ਵਿਦੇਸ਼ ਲਿਜਾਣ ਦੇ ਨਾਂਅ ‘ਤੇ 25 ਲੱਖ ਦੀ ਮਾਰੀ ਠੱਗੀ; 4 ‘ਤੇ ਪਰਚਾ
ਬਰਨਾਲਾ, (ਜਸਵੀਰ ਸਿੰਘ ਗਹਿਲ) ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਵਿਖੇ ਇੱਕ ਨੌਜਵਾਨ ਨਾਲ ਵਿਦੇਸ਼ ਜਾਣ ਦੇ ਚੱਕਰ ‘ਚ 25 ਲੱਖ ਰੁਪਏ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ‘ਚ ਪੁਲਿਸ ਨੇ 4 ਵਿਅਕਤੀਆਂ ‘ਤੇ ਪਰਚਾ ਦਰਜ਼ ਕਰਕੇ ਕਾਰਵਾਈ ਆਰੰÎਭ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਰੂੜੇਕੇ ਕਲਾਂ ਵਾਸੀ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ, ਜਿਸ ਕਾਰਨ ਉਸਨੇ ਇੱਕ ਗਰੀਬ ਪਰਿਵਾਰ ਦੀ ਲੜਕੀ ਨਾਲ ਵਿਆਹ ਕਰਵਾ ਲਿਆ ਜਿਸਨੂੰ ਉਸਨੇ ਆਈਲੈਟਸ ਕਰਵਾਇਆ ਅਤੇ ਵਿਆਹ ‘ਤੇ ਵੀ ਸਾਰਾ ਖ਼ਰਚਾ ਖ਼ੁਦ ਹੀ ਕੀਤਾ। ਇੱਥੋਂ ਤੱਕ ਕਿ ਵਿਦੇਸ਼ ਵਿੱਚ ਪੜ੍ਹਾਈ ਕਰਵਾਉਣ ਲਈ ਉਸਨੇ ਸਬੰਧਿਤ ਲੜਕੀ ਦੇ ਖਾਤੇ ‘ਚ 13 ਲੱਖ ਰੁਪਏ ਜਮਾਂ ਕਰਵਾ ਦਿੱਤੇ ਪਰ ਕਿਸੇ ਕਾਰਨ ਉਸਦਾ ਵੀਜ਼ਾ ਰਿਫ਼ਊਜ਼ ਹੋ ਗਿਆ। ਨੌਜਵਾਨ ਨੇ ਭਰੇ ਮਨ ਨਾਲ ਦੱਸਿਆ ਕਿ ਇਸ ਪਿੱਛੋਂ ਉਸਦੀ ਪਤਨੀ ਨੇ ਸਾਰਾ ਪੈਸਾ ਕਥਿੱਤ ਤੌਰ ‘ਤੇ ਆਪਣੇ ਅਕਾਊਂਟ ਤੋਂ ਕਢਵਾ ਲਿਆ ਤੇ ਘਰ ਦੇ ਗਹਿਣੇ ਅਤੇ ਹੋਰ ਜ਼ਰੂਰੀ ਕਾਗਜ਼, ਚਮਕੌਰ ਦਾ ਪਾਸਪੋਰਟ, ਉਸਦੇ ਸਾਈਨ ਕੀਤੇ ਹੋਏ ਖਾਲੀ ਚੈਕ ਲੈ ਕੇ ਆਪਣੀ ਮਾਂ ਨਾਲ ਫ਼ਰਾਰ ਹੋ ਗਈ।
ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨਾਲ ਅਜਿਹਾ ਹੋ ਜਾਵੇਗਾ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ। ਉਹਨਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੇ ਪੈਸੇ ਉਨਾਂ ਨੂੰ ਵਾਪਸ ਦਿਵਾਏ ਜਾਣ। ਕਾਰਵਾਈ ਸਬੰਧੀ ਸੰਪਰਕ ਕਰਨ ‘ਤੇ ਡੀਐਸਪੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਰੂੜੇਕੇ ਕਲਾਂ ਵਾਸੀ ਨੌਜਵਾਨ ਚਮਕੌਰ ਸਿੰਘ ਦੇ ਬਿਆਨ ਦੇ ਆਧਾਰ ‘ਤੇ 4 ਲੋਕਾਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ਼ ਕੀਤਾ ਗਿਆ ਹੈ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ