ਅਜਾਦੀ ਦੇ 70 ਸਾਲ ਬਾਅਦ ਵੀ ਅਜਾਦੀ ਘੁਲਾਟੀਏ ਦਾ ਪਰਿਵਾਰ ਗੁਰਬਤ ਭਰੀ ਜਿੰਦਗੀ ਜਿਊਣ ਲਈ ਮਜਬੂਰ
ਤਰਨਤਾਰਨ: ਅਜ਼ਾਦੀ ਦੇ 70 ਸਾਲ ਬਾਅਦ ਵੀ ਕਈ ਅਜ਼ਾਦੀ ਘੁਲਾਟੀਆਂ ਦੇ ਕਈ ਪਰਿਵਾਰ ਅੱਜ ਵੀ ਗੁਰਬਤ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ।।ਮਿਸਾਲ ਵਜੋਂ ਅੰਗਰੇਜ ਰਾਜ ਨੂੰ ਧੁਰ ਤਕ ਹਿਲਾ ਦੇਣ ਵਾਲੀ 1914-15 ਦੀ ਗਦਰ ਲਹਿਰ ਦੇ ਮਰਜੀਵੜੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਬੂੜਚੰਦ ਦੇ ਗਦਰੀ ਬਾਬੇ ਚੰਨਣ ਸਿੰਘ ਤੇ ਬਘੇਲ ਸਿੰਘ ਪੁੱਤਰ ਬਾਲ ਸਿੰਘ ਦਾ ਭਤੀਜਾ (ਬਘੇਲ ਸਿੰਘ ਦਾ ਗੋਦ ਲਿਆ ਪੁੱਤਰ) ਅਮਰਜੀਤ ਸਿੰਘ ਜੋ ਕਿ ਰਿਕਸ਼ਾ ਚਲਾ ਕੇ ਖਸਤਾ ਹਾਲਤ ਦੇ ਘਰ ‘ਚ ਬੂੜਚੰਦ ਵਿਖੇ ਜਿੰਦਗੀ ਦੀ ਦਿਨ ਕੱਟੀ ਕਰ ਰਿਹਾ ਹੈ। ਇਕ ਭਤੀਜਾ ਅਵਤਾਰ ਸਿੰਘ ਜੋ ਕਿ ਫਰੀਦਕੋਟ ਵਿਖੇ ਪਰਿਵਾਰ ਨਾਲ ਗੁਰਬਤ ਭਰੀ ਜਿੰਦਗੀ ਕੱਟ ਰਿਹਾ ਹੈ।ਪ੍ਰੰਤੂ ਕਈ ਸਨਮਾਨ ਚਿੰਨ੍ਹ•ਮਿਲਣ ਤੋਂ ਇਲਾਵਾ ਵਾਰ ਵਾਰ ਪਰਿਵਾਰ ਵੱਲੋਂ ਸਰਕਾਰੇ ਦਰਬਾਰੇ ਚਾਰਾਜੋਈ ਕਰਨ ਦੇ ਬਾਵਜੂਦ ਆਸਾਂ ਨੂੰ ਬੂਰ ਵੀ ਨਾ ਪਿਆ ਤੇ ਨਾ ਹੀ ਉਨ੍ਹਾਂ ਨੂੰ ਅੱਜ ਤਕ ਫ੍ਰੀਡਮ ਫਾਈਟਰ ਦਾ ਕਾਰਡ ਹੀ ਨਸੀਬ ਹੋਇਆ ਹੈ।।
ਗਦਰੀ ਇਤਿਹਾਸ ਦੇ ਲਹੂ ਭਿੱਜੇ ਪੱਤਰੇ ਫਰੋਲਣ ‘ਤੇ ਪਤਾ ਚੱਲਦਾ ਹੈ ਕਿ ਭਾਈ ਚੰਨਣ ਸਿੰਘ ਬੂੜਚੰਦ ਨੂੰ ਕਈ ਕੇਸਾਂ ਤੋਂ ਇਲਾਵਾ ਜਗਤਪੁਰ ਕਤਲ ਕੇਸ ਵਿਚ ਫਾਂਸੀ ਤੇ ਜਾਇਦਾਦ ਜਬਤੀ ਦੀ ਸਜ਼ਾ ਦਿੱਤੀ ਗਈ। ਅੰਗਰੇਜ ਦੇ ਪਿੱਠੂ ਕਪੂਰੇ ਪੱਧਰੀ ਨੂੰ ਸੋਧਣ ਦੇ ਚੱਲੇ ਪੱਧਰੀ ਕਤਲ ਕੇਸ ਤੇ ਹੋਰ ਕੇਸਾਂ ਵਿਚ ਬਘੇਲ ਸਿੰਘ ਬੂੜਚੰਦ ਵੱਲੋਂ ਪੌਣੇ 24 ਸਾਲ ਕੈਦ ਕੱਟਣ ਤੋਂ ਇਲਾਵਾ ਜਾਇਦਾਦ ਜਬਤ ਕੀਤੀ ਗਈ।।ਦੱਸਣਯੋਗ ਹੈ ਕਿ ਇਨ੍ਹਾਂ ਦੋਵੇਂ ਗਦਰੀ ਭਰਾਵਾਂ ਵਿਚੋਂ ਚੰਨਣ ਸਿੰਘ ਗਦਰੀ ਕੁਆਰੀ ਸੀ ਜਦੋਂ ਕਿ ਬਘੇਲ ਸਿੰਘ ਗਦਰੀ ਬੂੜਚੰਦ ਜਦੋਂ ਜੇਲ ਕੱਟ ਕੇ ਘਰ ਪਹੁੰਚਿਆ ਤਾਂ ਉਨ੍ਹਾਂ ਦੇ ਮਾਤਾ ਪਿਤਾ, ਧਰਮ ਪਤਨੀ ਤੇ ਇਕ ਲੜਕਾ ਰੱਬ ਨੂੰ ਪਿਆਰੇ ਹੋ ਚੁੱਕੇ ਸਨ।
ਪਰਿਵਾਰ ਨੂੰ ਨਹੀਂ ਮਿਲੀ ਫੁੱਟੀ ਕੌਡੀ
ਅਕਾਲੀ-ਭਾਜਪਾ ਸਰਕਾਰ ਵੇਲੇ ਬਘੇਲ ਸਿੰਘ ਗਦਰੀ ਦੀ ਕਾਨੂੰਨਨ ਬਣੀ ਪਤਨੀ, ਗੋਦ ਲਏ ਪੁੱਤਰ ਅਮਰਜੀਤ ਸਿੰਘ ਦੀ ਮਾਤਾ ਤੇ ਗਦਰੀ ਸ਼ਹੀਦ ਚੰਨਣ ਸਿੰਘ ਦੀ ਭਰਜਾਈ ਪ੍ਰਕਾਸ ਕੌਰ ਜੋ ਕਿ ਮੰਦਹਾਲੀ ਦੇ ਦਿਨ ਗੁਜਾਰਦੀ ਹੋਈ ਕੁਝ ਅਰਸਾ ਪਹਿਲਾਂ ਅਕਾਲ ਚਲਾਣਾ ਕਰ ਗਈ ਸੀ ਦੇ ਭੋਗ ਉਪਰੰਤ ਪੰਜਾਬੀ ਜਾਗਰਣ ਵੱਲੋਂ ਪ੍ਰਮੁੱਖਤਾ ਨਾਲ ਚੁੱਕਣ ਤੇ ਬੂੜਚੰਦ ਦੇ ਗਦਰੀਆਂ ਦੀ ਯਾਦ ‘ਚ ਯਾਦਗਾਰੀ ਗੇਟ ਜੋ ਕਿ ਚਾਰ ਲੱਖ ਦੀ ਲਾਗਤ ਨਾਲ ਤਾਂ ਸਥਾਪਤ ਕਰ ਦਿੱਤਾ ਗਿਆ। ਪ੍ਰੰਤੂ ਪਰਿਵਾਰ ਦੀ ਝੋਲੀ ‘ਚ ਫੁੱਟੀ ਕੌਡੀ ਵੀ ਨਾ ਪਾਈ ਗਈ।
ਸਰਕਾਰਾਂ ਗੌਰ ਕਰਨ: ਆਗੂ
ਇਸ ਸਬੰਧੀ ਗਦਰੀ ਬਾਬੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਆਗੂਆਂ ਚਿਰੰਜੀ ਲਾਲ ਤੇ ਗਦਰੀ ਬਾਬਿਆਂ ਸਬੰਧੀ ਕੇਸਾਂ ਦੀ ਪੈਰਵਾਈ ਕਰਦੇ ਵਕੀਲ ਮਲਵਿੰਦਰ ਸਿੰਘ ਵੜੈਚ ਅਤੇ ਗਦਰੀ ਬਾਬੇ ਮੈਮੋਰੀਅਲ ਕਮੇਟੀ ਸੁਰਸਿੰਘ ਦੇ ਆਗੂ ਤੇ ਸ਼ਹੀਦ ਗਦਰੀ ਬਾਬਾ ਪ੍ਰੇਮ ਸਿੰਘ ਸੁਰਸਿੰਘ ਦੇ ਪੋਤਰੇ ਡਾ ਪਰਮਜੀਤ ਸਿੰਘ ਸੁਰਸਿੰਘ ਨੇ ਕਿਹਾ ਕਿ ਦੇਸ਼ ਦੀ ਅਜਾਦੀ ‘ਚ ਯੋਗਦਾਨ ਪਾਉਣ ਵਾਲੇ ਸਮੂਹ ਸ਼ਹੀਦਾਂ ਤੇ ਯੋਧਿਆਂ ਦੇ ਪਰਿਵਾਰਾਂ ਨੂੰ ਦੇਸ਼ ਦੀਆਂ ਸਰਕਾਰਾਂ ਵੱਲੋਂ ਬਰਾਬਰ ਦਾ ਸਨਮਾਨ ਨਹੀਂ ਦਿੱਤਾ ਜਾ ਰਿਹਾ। ਜਿਸ ਕਾਰਣ ਅਨੇਕਾਂ ਹੀ ਸ਼ਹੀਦਾਂ ਤੇ ਯੋਧਿਆਂ ਦੇ ਪਰਿਵਾਰ ਗੁਰਬਤ ਭਰੀ ਜਿੰਦਗੀ ਜਿਊਣ ਲਈ ਮਜਬੂਰ ਹਨ। ਸਰਕਾਰਾਂ ਨੂੰ ਸ਼ਹੀਦਾਂ ਤੇ ਯਧਿਆਂ ਸਬੰਧੀ ਬਣਾਈਆਂ ਗਈਆਂ ਨੀਤੀਆਂ ‘ਤੇ ਗੌਰ ਕਰਨ ਦੀ ਜਰੂਰਤ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।