ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸਵੇਰੇ 3 ਵਜੇ ਵਿਜੀਲੈਂਸ ਦੀ ਟੀਮ ਵੱਲੋਂ ਕੀਤਾ ਗ੍ਰਿਫ਼ਤਾਰ

dhram shot

ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਸਵੇਰੇ 3 ਵਜੇ ਵਿਜੀਲੈਂਸ ਦੀ ਟੀਮ ਵੱਲੋਂ ਕੀਤਾ ਗ੍ਰਿਫ਼ਤਾਰ

(ਅਨਿਲ ਲੁਟਾਵਾ) ਅਮਲੋਹ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ’ਚ ਬਤੌਰ ਜੰਗਲਾਤ ਮੰਤਰੀ ਰਹਿ ਚੁੱਕੇ ਸਾਧੂ ਸਿੰਘ ਧਰਮਸੋਤ ਨੂੰ ਅੱਜ ਸਵੇਰੇ ਤਿੰਨ ਵਜੇ ਮੁਹਾਲੀ ਦੀ ਵਿਜੀਲੈਂਸ ਦੀ ਟੀਮ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰ ਕੇ ਮੁਹਾਲੀ ਵਿਚ ਵਿਜੀਲੈਂਸ ਦੇ ਦਫ਼ਤਰ ਪੁੱਛਗਿੱਛ ਲਈ ਲੈ ਗਈ। ਉਨ੍ਹਾਂ ਨਾਲ ਕਥਿਤ ਤੌਰ ’ਤੇ ਦੋ ਹੋਰ ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ’ਚ ਪੱਤਰਕਾਰ ਕਮਲਜੀਤ ਸਿੰਘ ਕਮਲ ਵਾਸੀ ਖੰਨਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਕੀ ਹੈ ਮਾਮਲਾ :

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਾਧੂ ਸਿੰਘ ਧਰਮਸੋਤ ’ਤੇ ਜੰਗਲਾਤ ਮੰਤਰੀ ਰਹਿੰਦਿਆਂ ਚੰਡੀਗੜ੍ਹ ਦੇ ਕੋਲ ਮੁਹਾਲੀ ਦੀ ਫੌਰੈੱਸਟ ਲੈਂਡ ’ਤੇ ਪਰਮਿਸ਼ਨ ਦੇਣ ਅਤੇ 25,000 ਤੋਂ ਵੱਧ ਦਰਖ਼ਤ ਕੱਟਣ ਬਦਲੇ ਰਿਸ਼ਵਤ ਲੈਣ ਤੇ ਹਜ਼ਾਰਾਂ ਹੀ ਦਰੱਖਤਾਂ ਵੇਚਣ ਦੇ ਦੋਸ਼ ਲੱਗੇ ਹਨ। ਵਿਜੀਲੈਂਸ ਬਿਊਰੋ ਨੇ 2 ਜੂਨ ਨੂੰ ਮੁਹਾਲੀ ਦੇ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰ ਅਮਨਪ੍ਰੀਤ ਸਿੰਘ ਬੈਂਸ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਸੀ। ਇਹ ਕਾਰਵਾਈ ਕੰਪਨੀ ਦੇ ਮਾਲਕ ਦਵਿੰਦਰ ਸਿੰਘ ਸੰਧੂ ਦੀ ਸ਼ਿਕਾਇਤ ’ਤੇ ਕੀਤੀ ਗਈ ਸੀ।

ਦੋਵਾਂ ਨੂੰ ਸੰਧੂ ਦੇ ਪ੍ਰਾਜੈਕਟਾਂ ਸਬੰਧੀ ਪੱਖ ਲੈਣ ਬਦਲੇ 2 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਡੀਐੱਫ਼ਓ ਅਤੇ ਠੇਕੇਦਾਰ ਵਿਰੁੱਧ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪਿਛਲੇ ਦਿਨੀਂ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ, ਜਿਸ ਦੇ ਆਧਾਰ ’ਤੇ ਤਾਜ਼ਾ ਮਾਮਲਾ ਦਰਜ ਕੀਤਾ ਗਿਆ। ਜਿਸ ਮਗਰੋਂ ਅਦਾਲਤ ਨੇ ਦੋਵਾਂ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ। ਜਿਸ ’ਚ ਹੁਣ ਖ਼ੁਲਾਸਾ ਹੋਇਆ ਹੈ ਕਿ ਸਾਧੂ ਸਿੰਘ ਧਰਮਸੋਤ ਨੇ ਵੀ ਰਿਸ਼ਵਤ ਲਈ ਹੈ।

ਵਿਜੀਲੈਂਸ ਬਿਊਰੋ ਨੇ ਮੁਹਾਲੀ ਦੇ ਡੀਐੱਫਓ ਮਾਮਲੇ ਵਿੱਚ ਫੜੇ ਗਏ ਠੇਕੇਦਾਰ ਹਰਮਿੰਦਰ ਸਿੰਘ ਹੈਮੀ ਤੋਂ ਪੁੱਛਗਿੱਛ ਦੌਰਾਨ ਪਤਾ ਲਗਾਇਆ ਕਿ ਜਦੋਂ ਸਾਧੂ ਸਿੰਘ ਧਰਮਸੋਤ ਮੰਤਰੀ ਸਨ ਤਾਂ ਜੰਗਲਾਤ ਵਿਭਾਗ ਵਿੱਚ ਦਲਾਲ ਪੈਸੇ ਦੇ ਕੇ ਸਭ ਕੁੱਝ ਕਰਵਾਉਂਦੇ ਸਨ। ਜੰਗਲਾਤ ਦੀ ਜ਼ਮੀਨ ’ਤੇ ਮਾਈਨਿੰਗ, ਦਰੱਖ਼ਤ ਕੱਟਣ ਦੀ ਇਜਾਜ਼ਤ, ਤਬਾਦਲਾ ਪੋਸਟਿੰਗ ਤੱਕ ਸਭ ਕੁੱਝ ਕੀਤਾ ਗਿਆ। ਵਿਜੀਲੈਂਸ ਨੇ ਦੋ ਹੋਰ ਦਲਾਲ ਵੀ ਕਾਬੂ ਕੀਤੇ ਹਨ। ਵਿਜੀਲੈਂਸ ਅਨੁਸਾਰ ਸ਼ਿਕਾਇਤਕਰਤਾ ਦਵਿੰਦਰ ਸੰਧੂ ਤੇ ਉਸ ਦਾ ਪਿਤਾ ਬੀ ਐੱਸ ਸੰਧੂ ਕਰੀਬ 100 ਏਕੜ ਜ਼ਮੀਨ ਦੇ ਮਾਲਕ ਹਨ ਅਤੇ ਇਸ ਜ਼ਮੀਨ ਦਾ ਕੁੱਝ ਹਿੱਸਾ ਪੰਜਾਬ ਲੈਂਡ ਪ੍ਰਿਜ਼ਰਵੇਸ਼ਨ ਐਕਟ ਅਧੀਨ ਆਉਂਦਾ ਹੈ।

ਵਣ ਰੇਂਜ ਅਫ਼ਸਰ ਰਣਜੋਧ ਸਿੰਘ ਵੱਲੋਂ ਬਲਜੀਤ ਸਿੰਘ ਸੰਧੂ ਖ਼ਿਲਾਫ਼ 24 ਅਪਰੈਲ ਨੂੰ ਥਾਣਾ ਨਵਾਂ ਗਰਾਂਓਂ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਦਵਿੰਦਰ ਸੰਧੂ, ਰਣਜੋਧ ਸਿੰਘ ਤੇ ਅਮਨ ਪਟਵਾਰੀ ਨੇ ਜੰਗਲਾਤ ਠੇਕੇਦਾਰ ਹਰਮਹਿੰਦਰ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿੱਚ ਮੁਲਾਕਾਤ ਕੀਤੀ, ਜਿੱਥੇ ਰਣਜੋਧ ਸਿੰਘ ਨੇ ਖ਼ੁਲਾਸਾ ਕੀਤਾ ਕਿ ਉਪਰੋਕਤ ਸ਼ਿਕਾਇਤ ਉਸ ਵੱਲੋਂ ਡੀਐੱਫ਼ਓ ਗੁਰ ਅਮਨਪ੍ਰੀਤ ਸਿੰਘ ਤੇ ਕੰਜ਼ਰਵੇਟਰ ਆਫ਼ ਫਾਰੈਸਟ (ਵਣਪਾਲ) ਵਿਸ਼ਾਲ ਚੌਹਾਨ ਦੇ ਕਹਿਣ ’ਤੇ ਕਰਵਾਈ ਗਈ ਹੈ।

ਜੰਗਲਾਤ ਠੇਕੇਦਾਰ ਨੇ ਦਵਿੰਦਰ ਸੰਧੂ ਨਾਲ ਟੈਲੀਫ਼ੋਨ ’ਤੇ ਸੰਪਰਕ ਕੀਤਾ ਅਤੇ ਉਸ ਨੂੰ ਬੀਤੀ 30 ਅਪਰੈਲ ਨੂੰ ਗੁਰ ਅਮਨਪ੍ਰੀਤ ਸਿੰਘ ਡੀਐੱਫ਼ਓ ਨੂੰ ਮਿਲਣ ਲਈ 2 ਲੱਖ ਰੁਪਏ ਦੇ ਇੱਕ ਪੈਕਟ ਸਣੇ ਸੈਕਟਰ-74 ਸਥਿਤ ਆਪਣੇ ਦਫ਼ਤਰ ਸੱਦਿਆ। ਇਸ ਪਿੱਛੋਂ ਦਵਿੰਦਰ ਸਿੰਘ ਸੰਧੂ, ਹਰਮਹਿੰਦਰ ਸਿੰਘ ਦੇ ਦਫ਼ਤਰ ਗਿਆ ਅਤੇ ਉਸ ਨੇ ਸਾਰੀ ਘਟਨਾ ਰਿਕਾਰਡ ਕਰ ਲਈ। ਠੇਕੇਦਾਰ ਨੇ ਦਵਿੰਦਰ ਸੰਧੂ ਨੂੰ ਕਿਹਾ ਕਿ ਜੇਕਰ ਉਸ ਨੇ ਫਾਰਮ ਹਾਊਸ ਤੋਂ ਇੱਕ ਕਰੋੜ ਰੁਪਏ ਕਮਾਏ ਹਨ ਤਾਂ ਉਸ ’ਚੋਂ 90 ਲੱਖ ਰੁਪਏ ਡੀਐੱਫ਼ਓ ਨੂੰ ਦੇਣੇ ਬਣਦੇ ਹਨ। ਠੇਕੇਦਾਰ ਦੇ ਕਹਿਣ ’ਤੇ ਦਵਿੰਦਰ ਸੰਧੂ ਨੇ 2 ਲੱਖ ਰੁਪਏ ਵਾਲਾ ਪੈਕਟ ਡੀਐੱਫ਼ਓ ਨੂੰ ਸੌਂਪ ਦਿੱਤਾ। ਸੰਧੂ ਨੇ ਉਨ੍ਹਾਂ ਦੀ ਮੰਗ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਸ਼ਿਕਾਇਤਕਰਤਾ ਦੇ ਪਿਤਾ ਤੇ ਉਸ ਦੀ ਕੰਪਨੀ ਦੇ ਕਰਮਚਾਰੀ ਖ਼ਿਲਾਫ਼ ਨਵਾਂ ਗਰਾਂਓਂ ਥਾਣੇ ਵਿੱਚ ਕੇਸ ਦਰਜ ਕਰਵਾ ਦਿੱਤਾ ਗਿਆ ਸੀ।

ਕਿਸ-ਕਿਸ ’ਤੇ ਹੋਈ ਕਰਵਾਈ

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਇਨ੍ਹਾਂ ਲੋਕਾਂ ਵਿਰੁੱਧ ਕੇਸ ਦਰਜ ਕੀਤੇ ਗਏ। ਅਮਿਤ ਚੌਹਾਨ, ਆਈ.ਐਫ.ਐੱਸ, ਗੁਰ ਅਮਨਪ੍ਰੀਤ ਸਿੰਘ ਵਣ ਮੰਡਲ ਅਫ਼ਸਰ ਮੋਹਾਲੀ ਅਤੇ ਦਿਲਪ੍ਰੀਤ ਸਿੰਘ ਵਣ ਗਾਰਡ, ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਜੰਗਲਾਤ ਵਿਭਾਗ, ਸੰਗਤ ਸਿੰਘ ਗਿਲਜੀਆ ਸਾਬਕਾ ਮੰਤਰੀ ਜੰਗਲਾਤ ਵਿਭਾਗ, ਚਮਕੌਰ ਸਿੰਘ ਓ.ਐੱਸ.ਡੀ. ਟੂ ਸਾਧੂ ਸਿੰਘ ਧਰਮਸੋਤ, ਕਮਲਜੀਤ ਸਿੰਘ ਵਾਸੀ ਖੰਨਾ, ਕੁਲਵਿੰਦਰ ਸਿੰਘ ਸ਼ੇਰਗਿੱਲ ਪੀ.ਏ. ਟੂ ਸੰਗਤ ਸਿੰਘ ਗਿਲਜੀਆ, ਸਚਿਨ ਕੁਮਾਰ ਨੇ ਜੁਰਮ ਦੀ ਧਾਰਾ ਅ/ਧ 7, 7ਏ, 13(1)(ਏ(2) ਪੀ.ਸੀ.ਐਕਟ 1988 ਐਜ ਅਮੈਂਡਿਡ ਬਾਏ ਪੀ.ਸੀ. (ਅਮੈਂਡਮੈਂਟ) ਐਕਟ 2018 ਅਤੇ 120 ਬੀ ਆਈ.ਪੀ.ਸੀ ਦਾ ਕੀਤਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here