ਸਾਬਕਾ ਹਲਕਾ ਇੰਚਾਰਜ਼ ਤੇ ਸਾਬਕਾ ਸੂਬਾਈ ਆਗੂ ਵੱਲੋਂ ਬਸਪਾ ਦੇ ਸੂਬਾ ਪ੍ਰਧਾਨ ’ਤੇ ਜਾਅਲੀ ਅਹੁਦੇਦਾਰੀਆਂ ਵੰਡਣ ਦੇ ਦੋਸ਼
ਕਿਹਾ, ਮਾਇਆਵਤੀ ਨੇ ਪੰਜਾਬ ਵਿੱਚ ਸਿਰਫ਼ 14 ਤੇ ਸੂਬਾ ਪ੍ਰਧਾਨ ਗੜੀ ਨੇ ਵੰਡੇ 45 ਦੇ ਕਰੀਬ ਅਹੁਦੇ
ਜਸਵੰਤ ਸਿੰਘ ਲਾਲੀ, ਮਹਿਲ ਕਲਾਂ। ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ, ਕਿਉਂਕਿ ਹੋਪ ਫ਼ਾਰ ਮਹਿਲ ਕਲਾਂ ਦੇ ਇੰਚਾਰਜ ਅਤੇ ਬਸਪਾ ਦੇ ਸਾਬਕਾ ਹਲਕਾ ਇੰਚਾਰਜ ਮਹਿਲ ਕਲਾਂ ਕੁਲਵੰਤ ਸਿੰਘ ਟਿੱਬਾ ਵੱਲੋਂ ਚੋਣ ਕਮਿਸ਼ਨ ਰਾਹੀਂ ਬਸਪਾ ਸੁਪਰੀਮੋ ਮਾਇਆਵਤੀ ਤੋਂ ਆਰਟੀਆਈ ਰਾਹੀਂ ਪ੍ਰਾਪਤ ਕੀਤੀ ਦਸਤਾਵੇਜੀ ਸੂਚਨਾ ਅਨੁਸਾਰ ਬਸਪਾ ਦੀ ਪੰਜਾਬ ਕਮੇਟੀ ਵਿੱਚ ਡੰਮੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੀ ਪੋਲ ਖੋਲ੍ਹੀ ਹੈ।
ਇਸ ਸਬੰਧੀ ਪ੍ਰੈਸ ਕਾਨਫ਼ਰੰਸ ਦੌਰਾਨ ਖੁਲਾਸਾ ਕਰਦਿਆਂ ਕੁਲਵੰਤ ਸਿੰਘ ਟਿੱਬਾ ਅਤੇ ਬਸਪਾ ਦੇ ਸਾਬਕਾ ਸੂਬਾਈ ਆਗੂ ਡਾ. ਮੱਖਣ ਸਿੰਘ ਸੰਗਰੂਰ ਨੇ ਦੱਸਿਆ ਕਿ ਕੌਮੀ ਚੋਣ ਕਮਿਸ਼ਨ, ਨਵੀਂ ਦਿੱਲੀ ਤੋਂ ਪੰਜਾਬ ਬਸਪਾ ਦੀ ਸਟੇਟ ਕਮੇਟੀ ਬਾਰੇ ਸੂਚਨਾ ਦੀ ਮੰਗ ਕੀਤੀ ਗਈ ਸੀ ਜਿਸ ਬਾਰੇ ਚੋਣ ਕਮਿਸ਼ਨ ਨੇ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੂੰ ਚਿੱਠੀ ਲਿਖ ਕੇ ਇਹ ਜਾਣਕਾਰੀ ਮੁਹੱਈਆ ਕਰਵਾਉਣ ਬਾਰੇ ਕਿਹਾ ਸੀ। ਆਗੂਆਂ ਨੇ ਦੱਸਿਆ ਕਿ ਚੋਣ ਕਮਿਸ਼ਨ ਦੀ ਚਿੱਠੀ ਦੇ ਜਵਾਬ ਵਿੱਚ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਵੱਲੋਂ ਭੇਜੀ ਗਈ ਸੂਚਨਾ ਅਨੁਸਾਰ ਪੰਜਾਬ ਵਿੱਚ ਪ੍ਰਧਾਨ ਸਮੇਤ ਸਿਰਫ਼ 14 ਮੈਂਬਰੀ ਸਟੇਟ ਕਮੇਟੀ ਬਣੀ ਹੋਈ, ਜਿਸ ਦੀ ਸੂਚੀ ਵੀ ਬਸਪਾ ਹਾਈਕਮਾਂਡ ਵੱਲੋਂ ਭੇਜੀ ਗਈ ਹੈ ਪਰ ਦੂਜੇ ਪਾਸੇ ਪੰਜਾਬ ਅੰਦਰ ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਅਤੇ ਬਸਪਾ ਦੇ ਸਟੇਟ ਇੰਚਾਰਜ ਰਣਵੀਰ ਸਿੰਘ ਬੈਨੀਵਾਲ ਵੱਲੋਂ ਜਾਅਲੀ ਨਿਯੁਕਤੀਆਂ ਕਰਕੇ ਬਸਪਾ ਦੀ ਕੇਂਦਰੀ ਹਾਈ ਕਮਾਂਡ ਨੂੰ ਵੀ ਗੁੰਮਰਾਹ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬਸਪਾ ਸੁਪਰੀਮੋ ਮਾਇਆਵਤੀ ਵੱਲੋਂ ਭੇਜੀ ਗਈ ਲਿਸਟ ਅਨੁਸਾਰ ਪੰਜਾਬ ਬਸਪਾ ਬਾਡੀ ਦੇ ਪ੍ਰਧਾਨ ਜਸਬੀਰ ਸਿੰਘ ਗੜੀ, ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ, ਜਨਰਲ ਸਕੱਤਰ ਡਾ ਨਛੱਤਰਪਾਲ, ਡਾ ਮੱਖਣ ਸਿੰਘ, ਭਗਵਾਨ ਦਾਸ, ਛਵਿੰਦਰ ਸਿੰਘ ਛੱਜਲਵੱਡੀ, ਨਿਰਮਲ ਸਿੰਘ ਸੁਮਨ, ਸਕੱਤਰ ਡਾ ਜਸਪ੍ਰੀਤ ਸਿੰਘ, ਤੀਰਥ ਰਾਜਪੁਰਾ, ਗੁਰਮੇਲ ਸਿੰਘ, ਜਗਦੀਪ ਸਿੰਘ ਗੋਗੀ ਖਜਾਨਚੀ ਪਰਮਜੀਤ ਮੱਲ ਅਤੇ ਸਟੇਟ ਕਮੇਟੀ ਮੈਂਬਰ ਰੋਹਿਤ ਖੋਖਰ ਤੇ ਹੰਸ ਰਾਜ ਸੇਵੜਾ ਦੇ ਨਾਂਅ ਸ਼ਾਮਿਲ ਹਨ। ਡਾ. ਮੱਖਣ ਸਿੰਘ ਨੇ ਕਿਹਾ ਕਿ ਆਰਟੀਆਈ ਅਨੁਸਾਰ ਇੱਕ ਸੂਬਾ ਮੀਤ ਪ੍ਰਧਾਨ, 16 ਸੂਬਾ ਜਨਰਲ ਸਕੱਤਰ, 15 ਸੂਬਾ ਸਕੱਤਰ ਡੰਮੀ ਨਿਯੁਕਤ ਕਰਕੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਵੱਲੋਂ ਕੇਂਦਰੀ ਹਾਈਕਮਾਂਡ ਤੇ ਭੈਣ ਕੁਮਾਰੀ ਮਾਇਆਵਤੀ ਨੂੰ ਗੁੰਮਰਾਹ ਕਰਕੇ ਵਰਕਰਾਂ ਦੀਆਂ ਭਾਵਨਾਵਾਂ ਨਾਲ ਖੇਡਿਆ ਜਾ ਰਿਹਾ ਹੈ।
ਬਸਪਾ ਦੇ ਸਾਬਕਾ ਸੂਬਾਈ ਆਗੂ ਡਾ. ਮੱਖਣ ਸਿੰਘ ਨੇ ਦੋਸ਼ ਲਗਾਇਆ ਕਿ ਪ੍ਰਧਾਨ ਗੜੀ ਬਸਪਾ ਦੀ ਕੇਂਦਰੀ ਹਾਈ ਕਮਾਂਡ ਨੂੰ ਗੁੰਮਰਾਹ ਕਰਕੇ ਜਾਅਲੀ ਨਿਯੁਕਤੀਆਂ ਕਰ ਰਿਹਾ ਹੈ ਤਾਂ ਆਮ ਲੋਕਾਂ ਅਤੇ ਆਗੂਆਂ ਨੂੰ ਗੁੰਮਰਾਹ ਕਰਨਾ ਕਿੰਨਾ ਕੁ ਔਖਾ ਕੰਮ ਹੈ। ਉਹਨਾਂ ਵੱਲੋਂ ਬਸਪਾ ਸੁਪਰੀਮੋ ਮਾਇਆਵਤੀ ਤੋਂ ਪ੍ਰਾਪਤ ਕਰਕੇ ਭੇਜੀ ਸੂਚਨਾ ਅਨੁਸਾਰ ਪੰਜਾਬ ਵਿੱਚ ਬਸਪਾ ਦੇ ਸੰਵਿਧਾਨ ਮੁਤਾਬਿਕ ਸਿਰਫ਼ 14 ਮੈਂਬਰੀ ਸਟੇਟ ਕਮੇਟੀ ਬਣੀ ਹੋਈ ਹੈ ਜਦਕਿ ਸੂਬਾ ਪ੍ਰਧਾਨ ਗੜੀ ਨੇ ਕੇਂਦਰੀ ਹਾਈ ਕਮਾਂਡ ਨੂੰ ਗੁੰਮਰਾਹ ਕਰਕੇ ਪੰਜਾਬ ਅੰਦਰ ਕਰੀਬ 45 ਅਹੁਦੇਦਾਰ ਨਿਯੁਕਤ ਕਰ ਦਿੱਤੇ ਹਨ।
ਇਸ ਸਬੰਧੀ ਸੰਪਰਕ ਕਰਨ ’ਤੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਪਾਰਟੀ ਦੇ ਸੁਪਰੀਮੋ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਪੰਜਾਬ ਵਿੱਚ ਅਹੁਦੇਦਾਰੀਆਂ ਦੀ ਵੰਡ ਕੀਤੀ ਗਈ ਹੈ। ਪੰਜਾਬ ’ਚ ਜੋ ਵੀ ਆਹੁਦੇਦਾਰ ਲਗਾਏ ਗਏ ਹਨ ਬਿਲਕੁਲ ਸਹੀ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ