ਪਟਿਆਲਾ ਪੁਲਿਸ ਵੱਲੋਂ ਗੈਗਸਟਰ ਦੇ ਨੇੜਲੇ ਸਾਥੀ 5 ਪਿਸਟਲਾਂ ਸਮੇਤ ਕਾਬੂ
ਨਾਭਾ ਜੇਲ੍ਹ ’ਚ ਬੰਦ ਏ-ਕੈਟਾਗਰੀ ਰਾਜੀਵ ਰਾਜਾ ’ਤੇ ਨੇ 34 ਮਾਮਲੇ ਦਰਜ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜ਼ੇਲ੍ਹਾਂ ’ਚ ਬੰਦ ਹੋਣ ਦੇ ਬਾਵਜ਼ੂਦ ਗੈਂਗਸਟਰਾਂ ਵੱਲੋਂ ਆਪਣੇ ਸਾਥੀਆਂ ਦੀ ਮੱਦਦ ਨਾਲ ਨਜ਼ਾਇਜ਼ ਹਥਿਆਰਾਂ ਸਮੇਤ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪਰ ਪੁਲਿਸ ਇਨ੍ਹਾਂ ਤੇ ਰੋਕ ਲਗਾਉਣ ’ਚ ਅਸਫ਼ਲ ਦਿਖਾਈ ਦੇ ਰਹੀ ਹੈ। ਪਟਿਆਲਾ ਪੁਲਿਸ ਵੱਲੋਂ ਏ ਕੈਟਾਗਰੀ ਨਾਮੀ ਗੈਗਸਟਰ ਦੇ ਨੇੜਲੇ ਤਿੰਨ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ, ਜੋ ਕਿ ਜ਼ੇਲ੍ਹ ’ਚ ਬੰਦ ਗੈਂਗਸਟਰ ਦੇ ਇਸਾਰੇ ’ਤੇ ਨਜਾਇਜ਼ ਹਥਿਆਰਾਂ ਦੀ ਸਪਲਾਈ ਕਰਦੇ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਸਪੀ. ਡੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਸੀਆਈਏ ਪਟਿਆਲਾ ਨੂੰ ਸੂਚਨਾ ਮਿਲੀ ਸੀ ਕਿ ਅਪਰਾਧੀ ਕਿਸਮ ਦੇ ਵਿਅਕਤੀ ਨਜਾਇਜ ਹਥਿਆਰਾਂ ਦੀ ਸਪਲਾਈ ਕਰ ਰਹੇ ਹਨ, ਇਸ ਦੀ ਡੁੰਘਾਈ ਨਾਲ ਤਫ਼ਤੀਸ਼ ਕਰਨ ਲਈ ਡੀਐਸਪੀ ਡੀ ਅਜੈਪਾਲ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ਼ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ। ਪਤਾ ਲੱਗਾ ਕਿ ਏ. ਕੈਟਾਗਿਰੀ ਦੇ ਗੈਂਗਸਟਰ ਰਜੀਵ ਉਰਫ ਰਾਜਾ ਪੁੱਤਰ ਰਾਮ ਪਾਲ ਵਾਸੀ ਲੁਧਿਆਣਾ ਜੋ ਕਿ ਵੱਖ-ਵੱਖ ਕੇਸਾਂ ਤਹਿਤ ਨਵੀਂ ਜ਼ਿਲ੍ਹਾ ਜ਼ੇਲ੍ਹ ਨਾਭਾ ’ਚ ਬੰਦ ਹੈ ਜਿਸ ’ਤੇ ਕਰੀਬ 34 ਕਤਲ, ਡਕੈਤੀ, ਹਾਈਵੈ ਤੋ ਖੋਹਾਂ ਆਦਿ ਦੇ ਮੁਕੱਦਮੇ ਦਰਜ ਹਨ। ਰਜੀਵ ਰਾਜਾ ਦੇ ਪੁਰਾਣੇ ਸਾਥੀ ਜੋਂ ਕਿ ਜੇਲ੍ਹਾਂ ਵਿੱਚ ਬੰਦ ਰਹੇ ਸਨ ਨਾਲ ਮਿਲ ਕੇ ਪੰਜਾਬ ਵਿੱਚ ਅਸਲੇ ਦੀ ਸਪਲਾਈ ਕਰ ਰਿਹਾ ਹੈ। ਇਸ ਦੇ ਸਾਥੀ ਤਾਰੁਨ ਕੁਮਾਰ ਅਤੇ ਇਸਦਾ ਪਿਤਾ ਰਣਜੀਤ ਸਿੰਘ ਜੀਤਾ ਜੋਂ ਰਜੀਵ ਰਾਜਾ ਦੇ ਪੁਰਾਣੇ ਸਾਥੀ ਰਹੇ ਹਨ।
ਨਜਾਇਜ ਹਥਿਆਰਾਂ ਦੀ ਬਰਾਮਦਗੀ ਲਈ ਚਲਾਏ ਅਪਰੇਸਨ ਦੌਰਾਨ ਪੁਲੀ ਸੂਆ ਮੈਣ ਰੋਡ ਤੋਂ ਤਾਰੁਨ ਕੁਮਾਰ ਪੁੱਤਰ ਰਣਜੀਤ ਸਿੰਘ ਜੀਤਾ ਵਾਸੀ ਸੰਜੇ ਕਲੋਨੀ ਪਟਿਆਲਾ, ਜਸਦੀਪ ਸਿੰਘ ਉਰਫ ਜੱਸ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਰਸੂਲਪੁਰ ਸੈਦਾ ਪਟਿਆਲਾ ਹਾਲ ਬਰੇੜੀ ਸੈਕਟਰ 41-ਡੀ, ਥਾਣਾ ਸੈਕਟਰ 39 ਚੰਡੀਗੜ੍ਹ ਨੂੰ ਗਿ੍ਰਫਤਾਰ ਕੀਤਾ ਗਿਆ। ਤਾਰੁਣ ਕੁਮਾਰ ਦੀ ਤਲਾਸੀ ਦੌਰਾਨ ਦੋ ਪਿਸਟਲ 32 ਬੋਰ ਪੰਜ ਰੋਦ ਅਤੇ ਇੱਕ ਪਿਸਟਲ 30 ਬੋਰ ਸਮੇਤ 5 ਰੌਂਦ ਅਤੇ ਜਸਦੀਪ ਸਿੰਘ ਉਰਫ ਜੱਸ ਦੀ ਤਲਾਸੀ ਦੌਰਾਨ ਇਕ ਪਿਸਟਲ 32 ਬੋਰ ਸਮੇਤ 5 ਰੌਂਦ ਬਰਾਮਦ ਹੋਏ। ਇਹ ਦੋਵੇ ਗੈਂਗਸਟਰ ਰਜੀਵ ਰਾਜਾ ਦੇ ਕਰੀਬੀ ਸਾਥੀ ਹਨ।
ਤਫਤੀਸ ਦੌਰਾਨ ਸਾਹਮਣੇ ਆਇਆ ਕਿ ਇਹ ਅਸਲਾ ਇਸ ਗਿਰੋਹ ਵੱਲੋਂ ਸੁਖਵਿੰਦਰ ਸਿੰਘ ਰਾਜਾ ਨੂੰ ਦੇਣਾ ਪਾਇਆ ਗਿਆ ਅਤੇ ਪੁਲਿਸ ਵੱਲੋਂ ਸੁਖਵਿੰਦਰ ਸਿੰਘ ਰਾਜਾ ਪੁੱਤਰ ਅਮਰਜੀਤ ਸਿੰਘ ਵਾਸੀ ਪਿੰਡ ਟੋਰੋਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਗਿ੍ਰਫ਼ਤਾਰ ਕੀਤਾ ਗਿਆ। ਜਿਸ ਪਾਸੋਂ ਇੱਕ ਪਿਸਟਲ 32 ਬੋਰ ਸਮੇਤ 5 ਰੌਂਦ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਪੁਲਿਸ ਨੇ ਨਜ਼ਾਇਜ਼ ਹਥਿਆਰਾਂ ਦੀ ਸਪਲਾਈ ਦੀ ਚੈਨ ਨੂੰ ਤੋੜਿਆ ਹੈ। ਗਿ੍ਰਫਤਾਰ ਕੀਤੇ ਵਿਅਕਤੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ