ਫਰੀਦਕੋਟ ਜ਼ਿਲ੍ਹੇ ਨਾਲ ਸਬੰਧਿਤ ਗੈਂਗਸਟਰ ਸੰਗਰੂਰ ਪੁਲਿਸ ਵੱਲੋਂ ਹਥਿਆਰ ਤੇ ਗੋਲੀ ਸਿੱਕੇ ਸਮੇਤ ਕਾਬੂ
ਤਿੰਨ ਹੋਰਾਂ ਨੂੰ ਸੀਆਈਏ ਸਟਾਫ਼ ਨੇ ਹਥਿਆਰ ਤੇ ਗੋਲੀਆਂ ਸਮੇਤ ਕੀਤਾ ਕਾਬੂ
(ਗੁਰਪ੍ਰੀਤ ਸਿੰਘ) ਸੰਗਰੂਰ। ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਇੱਕ ਬੀ-ਗ੍ਰੇਡ ਭਗੌੜਾ ਗੈਂਗਸਟਰ ਜੋ ਕਿ ਇਲਾਕੇ ਵਿੱਚ ਘੁੰਮ ਰਿਹਾ ਸੀ, ਨੂੰ ਸੀਆਈਏ ਸਟਾਫ ਸੰਗਰੂਰ ਨੇ ਕਾਬੂ ਕਰਕੇ ਉਸ ਕੋਲੋਂ ਤਿੰਨ ਪਿਸਤੌਲ ਅਤੇ 13 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਸੀਆਈਏ ਸਟਾਫ਼ ਨੇ ਤਿੰਨ ਹੋਰ ਹਥਿਆਰ ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ 101 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਲੌਂਗੋਵਾਲ ਅਤੇ ਦਿੜ੍ਹਬਾ ਖੇਤਰ ਤੋਂ ਗਿਫ਼ਤਾਰ ਕੀਤੇ ਗਏ ਚਾਰ ਮੁਲਜਮਾਂ ਕੋਲੋਂ ਪੰਜ ਦੇਸੀ ਪਿਸਤੌਲ ਅਤੇ ਕੁੱਲ 114 ਕਾਰਤੂਸ ਬਰਾਮਦ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸਐੱਸਪੀ ਸਵਪਨ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਗੁਰਪ੍ਰੀਤ ਸਿੰਘ ਉਰਫ ਬੱਬਾ ਵਾਸੀ ਫਰੀਦਕੋਟ ਨੂੰ ਐਤਵਾਰ ਨੂੰ ਲੌਂਗੋਵਾਲ ਇਲਾਕੇ ਵਿੱਚੋਂ ਗਿ੍ਰਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਉਹ ਬੀ-ਗ੍ਰੇਡ ਦਾ ਗੈਂਗਸਟਰ ਹੈ। ਉਹ ਕਈ ਮਾਮਲਿਆਂ ’ਚ ਭਗੌੜਾ ਹੈ, ਜਿਸ ਦੀ ਪੁਲਸ ਨੂੰ ਭਾਲ ਸੀ। ਉਹ ਸੰਗਰੂਰ ਦੇ ਆਸ-ਪਾਸ ਦੇ ਇਲਾਕੇ ਵਿੱਚ ‘ਪਨਾਹ’ ਲੈਣ ਆਇਆ ਸੀ ਅਤੇ ਇੱਥੋਂ ਉਹ ਮਾਨਸਾ ਵਿੱਚ ਆਪਣੇ ਇੱਕ ਵਿਰੋਧੀ ਗੈਂਗਸਟਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜੇਲ੍ਹ ਵਿੱਚ ਬੰਦ ਗੈਂਗਸਟਰਾਂ ਦੇ ਇਸਾਰੇ ’ਤੇ ਕੰਮ ਕਰਨ ਵਾਲੇ ਉਕਤ ਗੈਂਗਸਟਰ ਖਿਲਾਫ ਪਿਛਲੇ ਸਮੇਂ ਵਿੱਚ ਕੋਟਕਪੂਰਾ, ਜਲੰਧਰ ਖੇਤਰ ਵਿੱਚ ਕਈ ਕੇਸ ਦਰਜ ਹਨ। ਉਸ ਖਿਲਾਫ ਥਾਣਾ ਦਿੜ੍ਹਬਾ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਨੇ ਸਤਨਾਮ ਸਿੰਘ ਸੱਤੀ ਵਾਸੀ ਮਾਨਸਾ, ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਲੇਹਲ, ਲਖਵਿੰਦਰ ਸਿੰਘ ਉਰਫ ਸੋਨੀ ਵਾਸੀ ਲਹਿਰਾ ਨੂੰ ਲੌਂਗੋਵਾਲ ਇਲਾਕੇ ਵਿੱਚੋਂ ਗਿ੍ਰਫਤਾਰ ਕਰਕੇ ਉਨ੍ਹਾਂ ਕੋਲੋਂ ਇੱਕ ਪਿਸਤੌਲ 315 ਬੋਰ ਅਤੇ ਇੱਕ ਕਾਰਤੂਸ, ਇੱਕ ਪਿਸਤੌਲ 32 ਬੋਰ ਅਤੇ ਸੌ ਕਾਰਤੂਸ ਬਰਾਮਦ ਕੀਤੇ ਹਨ। ਉਸਨੇ ਕਿਹਾ ਇਹ ਤਿੰਨੇ ਤਸਕਰ ਇਲਾਕੇ ਵਿੱਚ ਨਜਾਇਜ ਹਥਿਆਰ ਵੇਚਣ ਆਏ ਸਨ, ਜਿਸ ਦਾ ਪਤਾ ਲੱਗਣ ’ਤੇ ਪੁਲੀਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ। ਥਾਣਾ ਲੌਂਗੋਵਾਲ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ