ਚੀਨ ਦੀ ਕੋਝੀ ਮਾਨਸਿਕਤਾ ਤੋਂ ਪ੍ਰਭਾਵਿਤ ਨਾ ਹੋਵੇ ਜੀ-20

G-20

ਚੀਨ ਆਪਣੇ-ਆਪ ਨੂੰ ਵਿਸ਼ਵ ਦੀ ਇੱਕ ਮਹਾਂਸ਼ਕਤੀ ਦੇ ਰੂਪ ’ਚ ਦੇਖ ਰਿਹਾ ਹੈ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਚੀਨ ਅਮਰੀਕਾ ਨੂੰ ਟੱਕਰ ਦੇ ਰਿਹਾ ਹੈ। ਚੀਨ ਚਾਹੁੰਦਾ ਹੈ ਕਿ ਜਿਨ੍ਹਾਂ ਵੀ ਦੇਸ਼ਾਂ ਦੇ ਅਮਰੀਕਾ ਨਾਲ ਮੱਤਭੇਦ ਹਨ, ਉਹ ਕਿਸੇ ਨਾ ਕਿਸੇ ਤਰੀਕੇ ਚੀਨ ਦੇ ਪਾਲ਼ੇ ’ਚ ਆ ਜਾਣ। ਕਿਉਂਕਿ ਰੂਸ ਅਤੇ ਯੂਕ੍ਰੇਨ ਵਿਚਕਾਰ ਜੰਗ ਦੋ ਦੇਸ਼ਾਂ ਵਿਚਕਾਰ ਨਾ ਹੋ ਕੇ ਰੂਸ ਅਤੇ ਨਾਟੋ ਪਾਵਰ ਵਿਚਕਾਰ ਜੰਗ ਹੈ ਕਿਉਂਕਿ ਨਾਟੋ ਅਸਿੱਧੇ ਤੌਰ ’ਤੇ ਯੂਕ੍ਰੇਨ ਨੂੰ ਫੌਜੀ ਸਮੱਗਰੀ ਮੁਹੱਈਆ ਕਰਾ ਰਹੀ ਹੈ। ਨਾਟੋ ਦੀ ਮਨਸ਼ਾ ਹੈ ਕਿ ਰੂਸ ਦੀ ਤਾਕਤ ਨੂੰ ਯੂਕ੍ਰੇਨ ’ਚ ਹੀ ਖ਼ਤਮ ਕਰ ਦਿੱਤਾ ਜਾਵੇ।

ਰੂਸ ਕਮਜ਼ੋਰ | G-20

ਚੀਨ ਰੂਸ ਦੀ ਇਸ ਸਥਿਤੀ ਦਾ ਫਾਇਦਾ ਲੈ ਰਿਹਾ ਹੈ। ਚੀਨ ਰੂਸ ਦੀ ਸਿੱਧੀ ਜਾਂ ਅਸਿੱਧੀ ਕੋਈ ਖਾਸ ਮੱਦਦ ਨਹੀਂ ਕਰ ਰਿਹਾ ਪਰ ਰੂਸ ਦਾ ਫਾਇਦਾ ਭਰਪੂਰ ਲੈ ਰਿਹਾ ਹੈ। ਕਿਉਂਕਿ ਚੀਨ ਵੀ ਚਾਹੁੰਦਾ ਹੈ ਕਿ ਰੂਸ ਕਮਜ਼ੋਰ ਹੋਵੇ ਅਤੇ ਮਜ਼ਬੂਰੀਵੱਸ ਚੀਨ ਦੇ ਪ੍ਰਭਾਵ ’ਚ ਰਹੇ। ਰੂਸ ਵੀ ਇਹ ਮਹਿਸੂਸ ਕਰਦਾ ਹੈ ਕਿ ਬੇਸ਼ੱਕ ਚੀਨ ਸਿੱਧਾ-ਸਿੱਧਾ ਉਨ੍ਹਾਂ ਦੀ ਕੋਈ ਮੱਦਦ ਨਹੀਂ ਕਰ ਰਿਹਾ ਪਰ ਕਿਤੇ ਵੀ ਉਨ੍ਹਾਂ ਦੇ (ਰੂਸ) ਖਿਲਾਫ ਨਹੀਂ ਜਾ ਰਿਹਾ। ਰੂਸ ਇਸ ਗੱਲ ਤੋਂ ਸੰਤੁਸ਼ਟ ਹੋ ਕੇ ਚੀਨ ਵੱਲ ਦੋਸਤੀ ਦਾ ਹੱਥ ਵਧਾ ਰਿਹਾ ਹੈ।

ਰੂਸ ਅਤੇ ਚੀਨ ਦੇ ਰਾਸ਼ਟਰ ਮੁਖੀਆਂ ਦਾ ਜੀ-20 ’ਚ ਸ਼ਾਮਲ ਨਾ ਹੋਣਾ ਵੀ ਚੀਨ ਦੀ ਕੋਈ ਸੋਚੀ-ਸਮਝੀ ਰਣਨੀਤੀ ਹੋ ਸਕਦੀ ਹੈ। ਚੀਨ ਜਾਣਦਾ ਹੈ ਕਿ ਭਾਰਤ ਵੀ ਵਿਸ਼ਵ ਦੀ ਇੱਕ ਉੱਭਰਦੀ ਸ਼ਕਤੀ ਦੇ ਰੂਪ ’ਚ ਆਪਣੀ ਪਛਾਣ ਬਣਾ ਰਿਹਾ ਹੈ। ਜਿਸ ਤਰ੍ਹਾਂ ਰੂਸ-ਯੂਕ੍ਰੇਨ ਜੰਗ ’ਚ ਵੀ ਭਾਰਤ ਨੇ ਨਿਰਲੇਪ ਰਹਿ ਕੇ ਦੋਵਾਂ ਦੇਸ਼ਾਂ ਨਾਲ ਤਾਲਮੇਲ ਬਣਾਈ ਰੱਖਿਆ, ਉਸ ਦੀ ਭਾਰਤ ਦੇ ਵਿਰੋਧੀ ਦੇਸ਼ਾਂ ਨੇ ਵੀ ਤਾਰੀਫ ਕੀਤੀ।

ਚੀਨ ਜਾਣਦਾ ਹੈ ਕਿ ਜੀ-20 ਜ਼ਰੀਏ ਵੀ ਭਾਰਤ ਵਿਸ਼ਵ ’ਚ ਆਪਣੀ ਸੰਸਕ੍ਰਿਤੀ, ਵਿਕਾਸ ਅਤੇ ਤਕਨੀਕ ਦਾ ਪ੍ਰਦਰਸ਼ਨ ਕਰੇਗਾ। ਇਸ ਲਈ ਜੀ-20 ਸੰਮੇਲਨ ’ਚ ਭਾਰਤ ਦੇ ਪ੍ਰਭਾਵ ਦੀ ਚਕਾਚੌਂਧ ’ਚ ਆਪਣੇ-ਆਪ ਨੂੰ ਫਿੱਕਾ ਪੈਣ ਦੀ ਸੰਭਾਵਨਾ ਨਾਲ ਚੀਨੀ ਰਾਸ਼ਟਰਪਤੀ ਨੇ ਇਸ ਸੰਮੇਲਨ ’ਚ ਨਾ ਆਉਣਾ ਹੀ ਬਿਹਤਰ ਸਮਝਿਆ। ਖੈਰ, ਚੀਨੀ ਜਾਂ ਰੂਸੀ ਰਾਸ਼ਟਰਪਤੀ ਦੇ ਆਉਣ ਜਾਂ ਨਾ ਆਉਣ ਨਾਲ ਤਕਨੀਕੀ ਤੌਰ ’ਤੇ ਭਾਰਤ ਜਾਂ ਜੀ-20 ਸੰਗਠਨ ਨੂੰ ਕੋਈ ਨੁਕਸਾਨ ਨਹੀਂ।

ਇਹ ਵੀ ਪੜ੍ਹੋ: ਸ਼ਹਿਬਾਜ਼ ਰਾਣਾ ਨੂੰ ਵਿਧਾਨ ਸਭਾ ਹਲਕਾ ਬਰਨਾਲਾ ਦਾ ਕੋਆਰਡੀਨੇਟਰ ਬਣਾਏ ਜਾਣ ’ਤੇ ਆਪ ਵਲੰਟੀਅਰਾਂ ’ਚ ਖੁਸ਼ੀ ਦੀ ਲਹਿਰ

ਪਰ ਚੀਨ ਦੀ ਇਸ ਤਰ੍ਹਾਂ ਦੀ ਮਨਸ਼ਾ ਕਿਸੇ ਵੀ ਸੰਗਠਨ ਦੇ ਮਕਸਦਾਂ ਨੂੰ ਜ਼ਰੂਰ ਪ੍ਰਭਾਵਿਤ ਕਰਦੀ ਹੈ। ਇਸ ਸੰਮੇਲਨ ’ਚ ਸਾਫ਼-ਸੁਥਰੀ ਬਹਿਸ ਹੋਵੇ ਅਤੇ ਇੱਕ ਸਕਾਰਾਤਮਕ ਨਤੀਜਾ ਨਿੱਕਲੇ ਜਿਸ ’ਤੇ ਸਾਰੇ ਮੈਂਬਰ ਦੇਸ਼ ਦਿਲੋਂ ਸਹਿਮਤ ਹੋਣ ਤਾਂ ਹੀ ਅਜਿਹੇ ਸੰਮੇਲਨਾਂ ਦੀ ਸਾਰਥਿਕਤਾ ਹੈ। ਮੈਂਬਰ ਦੇਸ਼ਾਂ ਨੂੰ ਚਾਹੀਦਾ ਹੈ ਕਿ ਆਪਣੇ ਹੰਕਾਰ ਅਤੇ ਸਵਾਰਥ ਨੂੰ ਲਾਂਭੇ ਰੱਖ ਕੇ ਨਿਰਪੱਖਤਾ ਨਾਲ ਮਨੁੱਖੀ ਹਿੱਤ ਦੇ ਵਿਸ਼ਿਆਂ ’ਤੇ ਖੱੁਲ੍ਹੇ ਮਨ ਨਾਲ ਚਰਚਾ ਕਰਨ ਤਾਂ ਕਿ ਮਨੱੁਖ ਨੂੰ ਇਸ ਧਰਤ ’ਤੇ ਸਵੱਛ ਹਵਾ, ਸਵੱਛ ਪਾਣੀ, ਢਿੱਡ ਭਰ ਕੇ ਭੋਜਨ, ਨਿਰੋਗੀ ਕਾਇਆ ਮਿਲ ਸਕੇ।