ਨਸ਼ੇ ਦਾ ਟੀਕਾ ਲਾਉਣ ਨਾਲ ਸਾਬਕਾ ਕਬੱਡੀ ਖਿਡਾਰੀ ਦੀ ਮੌਤ

ਧੌਂਣ ’ਚ ਲੱਗੀ ਰਹਿ ਗਈ ਸਰਿੰਜ, ਲੋਕਾਂ ਨੇ ਕੱਢੀ

ਕਾਲਾ ਸ਼ਰਮਾ,  ਭਦੌੜ। ਪੁਲਿਸ ਪ੍ਰਸ਼ਾਸਨ ਦਾਅਵੇ ਕਰਦਾ ਰਹਿ ਜਾਂਦਾ ਹੈ ਕਿ ਉਹਨਾਂ ਨੇ ਨਸ਼ਾ ਤਸਕਰਾਂ ਦਾ ਲੱਕ ਤੋੜ ਦਿੱਤਾ ਹੈ। ਨਸ਼ੇ ਦੀ ਸਪਲਾਈ ਤੇ ਰੋਕ ਅਤੇ ਤਸਕਰਾਂ ਨਾਲ ਸਖ਼ਤੀ ਤੌਰ ਤੇ ਨਜਿੱਠਦੇ ਹਾਂ ਪਰ ਪੁਲਿਸ ਦੇ ਇਹਨਾਂ ਦਾਅਵਿਆ ਦੀ ਰੋਜ਼ਾਨਾ ਫੂਕ ਨਿਕਲ ਜਾਂਦੀ ਹੈ। ਤਾਜਾ ਮਾਮਲਾ ਕਸਬਾ ਭਦੌੜ ਤੋਂ ਸਾਹਮਣੇਂ ਆਇਆ ਜਿੱਥੇ ਨਸ਼ੇ ਦਾ ਇੰਜ਼ੈਕਸ਼ਨ ਲਗਾਉਂਣ ਨਾਲ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮਿ੍ਰਤਕ ਕਰਮ ਸਿੰਘ (27) ਪੁੱਤਰ ਬੂਟਾ ਸਿੰਘ ਦੇ ਭਰਾ ਧਰਮ ਸਿੰਘ ਤਲਵੰਡੀ ਰੋਡ ਵਾਰਡ ਨੰ 1 ਨੇ ਦੱਸਿਆ ਕਿ ਕਰਮ ਸਿੰਘ ਚੰਗਾ ਕਬੱਡੀ ਖਿਡਾਰੀ ਸੀ ਤੇ ਤਿੰਨ ਚਾਰ ਸਾਲ ਕਬੱਡੀ ਖ਼ੇਡ ਵਿੱਚ ਚੰਗੇ ਇਨਾਮ ਵੀ ਜਿੱਤ ਚੁੱਕਿਆ ਸੀ ਪਰ ਪਿਛਲੇ ਕੁੱਝ ਸਮੇਂ ਤੋਂ ਨਸ਼ਿਆਂ ਦੀ ਦਲਦਲ ’ਚ ਧਸਦਾ ਚਲਾ ਗਿਆ। ਅੱਜ ਦੁਪਹਿਰ ਵੇਲੇ ਸਵਾ ਕੁ ਬਾਰ੍ਹਾਂ ਵਜੇ ਫੋਨ ਆਇਆ ਕਿ ਕਰਮ ਸਿੰਘ ਤਲਵੰਡੀ ਰੋਡ ਤੇ ਕੱਸੀ ਦੇ ਉੱਤੇ ਨਸ਼ੇ ਦਾ ਟੀਕਾ ਲਾ ਕੇ ਡਿੱਗ ਪਿਆ। ਕਰਮ ਸਿੰਘ ਨੂੰ ਡਿਗਦਾ ਦੇਖ਼ ਝੋਨਾ ਲਾ ਰਹੀਆਂ ਔਰਤਾਂ ਉਸ ਕੋਲ ਗਈਆਂ ਤੇ ਧੌਂਣ ’ਚ ਲੱਗੀ ਸਰਿੰਜ ਕੱਢ ਦਿੱਤੀ। ਜਦ ਤੱਕ ਪਰਿਵਾਰਕ ਮੈਂਬਰ ਪਹੁੰਚੇ ਤਾਂ ਕਰਮ ਸਿੰਘ ਦੀ ਮੌਤ ਹੋ ਚੁੱਕੀ ਸੀ।

ਸ਼ਾਸਨ ਤੋਂ ਮੰਗ ਕਿ ਚਿੱਟੇ ਦੇ ਤਸਕਰਾਂ ਖਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇ

ਪਰਿਵਾਰਕ ਮੈਂਬਰਾਂ ਨੇ ਕਾਨੂੰਨੀ ਝਮੇਲੇ ’ਚ ਪੈਣ ਤੋਂ ਡਰਦਿਆਂ ਛੇਤੀ ਨਾਲ ਸਸਕਾਰ ਵੀ ਕਰ ਦਿੱਤਾ। ਧਰਮ ਸਿੰਘ ਨੇ ਦੱਸਿਆ ਕਿ ਕਰਮ ਸਿੰਘ ਦੇ ਮੋਬਾਇਲ ਤੋਂ ਪੜਤਾਲ ਕੀਤੀ ਜਾ ਰਹੀ ਕਿ ਇਹ ਕਿਸ ਕੋਲੋਂ ਚਿੱਟਾ ਲਿਆਉਂਦਾ ਸੀ। ਧਰਮ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵੀ ਕਰਮ ਸਿੰਘ ਬਾਥਰੂਮ ’ਚ ਨਸ਼ੇ ਦਾ ਟੀਕਾ ਲਾਉਂਦੇ ਬੇਸੁਧ ਹੋ ਡਿੱਗ ਪਿਆ ਸੀ ਤੇ ਜਿਸ ਨੂੰ ਅਸੀਂ ਬਾਹਰ ਕੱਢ ਜਾਨ ਬਚਾਈ ਸੀ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚਿੱਟੇ ਦੇ ਤਸਕਰਾਂ ਖਿਲਾਫ਼ ਸਖ਼ਤੀ ਨਾਲ ਨਜਿੱਠਿਆ ਜਾਵੇ।

ਇਸ ਸਬੰਧੀ ਗੱਲ ਕਰਨ ’ਤੇ ਐਸਐਚਓ ਮਨੀਸ਼ ਕੁਮਾਰ ਨੇ ਦੱਸਿਆ ਕਿ ਉਕਤ ਨੌਜਵਾਨ ਦੀ ਮੌਤ ਸਬੰਧੀ ਕੋਈ ਸੂਚਨਾ ਨਹੀਂ ਆਈ ਪਰ ਫਿਰ ਵੀ ਅਸੀਂ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤੀ ਨਾਲ ਨਜਿੱਠਦੇ ਆ ਰਹੇ ਹਾਂ ਤੇ ਜੋ ਨਸ਼ੇ ਨਾਲ ਗ੍ਰਸਤ ਨੌਜਵਾਨ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਅਪੀਲ ਕਰ ਚੁੱਕੇ ਹਾਂ ਕਿ ਜੇ ਤੁਸੀਂ ਨਹੀਂ ਇਲਾਜ ਕਰਵਾ ਸਕਦੇ ਤਾਂ ਅਸੀਂ ਕਰਵਾ ਦਿੰਦੇ ਹਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।