਿੱਚ ਪੂਰੀ ਕਰ ਲਵੋ।
6. ਨਿੰਬੂ ਜਾਤੀ ਦੇ ਫਲ ਤੋੜਨ ਮਗਰੋਂ ਸੁੱਕੀਆਂ ਟਾਹਣੀਆਂ ਕੱਟ ਕੇ ਬੋਰਡੋ ਮਿਸ਼ਰਣ (2:2:250) ਜਾਂ ਬਲਾਈਟੌਕਸ 3 ਗ੍ਰਾਮ ਪ੍ਰਤੀ ਲਿਟਰ ਪਾਣੀ ਨਾਲ ਛਿੜਕਾਅ ਕਰੋ। ਕੱਟੇ ਹੋਏ ਸਥਾਨਾਂ ’ਤੇ ਬੋਰਡੋ ਪੇਸਟ ਅਤੇ ਹਫ਼ਤੇ ਬਾਅਦ ਤਣੇ ’ਤੇ ਬੋਰਡੋ ਪੇਂਟ ਲਗਾਓ।
7. ਠੰਢ ਤੋਂ ਬਚਾਅ ਲਈ ਛੋਟੇ ਫਲਦਾਰ ਬੂਟਿਆਂ ’ਤੇ ਕੀਤਾ ਛੌਰਾ ਅਜੇ ਕੁਝ ਸਮਾਂ ਹੋਰ ਬਣਿਆ ਰਹਿਣ ਦਿਓ।
8. ਸਿਟਰਸ ਸਿੱਲਾ ਦੀ ਰੋਕਥਾਮ ਲਈ ਫੁੱਲ ਆਉਣ ਤੋਂ ਪਹਿਲਾਂ 200 ਮਿ.ਲੀ. ਕਰੋਕੋਡਾਈਲ/ਕਨਫੀਡੋਰ ਜਾਂ 160 ਗ੍ਰਾਮ ਐਕਟਾਰਾ (ਥਾਇਆਮੈਥੋਕਸਮ) ਜਾਂ 6.25 ਲਿਟਰ ਹਾਰਟੀਕਲਚਰਲ ਮਿਨਰਲ ਆਇਲ 500 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।
9. ਸਿਟਰਸ ਕੈਂਕਰ ਤੋਂ ਬਚਾਅ ਲਈ ਸਟਰੈਪਟੋਸਾਈਕਲੀਨ 50 ਗ੍ਰਾਮ + ਨੀਲਾ ਥੋਥਾ 25 ਗ੍ਰਾਮ 500 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕੋ। ਬੋਰਡੋ ਮਿਸ਼ਰਣ ਜਾਂ 0.3% ਕੌਪਰ ਆਕਸੀਕਲੋਰਾਈਡ ਵੀ ਵਰਤੀ ਜਾ ਸਕਦੀ ਹੈ।
10. ਗੂੰਦੀਆ ਰੋਗ ਦੀ ਰੋਕਥਾਮ ਲਈ ਕਰਜੇਟ ਐਮ-8 (25 ਗ੍ਰਾਮ) ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟਾ ਗੜੁੱਚ ਕਰੋ। ਇਸ ਤੋਂ ਇਲਾਵਾ 5% ਸੋਡੀਅਮ ਹਾਈਪੋਕਲੋਰਾਈਟ 50 ਮਿ.ਲੀ. ਪ੍ਰਤੀ 10 ਲਿਟਰ ਪਾਣੀ ਵਿੱਚ ਘੋਲ ਕੇ ਤਣੇ ਅਤੇ ਛਤਰੀ ਹੇਠ ਛਿੜਕਾਅ ਕੀਤਾ ਜਾ ਸਕਦਾ ਹੈ।
11. ਅੰਬ ਵਿੱਚ ਚਿੱਟੋਂ ਦੀ ਰੋਕਥਾਮ ਲਈ ਕੈਰਾਥੇਨ 1 ਗ੍ਰਾਮ ਜਾਂ ਗੰਧਕ 2.5 ਗ੍ਰਾਮ ਜਾਂ ਕੰਟਾਫ 1 ਮਿ.ਲੀ. ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਫੁੱਲ ਆਉਣ ਤੋਂ ਪਹਿਲਾਂ ਤੇ ਬਾਅਦ ਵਿੱਚ 10 ਦਿਨਾਂ ਦੇ ਅੰਤਰ ਨਾਲ ਛਿੜਕਾਅ ਕਰੋ।
ਸੱਚ ਕਹੂੰ ਡੈਸਕ














