ਗੱਗੜਪੁਰ ਪੋਜਿਟਿਵ ਕੇਸ ਦੇ ਤਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਬੀਹਲਾ ਨਾਲ ਜੁੜੇ

ਮਹਿਲ ਕਲਾਂ ਦੇ 13 ਲੋਕ ਆਈਸੋਲੇਸ਼ਨ ਵਾਰਡ ‘ਚ ਕੀਤੇ ਭਰਤੀ, ਸੈਂਪਲ ਜਾਂਚ ਲਈ ਭੇਜੇ

ਬਰਨਾਲਾ, (ਜਸਵੀਰ ਸਿੰਘ) ਸੰਗਰੂਰ ਜ਼ਿਲ੍ਹੇ ਦੇ ਪਿੰਡ ਗੱਗੜਪੁਰ ਵਿਖੇ ਆਏ ਕਰੋਨਾ ਪੋਜਿਟਿਵ ਕੇਸ ਦੇ ਤਾਰ ਬਰਨਾਲਾ ਜ਼ਿਲ੍ਹਾ ਦੇ ਪਿੰਡ ਬੀਹਲਾ ਨਾਲ ਜੁੜ ਗਏ ਹਨ। ਜਿਸ ਸਬੰਧੀ ਸੀਐਮੀਓ ਸੰਗਰੂਰ ਨੇ ਸਿਹਤ ਵਿਭਾਗ ਬਰਨਾਲਾ ਨੂੰ ਲਿਖੇ ਪੱਤਰ ‘ਚ ਸਬੰਧਿਤ ਵਿਅਕਤੀ ਦੇ ਕੁੱਝ ਦਿਨ ਪਹਿਲਾਂ ਹੀ ਪਿੰਡ ਬੀਹਲਾ ਵਿਖੇ ਆਪਣੇ ਸਹੁਰੇ ਜਾ ਕੇ ਆਉਣ ਦਾ ਖੁਲਾਸਾ ਕਰਦਿਆਂ ‘ਪੱਤਰ ਭੇਜੇ ਜਾਣ ਦਾ ਮਕਸਦ ਸੂਚਨਾ ਦੇਣ ਅਤੇ ਕਾਰਵਾਈ ਕਰਨ ਹਿੱਤ ਲਿਖਿਆ ਗਿਆ ਹੈ।

ਜਿਸ ਪਿੱਛੋਂ ਸਿਹਤ ਵਿਭਾਗ ਬਰਨਾਲਾ ਨੇ ਤੁਰੰਤ ਕਾਰਵਾਈ ਅਮਲ ‘ਚ ਲਿਆਉਂਦਿਆਂ ਸਬੰਧਤ ਪਰਿਵਾਰ ਨੂੰ ਇਕਾਂਤਵਾਸ ਕਰ ਦਿੱਤਾ ਹੈ। ਇਸ ਤੋਂ ਇਲਾਵਾ ਮਹਿਲ ਕਲਾਂ ਕੇਸ ਤਹਿਤ ਸਬੰਧਿਤ ਔਰਤ ਤੇ 13 ਪਰਿਵਾਰਕ ਮੈਂਬਰਾਂ ਨੂੰ ਵੀ ਇਲਾਜ਼ ਲਈ ਆਈਸੋਲੇਸ਼ਨ ਵਾਰਡ ‘ਚ ਭਰਤੀ ਕਰਕੇ ਸਬੰਧਿਤ ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਰਹੇ ਹਨ।

ਸੰਪਰਕ ਕਰਨ ‘ਤੇ ਸਿਵਲ ਸਰਜ਼ਨ ਬਰਨਾਲਾ ਡਾ. ਗੁਰਿੰਦਰਵੀਰ ਸਿੰਘ ਨੇ ਸੀਐਮਓ ਸੰਗਰੂਰ ਦੇ ਮਿਲੇ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸੀਐਮਓ ਸੰਗਰੂਰ ਦੁਆਰਾ ਭੇਜੇ ਗਏ ਪੱਤਰ ਵਿੱਚ ਉਨ੍ਹਾਂ ਨੂੰ ਪਿੰਡ ਗੱਗੜਪੁਰ ਦੇ 65 ਸਾਲਾ ਵਿਅਕਤੀ ਦੇ ਪਿੰਡ ਬੀਹਲਾ (ਥਾਣਾ ਟੱਲੇਵਾਲ) ਵਿਖੇ ਸਹੁਰੇ ਹੋਣ ਤੋਂ ਇਲਾਵਾ ਕੁਝ ਦਿਨ ਪਹਿਲਾਂ ਹੀ ਸਬੰਧਤ ਵਿਅਕਤੀ ਦੇ ਇੱਥੇ ਆ ਕੇ ਜਾਣ ਦੀ ਗੱਲ ਵੀ ਲਿਖੀ ਗਈ ਹੈ।

ਜਿਸ ‘ਤੇ ਫੌਰੀ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਸਬੰਧਿਤ ਪਰਿਵਾਰ ਨੂੰ ਕੋਆਰਟੀਨ ਕਰਨ ਤੋਂ ਇਲਾਵਾ ਪਿੰਡ ਵਾਸੀਆਂ ਨੂੰ ਸਿਹਤ ਵਿਭਾਗ ਦੁਆਰਾ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ। ਮਹਿਲ ਕਲਾਂ ਪੌਜੇਟਿਵ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਬੰਧਿਤ ਔਰਤ ਦੇ ਕੁੱਲ 13 ਪਰਿਵਾਰਕ ਮੈਂਬਰਾਂ ਨੂੰ ਇਲਾਜ਼ ਲਈ ਬਰਨਾਲਾ ਦੀ ਸੋਹਲ ਪੱਤੀ ਵਿਖੇ ਬਣਾਏ ਗਏ ਆਈਸੋਲੇਸ਼ਨ ਵਾਰਡ ‘ਚ ਭਰਤੀ ਕਰਕੇ ਉਨ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਰਹੇ ਹਨ, ਰਿਪੋਰਟ ਆਉਣ ‘ਤੇ ਹੀ ਕੋਈ ਸਪੱਸ਼ਟ ਗੱਲ ਕਹੀ ਜਾ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਮੇਂ ਆਈਸੋਲੇਸ਼ਨ ਵਾਰਡ ‘ਚ ਕੁੱਲ 19 ਤੋਂ 20 ਮਰੀਜ਼ ਦਾਖਲ ਹਨ ਜਿੰਨਾਂ ਦਾ ਇਲਾਜ਼ ਚੱਲ ਰਿਹਾ ਹੈ, ਫ਼ਿਲਹਾਲ ਉਹ ਤੰਦਰੁਸਤ ਹਨ। ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਕਰੋਨਾ ਵਾਇਰਸ ਅੱਗੇ ਦੀ ਅੱਗੇ ਵਾਇਰਲ (ਫੈਲਦਾ) ਹੁੰਦਾ ਹੈ, ਇਸ ਲਈ ਜਰੂਰੀ ਹੈ ਕਿ ਕਿਸੇ ਦੇ ਵੀ ਸੰਪਰਕ ‘ਚ ਨਾ ਆਇਆ ਜਾਵੇ। ਬਾਹਰੋਂ ਘਰ ਪਹੁੰਚਣ ‘ਤੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੂਰੀ ਤਰਾਂ ਸੈਨੇਟਾਈਜਰ ਕੀਤੇ ਜਾਵੇ ਤੇ ਫਿਰ ਹੀ ਆਪਣੇ ਪਰਿਵਾਰਕ ਮੈਂਬਰਾਂ ਦੇ ਸੰਪਰਕ ‘ਚ ਆਇਆ ਜਾਵੇ।

ਗੱਗੜਪੁਰ ਵਾਸੀ ਸਬੰਧਿਤ ਵਿਅਕਤੀ ਨੂੰ ਬੀਹਲਾ ਪਰਿਵਾਰ ਦੁਆਰਾ ਘਰ ਨਾ ਵਾੜੇ ਜਾਣ ਦੀਆਂ ਉਡ ਰਹੀਆਂ ਅਫ਼ਵਾਹਾਂ ਦੀ ਪੁਸ਼ਟੀ ਕਰਦਿਆਂ ਥਾਣਾ ਟੱਲੇਵਾਲ ਮੁਖੀ ਅਮਨਦੀਪ ਕੌਰ ਨੇ ਕਿਹਾ ਕਿ ਬੀਹਲਾ ਪਰਿਵਾਰ ਨੇ ਉਨ੍ਹਾਂ ਨੂੰ ਸਬੰਧਿਤ ਵਿਅਕਤੀ ਦੇ ਇੱਥੇ ਮੋਟਰਸਾਇਕਲ ਲੈਣ ਆਉਣ ਲਈ ਦੀ ਸੂਚਨਾ ਪਹਿਲਾਂ ਹੀ ਦੇ ਦਿੱਤੀ ਸੀ, ਜਿਸ ‘ਤੇ ਉਨ੍ਹਾਂ ਨੇ ਸਬੰਧਿਤ ਵਿਅਕਤੀ ਨੂੰ ਘਰ ਅੰਦਰ ਨਾ ਵਾੜ ਕੇ ਬਾਹਰ ਹੀ ਮੋਟਰਸਾਇਕਲ ਦੇ ਦੇਣ ਬਾਰੇ ਕਿਹਾ ਸੀ। ਉਨ੍ਹਾਂ ਕਿਹਾ ਕਿ ਤਕਰੀਬਨ 15 ਕੁ ਦਿਨ ਪਹਿਲਾਂ ਹੀ ਉਕਤ ਵਿਅਕਤੀ ਇੱਥੇ ਆਇਆ ਸੀ ਜੋ ਬਾਹਰੋ-ਬਾਹਰ ਹੀ ਇੱਥੋਂ ਚਲਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।