ਪ੍ਰਧਾਨ ਮੰਤਰੀ ਨੇ ਜੀ-20 ਦੇਸ਼ਾਂ ਨੂੰ ਕਿਹਾ – ਯੂਕਰੇਨ ਯੁੱਧ ਨੇ ਵਿਸ਼ਵਾਸ ਦੀ ਕਮੀ ਨੂੰ ਡੂੰਘਾ ਕੀਤਾ (G20 Summit)
(ਏਜੰਸੀ) ਨਵੀਂ ਦਿੱਲੀ। ਜੀ-20 ਸੰਮੇਲਨ (G20 Summit) ਦੇ ਪਹਿਲੇ ਦਿਨ ਸ਼ਨਿੱਚਰਵਾਰ ਨੂੰ ਇੱਕ ਸਾਂਝੇ ਐਲਾਨ ਪੱਤਰ ’ਤੇ ਸਹਿਮਤੀ ਬਣੀ। ਪ੍ਰਧਾਨ ਮੰਤਰੀ ਮੋਦੀ ਨੇ ਸ਼ਨਿੱਚਰਵਾਰ ਨੂੰ ਦੂਜੇ ਸੈਸ਼ਨ ਦੀ ਸ਼ੁਰੂਆਤ ’ਚ ਸਪੀਕਰ ਦੇ ਰੂਪ ’ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਰੇ ਮੈਂਬਰ ਦੇਸ਼ਾਂ ਦੀ ਸਹਿਮਤੀ ਨਾਲ ਨਵੀਂ ਦਿੱਲੀ ਐਲਾਨ ਪੱਤਰ ਪਾਸ ਕੀਤਾ। ਭਾਰਤ ਲਈ ਕੂਟਨੀਤਕ ਪੱਧਰ ’ਤੇ ਇਸ ਨੂੰ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।
ਮੋਦੀ ਨੇ ਜੀ-20 ਗਰੁੱਪ ’ਚ ਅਫਰੀਕੀ ਸੰਘ ਨੂੰ ਸ਼ਾਮਲ ਕਰਨ ਦਾ ਐਲਾਨ ਕੀਤਾ। ਜੀ-20 ਦਾ 1999 ਵਿੱਚ ਸਥਾਪਨਾ ਤੋਂ ਬਾਅਦ ਪਹਿਲੀ ਵਾਰ ਵਿਸਥਾਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਜੀ-20 ਪ੍ਰਧਾਨਗੀ ਦੇਸ਼ ਦੇ ਅੰਦਰ ਅਤੇ ਬਾਹਰ ਤਾਲਮੇਲ ਦਾ ਪ੍ਰਤੀਕ ਬਣ ਗਈ ਹੈ। ਉਨ੍ਹਾਂ ਕਿਹਾ ਕਿ ਵਿਸ਼ਵ ਭਲਾਈ ਲਈ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣ ਦਾ ਸਮਾਂ ਹੈ ਜੀ-20 ਸੰਮੇਲਨ ਦਾ ਉਦਘਾਟਨ ਕਰਦੇ ਹੋਏ ਮੋਦੀ ਨੇ ਮੋਰੱਕੋ ਵਿੱਚ ਆਏ ਜ਼ਬਰਦਸਤ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹੋਏ ਆਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ, ‘ਪੂਰਾ ਵਿਸ਼ਵ ਭਾਈਚਾਰਾ ਇਸ ਮੁਸ਼ਕਲ ਸਮੇਂ ਵਿੱਚ ਮੋਰੱਕੋ ਦੇ ਨਾਲ ਹੈ ਅਤੇ ਅਸੀਂ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹਾਂ।’
ਮੋਦੀ ਦੇ ਸਾਹਮਣੇ ਲੱਗੀ ਤਖ਼ਤੀ ’ਤੇ ਲਿਖਿਆ ‘ਭਾਰਤ’ (G-20 Summit)
ਜੀ-20 ਸੰਮੇਲਨ ’ਚ ਪ੍ਰਧਾਨ ਮੰਤਰੀ ਮੋਦੀ ਦੀ ਪਛਾਣ ‘ਭਾਰਤ’ ਦੀ ਨੁਮਾਇੰਦਗੀ ਕਰਨ ਵਾਲੇ ਆਗੂ ਵਜੋਂ ਪੇਸ਼ ਕੀਤੀ ਗਈ ਹੈ। ਜਦੋਂ ਮੋਦੀ ਨੇ ਸੰਮੇਲਨ ਨੂੰ ਸੰਬੋਧਨ ਕੀਤਾ ਤਾਂ ਉਨ੍ਹਾਂ ਦੇ ਸਾਹਮਣੇ ਰੱਖੀ ਨੇਮ ਪਲੇਟ ’ਤੇ ‘ਭਾਰਤ’ ਲਿਖਿਆ ਹੋਇਆ ਸੀ। ਮੋਦੀ ਨੇ 55 ਦੇਸ਼ਾਂ ਵਾਲੇ ਅਫਰੀਕੀ ਸੰਘ ਦਾ ਜੀ-20 ’ਚ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਕਦਮ ਸਮੂਹ ਲਈ ਮਜ਼ਬੂਤ ਸਾਂਝ ਬਣਾਏਗਾ। ਮੋਦੀ ਨੇ ਕਿਹਾ, ‘ਜੀ-20 ਪਰਿਵਾਰ ਦੇ ਸਥਾਈ ਮੈਂਬਰ ਵਜੋਂ ਅਫਰੀਕੀ ਸੰਘ ਦਾ ਸੁਆਗਤ ਕਰਕੇ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ। ਇਹ ਜੀ20 ਨੂੰ ਮਜ਼ਬੂਤ ਕਰੇਗਾ ਅਤੇ ‘ਗਲੋਬਲ ਸਾਊਥ’ ਦੀ ਆਵਾਜ਼ ਨੂੰ ਵੀ ਮਜ਼ਬੂਤ ਕਰੇਗਾ।’
ਜੀ-20 ਆਗੂਆਂ ਦੀਆਂ ਪਤਨੀਆਂ ਨੇ ਕੀਤਾ ਆਈਏਆਰਆਈ ਦਾ ਦੌਰਾ (G-20 Summit)
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਦੀ ਪਤਨੀ ਯੋਕੋ ਕਿਸ਼ਿਦਾ ਸਮੇਤ ਲਗਭਗ 15 ਜੀ-20 ਆਗੂਆਂ ਦੀਆਂ ਪਤਨੀਆਂ ਨੇ ਸ਼ਨਿੱਚਰਵਾਰ ਨੂੰ ਇੱਥੇ 1,200 ਏਕੜ ’ਚ ਪੂਸਾ-ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ (ਆਈਏਆਰਆਈ) ਕੈਂਪਸ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਮੋਟੇ ਅਨਾਜ ਨੂੰ ਖੇਤ ’ਚ ਤਿਆਰ ਕੀਤੇ ਜਾਣ ਤੋਂ ਲੈ ਕੇ ਪਕਾਉਣ ਤੱਕ ਦਾ ਤਜ਼ਰਬਾ ਲਿਆ। ਉਨ੍ਹਾਂ ਦਾ ਸੁਆਗਤ ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੀ ਪਤਨੀ ਕਿਓਕੋ ਜੈਸ਼ੰਕਰ ਨੇ ਕੀਤਾ।
‘ਭਰੋਸੇ ਦੀ ਘਾਟ’ ਨੂੰ ‘ਗਲੋਬਲ ਟਰੱਸਟ’ ’ਚ ਤਬਦੀਲ ਕਰਾਂਗੇ : ਪ੍ਰਧਾਨ ਮੰਤਰੀ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਜੀ-20 ਆਗੂਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਦੁਨੀਆ ’ਚ ਜੋ ਵਿਸ਼ਵਾਸ ਦੀ ਕਮੀ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਈ ਹੈ ਅਤੇ ਯੂਕਰੇਨ ਜੰਗ ਕਾਰਨ ਡੂੰਘੀ ਹੋਈ ਹੈ, ਉਸ ਨੂੰ ਇੱਕ-ਦੂਜੇ ’ਤੇ ਵਿਸ਼ਵਾਸ ’ਚ ਬਦਲਣਾ ਚਾਹੀਦਾ ਹੈ।
ਅਫਰੀਕੀ ਸੰਘ ਜੀ-20 ਗਰੁੱਪ ਵਿੱਚ ਸ਼ਾਮਲ (G20 Summit)
ਅਫਰੀਕੀ ਸੰਘ ਨੂੰ ਰਸਮੀ ਤੌਰ ’ਤੇ ਜੀ-20 ਗਰੁੱਪ ਦੇ ਸਥਾਈ ਮੈਂਬਰ ਵਜੋਂ ਸਵੀਕਾਰ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ ਕੀਤਾ ਹੈ। ਅਫਰੀਕੀ ਸੰਘ ਨੂੰ ਜੀ-20 ਗਰੁੱਪ ਵਿੱਚ ਸ਼ਾਮਲ ਕਰਨ ਦਾ ਏਜੰਡਾ ਕਾਨਫਰੰਸ ਦੀਆਂ ਤਰਜੀਹਾਂ ਵਿੱਚੋਂ ਇੱਕ ਸੀ ਅਤੇ ਇਸੇ ਲਈ ਪ੍ਰਧਾਨ ਮੰਤਰੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਇਸ ਦਾ ਐਲਾਨ ਕੀਤਾ। ਮੋਦੀ ਨੇ ਕਿਹਾ, ‘ਤੁਹਾਡੀ ਸਾਰਿਆਂ ਦੀ ਸਹਿਮਤੀ ਨਾਲ, ਅਗਲੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅਫਰੀਕੀ ਸੰਘ ਦੇ ਪ੍ਰਧਾਨ ਨੂੰ ਜੀ-20 ਦੇ ਸਥਾਈ ਮੈਂਬਰ ਵਜੋਂ ਆਪਣੀ ਸੀਟ ਲੈਣ ਲਈ ਸੱਦਾ ਦਿੰਦਾ ਹਾਂ।’
ਦਿੱਲੀ ਐਲਾਨ ਪੱਤਰ ਦੀਆਂ ਮਹੱਤਵਪੂਰਨ ਗੱਲਾਂ:- (G20 Summit)
- ਐਲਾਨ ਪੱਤਰ ’ਚ ‘ਯੂਕਰੇਨ ਵਿੱਚ ਵਿਆਪਕ, ਨਿਆਂਪੂਰਨ ਅਤੇ ਸਥਾਈ ਸ਼ਾਂਤੀ’ ਦੀ ਮੰਗ ਕੀਤੀ ਗਈ ਹੈ। ਮੈਂਬਰ ਦੇਸ਼ਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ‘ਖੇਤਰਾਂ ’ਤੇ ਕਬਜ਼ਾ ਕਰਨ ਲਈ ਤਾਕਤ ਦੀ ਵਰਤੋਂ’ ਜਾਂ ਕਿਸੇ ਵੀ ਦੇਸ਼ ਦੀ ਖੇਤਰੀ ਅਖੰਡਤਾ ਦੇ ਵਿਰੁੱਧ ਕੰਮ ਕਰਨ ਤੋਂ ਗੁਰੇਜ਼ ਕਰਨ।
- ਸਾਰੇ ਦੇਸ਼ ਟਿਕਾਊ ਵਿਕਾਸ ਟੀਚਿਆਂ ’ਤੇ ਕੰਮ ਕਰਨਗੇ। ਭਾਰਤ ਦੀ ਪਹਿਲ ’ਤੇ ਵਨ ਫਿਊਚਰ ਅਲਾਇੰਸ ਬਣਾਇਆ ਜਾਵੇਗਾ। ਬਾਇਓ ਫਿਊਲ ਅਲਾਇੰਸ ਬਣਾਇਆ ਜਾਵੇਗਾ। ਇਸ ਦੇ ਸੰਸਥਾਪਕ ਮੈਂਬਰ ਭਾਰਤ, ਅਮਰੀਕਾ ਅਤੇ ਬ੍ਰਾਜ਼ੀਲ ਹੋਣਗੇ।
- ਇੱਕ ਧਰਤੀ, ਇੱਕ ਪਰਿਵਾਰ, ਇੱਕ ਭਵਿੱਖ ’ਤੇ ਜ਼ੋਰ ਦਿੱਤਾ ਜਾਵੇਗਾ। ਬਹੁਪੱਖੀ ਵਿਕਾਸ ਬੈਂਕਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਨੂੰ ਬਿਹਤਰ, ਵੱਡਾ ਅਤੇ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾਵੇਗਾ।
- ਗਲੋਬਲ ਸਾਊਥ ਦੀਆਂ ਤਰਜੀਹਾਂ ’ਤੇ ਜ਼ੋਰ ਦਿੱਤਾ ਜਾਵੇਗਾ। ਕਿ੍ਰਪਟੋਕਰੰਸੀ ਸਬੰਧੀ ਗਲੋਬਲ ਨੀਤੀ ਬਣਾਉਣ ਲਈ ਗੱਲਬਾਤ ਹੋਵੇਗੀ। ਗ੍ਰੀਨ ਅਤੇ ਲਾ ਕਾਰਬਨ ਊਰਜਾ ਤਕਨੀਕ ’ਤੇ ਕੰਮ ਕੀਤਾ ਜਾਵੇਗਾ।
- ਭਾਰਤ ਨੇ ਕਰਜ਼ਿਆਂ ਸਬੰਧੀ ਬਿਹਤਰ ਪ੍ਰਣਾਲੀ ਬਣਾਉਣ ਲਈ ਸਾਂਝਾ ਢਾਂਚਾ ਬਣਾਉਣ ’ਤੇ ਜ਼ੋਰ ਦਿੱਤਾ ਹੈ। ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਸ਼ਹਿਰਾਂ ਨੂੰ ਫੰਡ ਦਿੱਤਾ ਜਾਵੇਗਾ।
- ਜੈਵ ਵਿਭਿੰਨਤਾ, ਜੰਗਲਾਂ ਅਤੇ ਸਮੁੰਦਰਾਂ ਦੀ ਸੰਭਾਲ ਕਰੇਗਾ। ਭਵਿੱਖ ਦੀ ਸਿਹਤ ਐਮਰਜੈਂਸੀ ਲਈ ਬਿਹਤਰ ਤਿਆਰ ਕੀਤਾ ਜਾਵੇਗਾ। ਵਿਕਾਸਸ਼ੀਲ ਦੇਸ਼ਾਂ ਵਿੱਚ ਕਰਜ਼ ਸਬੰਧੀ ਕਮਜ਼ੋਰੀਆਂ ’ਤੇ ਕੰਮ ਕੀਤਾ ਜਾਵੇਗਾ।