ਗਾਨਾ ਸੇਵਾ ਸੁਸਾਇਟੀ (Gana Seva Society) ਅਤੇ ਰੀਜੈਂਟ ਸਾਫਟਵੇਅਰ ਕੰਪਨੀ ਵੱਲੋਂ ਵਿਦਿਆਰਥੀਆਂ ਨੂੰ ਚੈੱਕ ਤਕਸੀਮ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਫਰੀਦਕੋਟ ਦੀ ਟੀਮ ਵੱਲੋਂ ਅੱਜ ਦੇ ਇਸ ਸਰਟੀਫਿਕੇਟ ਵੰਡ ਸਮਾਰੋਹ ਅਤੇ ਬੱਚਿਆਂ ਨੂੰ ਕੋਰਸ ਦੇ ਨਾਲ-ਨਾਲ ਨਗਦ ਰਾਸ਼ੀ ਮੁਹੱਈਆ ਕਰਵਾਉਣਾ ਵੀ ਸਰਕਾਰ ਦਾ ਸ਼ਲਾਘਾਯੋਗ ਉਪਰਾਲਾ ਹੈ। ਜਿਸ ਵਿੱਚ ਘੱਟ ਪੜ੍ਹੇ ਵਿਦਿਆਰਥੀ ਵੀ ਹੱਥੀ ਹੁਨਰਮੰਦ ਹੋ ਕੇ ਆਰਥਿਕ ਤੌਰ ’ਤੇ ਮਜਬੂਤ ਹੋ ਸਕਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਏ.ਡੀ.ਸੀ. ਰਾਜਦੀਪ ਸਿੰਘ ਬਰਾੜ ਨੇ ਗਾਨਾ ਸੇਵਾ ਸੁਸਾਇਟੀ (Gana Seva Society) ਅਤੇ ਰੀਜੈਂਟ ਸਾਫਟਵੇਅਰ ਕੰਪਨੀ ਵਲੋਂ ਪਿਛਲੇ ਸਮੇਂ ਵਿੱਚ ਜਨਰਲ ਡਿਊਟੀ ਅਸਿਸਟੈਂਟ, ਫੈਸ਼ਨ ਡਿਜਾਈਨਿੰਗ ਅਤੇ ਹਾਊਸ ਕੀਪਰ ਕਮ ਸਹਾਇਤਾ ਰਾਸ਼ੀ ਦੇਣ ਸਮੇਂ ਆਪਣੇ ਸੰਬੋਧਨ ਦੌਰਾਨ ਕਹੇ।
ਉਹਨਾਂ ਆਖਿਆ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਮਿਲ ਕੇ ਪੰਜਾਬ ਦੇ ਬੇਰੁਜ਼ਗਾਰ ਬੱਚਿਆਂ ਨੂੰ ਬਿਲਕੁਲ ਮੁਫ਼ਤ ਹੁਨਰਮੰਦ ਬਣਾ ਕੇ ਆਪਣੇ ਪੈਰਾਂ ਸਿਰ ਖੜੇ ਹੋਣ ਲਈ ਹਰ ਤਰ੍ਹਾਂ ਦੇ ਯਤਨ ਪਹਿਲਾਂ ਦੀ ਤਰ੍ਹਾਂ ਨਿਰੰਤਰ ਕਰਦੀ ਆ ਰਹੀ ਹੈ। ਇਸ ਸਮੇਂ ਡੀ.ਪੀ.ਐੱਮ.ਯੂ. ਫਰੀਦਕੋਟ ਦੇ ਮੈਨੇਜਰ ਗਗਨ ਸ਼ਰਮਾ, ਜਿੰਨਾ ਦੇ ਸਹਿਯੋਗ ਨਾਲ ਹੀ ਇਸ ਤਰ੍ਹਾਂ ਦੀ ਟ੍ਰੇਨਿੰਗ ਸਫਲਤਾਪੂਰਵਕ ਨੇਪਰੇ ਚੜ ਰਹੀ ਹੈ। ਉਹਨਾਂ ਕਿਹਾ ਕਿ ਮੇਰਾ ਰੋਮ-ਰੋਮ ਇਹਨਾਂ ਬੱਚਿਆਂ ਨੂੰ ਸਮਰਪਿਤ ਹੈ ਅਤੇ ਮੈਂ ਇਹਨਾਂ ਦੇ ਸੁਪਨੇ ਪੂਰੇ ਕਰਨ ਲਈ ਹਰ ਤਰਾਂ ਨਾਲ ਇਹਨਾਂ ਲਈ 24 ਘੰਟੇ ਹਾਜ਼ਰ ਹਾਂ।
120 ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਜਿਕਰਯੋਗ ਹੈ ਕਿ ਸਰਕਾਰ ਦੇ ਉਪਰਾਲਿਆਂ ਨੂੰ ਬੱਚਿਆਂ ਤੱਕ ਪਹੁੰਚਾਉਣ ਅਤੇ ਬਣਦੀਆਂ ਸਹੂਲਤਾਂ ਬੱਚਿਆਂ ਨੂੰ ਦਿਵਾਉਣ ਵਿੱਚ ਮੈਡਮ ਗਗਨ ਸ਼ਰਮਾ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸ ਸਮੇਂ ਸੰਸਥਾ ਦੇ ਸੰਚਾਲਕ ਬਲਜੀਤ ਸਿੰਘ ਖੀਵਾ ਨੇ ਜਿੱਥੇ ਆਏ ਹੋਏ ਮਹਿਮਾਨਾ ਨੂੰ ਜੀ ਆਇਆਂ ਆਖਿਆ, ਉੱਥੇ ਭਾਵੁਕ ਹੁੰਦਿਆਂ ਦੱਸਿਆ ਕਿ ਗਾਨਾ ਸੇਵਾ ਸੁਸਾਇਟੀ ਦੇ ਪਾਸ ਹੋਏ ਲਗਭਗ 120 ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਨਾਲ ਰੀਜੈਂਟ ਸਾਫਟਵੇਅਰ ਦੇ ਬੱਚਿਆਂ ਨੂੰ 2,59,300 ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਗਈ।
ਇਸ ਮੌਕੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਜਦੋਂਕਿ ਕੋਰਸ ਪੂਰਾ ਹੋਣ ਉਪਰੰਤ ਨੌਕਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਰੀਜੈਂਟ ਸਾਫਟਵੇਅਰ ਵਲੋਂ ਕੋਰਸ ਕਰਨ ਵਾਲੇ ਦੋ ਅਪੰਗ ਵਿਦਿਆਰਥੀਆਂ ਨੂੰ ਟਰਾਈ ਸਾਈਕਲ ਦੇ ਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਡਮ ਹਰਪ੍ਰੀਤ ਕੌਰ, ਅੰਕੁਸ਼ ਬਜਾਜ, ਰੀਨੇਸ਼ ਕੌਰ ਖੀਵਾ, ਮਨਪ੍ਰੀਤ ਕੌਰ, ਜਸ਼ਨਦੀਪ ਸਿੰਘ ਆਦਿ ਵੀ ਹਾਜ਼ਰ ਸਨ। ਸਟੇਜ ਸੰਚਾਲਨ ਅਨਮੋਲਦੀਪ ਸਿੰਘ ਨੇ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ