‘ਕੇਂਦਰ ਸਰਕਾਰ ਆਮ ਲੋਕਾਂ ਦੀ ਨਹੀਂ, ਅੰਬਾਨੀ ਤੇ ਅਡਾਨੀ ਦੀ ਸਰਕਾਰ ਹੈ’
ਸੰਗਰੂਰ/ਭਵਾਨੀਗੜ੍ਹ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਵਿਜੈ ਸਿੰਗਲਾ) ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ 6 ਸਾਲ ਤੋਂ ਵੱਡੇ ਵਪਾਰੀਆਂ ਦੇ ਹਿੱਤਾਂ ਨੂੰ ਪੂਰਾ ਕਰਕੇ ਆਮ ਲੋਕਾਂ ਦਾ ਗਲ ਘੋਟ ਰਹੀ ਹੈ ਨੋਟਬੰਦੀ, ਜੀਐਸਟੀ ਤੋਂ ਬਾਅਦ ਹੁਣ ਲਿਆਂਦੇ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਕਾਰਨ ਛੋਟੇ ਕਿਸਾਨ ਤੇ ਮਜ਼ਦੂਰ ਖਤਮ ਹੋ ਜਾਣਗੇ ਇਹ ਪ੍ਰਗਟਾਵਾ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੰਗਰੂਰ ਤੇ ਭਵਾਨੀਗੜ੍ਹ ਵਿਖੇ ਖੇਤੀ ਕਾਨੂੰਨਾਂ ਦੇ ਖਿਲਾਫ਼ ਕੀਤੀਆਂ ਰੈਲੀਆਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕੀਤਾ ਅੱਜ ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ, ਦੀਪਿੰਦਰ ਹੁੱਡਾ ਆਦਿ ਕਾਂਗਰਸੀ ਆਗੂ ਮੌਜ਼ੂਦ ਸਨ
ਸੰਗਰੂਰ ਦੇ ਬਰਨਾਲਾ ਚੌਕ ਵਿਖੇ ਕਾਂਗਰਸੀਆਂ ਦੀ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨਵੇਂ ਕਾਨੂੰਨਾਂ ਰਾਹੀਂ ਮੰਡੀਕਰਨ ਢਾਂਚਾ ਅਤੇ ਘੱਟੋ-ਘੱਟ ਸਮਰਥਨ ਪ੍ਰਣਾਲੀ (ਐਮ.ਐਸ.ਪੀ.) ਨੂੰ ਖਤਮ ਕਰਨ ਦੀਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵੇਂ ਪ੍ਰਣਾਲੀਆਂ ਨੂੰ ਭਾਰਤ ਦੇ ਖੇਤੀਬਾੜੀ ਸੈਕਟਰ ਦੀ ਦੀਵਾਰ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਨ੍ਹਾਂ ਕਾਨੂੰਨਾਂ ਰਾਹੀਂ ਕਿਸਾਨਾਂ ਦਾ ਲੱਕ ਤੋੜਨ ਵਿੱਚ ਸਫਲ ਹੋ ਜਾਂਦੀ ਹੈ ਤਾਂ ਸਮੁੱਚਾ ਮੁਲਕ ਅੰਬਾਨੀ ਅਤੇ ਅਡਾਨੀ ਵਰਗੇ ਉਦਯੋਗਪਤੀਆਂ ਦਾ ਗੁਲਾਮ ਹੋ ਜਾਵੇਗਾ।
ਉਨ੍ਹਾਂ ਨੇ ਲੋਕਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਭਾਰਤ ਨਾਲ ਉਹੋ ਕੁਝ ਹੀ ਕਰ ਰਹੀ ਹੈ ਜੋ ਕੁਝ ਬਰਤਾਨੀਆ ਦੀ ਈਸਟ ਇੰਡੀਆ ਕੰਪਨੀ ਨੇ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਹੜੀ ਵਸਤ ਲਈ ਲੋਕ ਹੁਣ 10 ਰੁਪਏ ਅਦਾ ਕਰ ਰਹੇ ਹਨ, ਉਹੀ ਵਸਤ ਕਾਰਪੋਰੇਟ ਰਾਜ ਵਿੱਚ 50 ਰੁਪਏ ਦੀ ਮਿਲਿਆ ਕਰੇਗੀ। ਰਾਹੁਲ ਗਾਂਧੀ ਨੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਬਾਨੀ ਅਤੇ ਅਡਾਨੀ ਵਰਗੇ ਵਪਾਰੀ ਖੇਤੀ ਸੈਕਟਰ ਦੇ ਕਾਰਜਾਂ ਲਈ ਮਜ਼ਦੂਰਾਂ ਦੀ ਵਰਤੋਂ ਨਹੀਂ ਕਰਨਗੇ ਸਗੋਂ ਇਸ ਦੀ ਬਜਾਏ ਮਸ਼ੀਨਾਂ ਤੋਂ ਕੰਮ ਲੈਣਗੇ ਜਿਸ ਨਾਲ ਲੱਖਾਂ ਲੋਕ ਰੋਜ਼ਗਾਰ ਤੋਂ ਵਾਂਝੇ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਨਵੀਂ ਪ੍ਰਣਾਲੀ ਤਹਿਤ ਕਿਸਾਨਾਂ ਨੂੰ ਇਨ੍ਹਾਂ ਉਦਯੋਗਪਤੀਆਂ ਨਾਲ ਸੌਦੇਬਾਜ਼ੀ ਕਰਨ ਲਈ ਮਜਬੂਰ ਕਰ ਦਿੱਤਾ ਜਾਵੇਗਾ ਅਤੇ ਇੱਥੋਂ ਤੱਕ ਕਿ ਸੂਬੇ ਦਾ ਪ੍ਰਸ਼ਾਸਨ ਅਤੇ ਪੁਲਿਸ ਵੀ ਇਨ੍ਹਾਂ ਦੀ ਮੱਦਦ ਕਰਨ ਦੇ ਯੋਗ ਨਹੀਂ ਰਹੇਗਾ। ਰਾਹੁਲ ਗਾਂਧੀ ਨੇ ਚਿਤਾਵਨੀ ਦਿੱਤੀ ਕਿ ਇਨ੍ਹਾਂ ਤਿੰਨੇ ਕਾਨੂੰਨਾਂ ਨਾਲ ਕੇਂਦਰ ਸਰਕਾਰ ਦੇ ਕਿਸਾਨਾਂ ਉਪਰ ਮਾਰੂ ਹਮਲੇ ਨਾਲ ਸਮੁੱਚਾ ਮੁਲਕ ਤਬਾਹੀ ਦੇ ਕੰਢੇ ‘ਤੇ ਪਹੁੰਚ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅਧੀਨਗੀ ਵਾਲੇ ਅਜਿਹੇ ਕਦਮਾਂ ਤੋਂ ਡਰਨ ਵਾਲੇ ਨਹੀਂ ਹਨ। ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਾਂਗਰਸੀ ਨੇਤਾ ਨੇ ਕਿਹਾ ਕਿ ਕੋਵਿਡ ਦਾ ਸਾਹਮਣਾ ਕਰਦੇ ਹੋਏ ਪੰਜਾਬ ਅਤੇ ਮੁਲਕ ਦੇ ਬਾਕੀ ਹਿੱਸਿਆਂ ਵਿੱਚ ਕਿਸਾਨ ਆਪਣੇ ਹੱਕਾਂ ਦੀ ਖਾਤਰ ਸੜਕਾਂ ‘ਤੇ ਉਤਰ ਕੇ ਆਵਾਜ਼ ਬੁਲੰਦ ਕਰਨਗੇ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੇ ਸੰਬੋਧਨ ਵਿੱਚ ਕੇਂਦਰ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਇਹ ਸਰਕਾਰ ਕਿਸਾਨ-ਆੜ੍ਹਤੀ ਦਰਮਿਆਨ ਪਰਖੇ ਹੋਏ ਰਿਸ਼ਤੇ ਨੂੰ ਖੇਰੂੰ-ਖੇਰੂੰ ਕਰਕੇ ਖੇਤੀਬਾੜੀ ਨੂੰ ਅਡਾਨੀ ਅਤੇ ਅੰਬਾਨੀ ਵਰਗੇ ਵੱਡੇ ਕਾਰਪੋਰੇਟਾਂ ਦੇ ਹੱਥਾਂ ਵਿੱਚ ਦੇਣ ‘ਤੇ ਤੁਲੀ ਹੋਈ ਹੈ। ਮੁੱਖ ਮੰਤਰੀ ਨੇ ਕਿਸਾਨਾਂ ਨੂੰ ਮੁਖਾਤਬ ਹੁੰਦਿਆਂ ਕਿਹਾ, ”ਕੀ ਤੁਸੀਂ ਲੋੜ ਪੈਣ ‘ਤੇ ਮੱਦਦ ਮੰਗਣ ਲਈ ਅੰਡਾਨੀ ਅਤੇ ਅੰਬਾਨੀ ਵਰਗਿਆ ਕੋਲ ਜਾਵੋਗੇ ਜਦਕਿ ਹੁਣ ਤਾਂ ਤੁਸੀਂ ਆੜ੍ਹਤੀਏ ਕੋਲ ਚਲੇ ਜਾਂਦੇ ਹੋ?
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਹਰੇਕ ਵਾਅਦੇ ਤੋਂ ਪਿੱਠ ਵਿਖਾਈ ਹੈ, ਚਾਹੇ ਉਹ ਜੀ.ਐਸ.ਟੀ ਦਾ ਸੰਵਿਧਾਨਕ ਵਾਅਦਾ ਹੋਵੇ ਜਾਂ ਫਿਰ ਰੁਜ਼ਗਾਰ ਜਾਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਹੋਵੇ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਮਹੀਨਿਆਂ ਤੋਂ ਪੰਜਾਬ ਨੂੰ ਜੀ.ਐਸ.ਟੀ ਵਿੱਚੋਂ ਆਪਣਾ ਹਿੱਸਾ ਹੀ ਨਹੀਂ ਮਿਲਿਆ ਜਿਸ ਨਾਲ ਸੂਬੇ ਨੂੰ ਕੋਵਿਡ ਦੇ ਸੰਕਟ ਦੇ ਪ੍ਰਬੰਧਨ ਲਈ ਜੱਦੋ-ਜਹਿਦ ਕਰਨੀ ਪੈ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਆਖਰੀ ਦਮ ਤੱਕ ਕਿਸਾਨਾਂ ਦੀ ਲੜਾਈ ਲੜੇਗੀ।
ਮੁੱਖ ਮੰਤਰੀ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਬਣਨ ‘ਤੇ ਤੁਰੰਤ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰ ਦੇਣ। ਇਨ੍ਹਾਂ ਕਾਨੂੰਨਾਂ ਨਾਲ ਮੰਡੀਆਂ ਦੇ ਬੰਦ ਹੋ ਜਾਣ ਤੋਂ ਸਾਵਧਾਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੇਂਦਰ ਨੂੰ ਅਜਿਹਾ ਹਰਗਿਜ਼ ਨਹੀਂ ਕਰਨ ਦੇਵੇਗੀ ਅਤੇ ਇਸ ਲਈ ਜੋ ਵੀ ਕਦਮ ਚੁੱਕਣੇ ਪਏ, ਚੁੱਕੇਗੀ ਭਾਵੇਂ ਇਨ੍ਹਾਂ ਕਾਨੂੰਨਾਂ ਖਿਲਾਫ ਵਿਧਾਨ ਸਭਾ ਦਾ ਇਜਲਾਸ ਬੁਲਾਉਣਾ ਪਵੇ ਅਤੇ ਜਾਂ ਫਿਰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਵੇ।
ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ, ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਵਿਜੇ ਇੰਦਰ ਸਿੰਗਲਾ ਨੇ ਵੀ ਸੰਬੋਧਨ ਕੀਤਾ। ਇਸ ਤੋਂ ਇਲਾਵਾ ਇਸ ਸਮਾਗਮ ਵਿਚ ਪੰਜਾਬ ਮਾਮਲਿਆਂ ਦੇ ਏ.ਆਈ.ਸੀ.ਸੀ ਜਨਰਲ ਸਕੱਤਰ ਇੰਚਾਰਜ ਹਰੀਸ਼ ਰਾਵਤ, ਹਰਿਆਣਾ ਕਾਂਗਰਸੀ ਆਗੂ ਦੀਪੇਂਦਰ ਹੁੱਡਾ ਨੇ ਵੀ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਧੂਰੀ ਤੋਂ ਵਿਧਾਇਕ ਦਲਵੀਰ ਸਿੰਘ ਗੋਲਡੀ ਨਾਲ ਸਟੇਜ ਕਾਰਵਾਈ ਸਾਂਝੀ ਕੀਤੀ।
ਇਸ ਮੌਕੇ ਕਾਂਝਲਾ ਪਿੰਡ ਤੋਂ 4 ਏਕੜ ਜ਼ਮੀਨ ਦਾ ਮਾਲਕ ਕਿਸਾਨ ਮੁਖਤਿਆਰ ਸਿੰਘ ਵੀ ਆਇਆ ਅਤੇ ਉਸ ਨੇ ਮੁੱਖ ਮੰਤਰੀ ਅਤੇ ਹੋਰਨਾਂ ਆਗੂਆਂ ਨੂੰ ਆਪਣੇ ਦੁੱਖ ਅਤੇ ਦਰਪੇਸ਼ ਮੁਸ਼ਕਲਾਂ ਦੀ ਕਹਾਣੀ ਸੁਣਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਗਲਾ, ਐਡਵੋਕੇਟ ਗੁਰਤੇਜ ਸਿੰਘ ਗਰੇਵਾਲ, ਐਡਵੋਕੇਟ ਪ੍ਰਵੀਨ ਸ਼ਰਮਾ, ਬੀਬੀ ਬਲਵੀਰ ਕੌਰ ਸੈਣੀ, ਸੰਜੀਵ ਬਾਂਸਲ, ਰੌਕੀ ਬਾਂਸਲ, ਮਹੇਸ਼ ਕੁਮਾਰ ਮੇਸ਼ੀ ਆਦਿ ਕਾਂਗਰਸੀ ਹਾਜਰ ਸਨ
ਨਵਜੋਤ ਸਿੰਘ ਸਿੱਧੂ ਰਹੇ ਗੈਰ ਹਾਜ਼ਰ
ਸੰਗਰੂਰ : ਅੱਜ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੇ ਦੂਜੇ ਦਿਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਰੈਲੀ ਵਿੱਚ ਨਹੀਂ ਪੁੱਜੇ ਉਨ੍ਹਾਂ ਦੀ ਗੈਰ ਹਾਜ਼ਰੀ ਸਬੰਧੀ ਰੈਲੀ ਵਿੱਚ ਆਏ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਗੱਲਾਂ ਕੀਤੀਆਂ ਜਾ ਰਹੀਆਂ ਸਨ ਸਿੱਧੂ ਦੀ ਗੈਰ ਹਾਜ਼ਰੀ ਨੇ ਇੱਕ ਵਾਰ ਫਿਰ ਕਾਂਗਰਸ ਵਿੱਚ ਧੜੇਬੰਦੀ ਉੱਭਰੀ ਹੈ ਕਿਉਂਕਿ ਬੀਤੇ ਦਿਨੀਂ ਮੋਗਾ ਰੈਲੀ ਦੌਰਾਨ ਟਰੈਕਟਰ ਤੇ ਬੈਠਣ ਸਮੇਂ ਨਵਜੋਤ ਸਿੱਧੂ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਦਿਖਾਈ ਗਈ ਸਖ਼ਤ ਨਰਾਜ਼ਗੀ ਕਾਰਨ ਉਨ੍ਹਾਂ ਅੱਜ ਸੰਗਰੂਰ ਰੈਲੀ ਵਿੱਚ ਸ਼ਾਮਿਲ ਨਹੀਂ ਹੋਏ
ਰਾਹੁਲ ਗਾਂਧੀ ਨੇ ਵਿਧਾਇਕ ਗੋਲਡੀ ਨੂੰ ਮਾਸਕ ਪਾਉਣ ਲਈ ਸਟੇਜ ਤੇ ਦਿੱਤੀ ਨਸੀਹਤ
ਕਾਂਗਰਸ ਦੀ ਸਮੁੱਚੀ ਰੈਲੀ ਵਿੱਚ ਕੋਰੋਨਾ ਤੋਂ ਬਚਣ ਲਈ ਅਪਣਾਈ ਸਮਾਜਿਕ ਦੂਰੀ ਅਤੇ ਮਾਸਕ ਪਾਉਣ ਦੇ ਨਿਯਮਾਂ ਦੀਆਂ ਧੱਜੀਆਂ ਉੱਡੀਆਂ ਰੈਲੀ ਵਿੱਚ ਸ਼ਾਮਿਲ ਹੋਣ ਵਾਲੇ ਕਿਸੇ ਵੀ ਆਗੂ ਜਾਂ ਆਮ ਲੋਕਾਂ ਵੱਲੋਂ ਮਾਸਕ ਦੀ ਵਰਤੋਂ ਨਹੀਂ ਕੀਤੀ ਗਈ ਅਤੇ ਨਾ ਹੀ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਹੋਈ ਇਸੇ ਤਰ੍ਹਾਂ ਜਦੋਂ ਹਲਕਾ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਜਿਹੜੇ ਪਿਛਲੇ ਦਿਨੀਂ ਕੋਰੋਨਾ ਬਿਮਾਰੀ ਤੋਂ ਤੰਦਰੁਸਤ ਹੋਏ ਹਨ, ਨੂੰ ਰਾਹੁਲ ਗਾਂਧੀ ਨੇ ਸਟੇਜ ਤੋਂ ਹੀ ਤੁਰੰਤ ਮਾਸਕ ਪਾਉਣ ਦੀ ਨਸੀਹਤ ਦਿੱਤੀ ਅਤੇ ਮਾਸਕ ਨਾ ਹੋਣ ਕਾਰਨ ਗੋਲਡੀ ਨੂੰ ਆਪਣੇ ਪਰਨੇ ਨਾਲ ਮੂੰਹ ਢਕ ਕੇ ਕੰਮ ਚਲਾਉਣਾ ਪਿਆ
ਦੋ ਘੰਟੇ ਲੇਟ ਪੁੱਜੇ ਰਾਹੁਲ ਗਾਂਧੀ
ਸੰਗਰੂਰ ਵਿਖੇ ਬਰਨਾਲਾ ਚੌਕ ਵਿੱਚ ਰੈਲੀ ਲਈ ਸਵੇਰੇ ਦਸ ਵਜੇ ਦਾ ਸਮਾਂ ਨਿਯੁਕਤ ਕੀਤਾ ਗਿਆ ਸੀ ਜਦੋਂ ਕਿ ਮੀਡੀਆ ਨੂੰ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਰਾਹੁਲ ਗਾਂਧੀ 12 ਵਜੇ ਦੇ ਕਰੀਬ ਸਟੇਜ ਤੇ ਪਹੁੰਚੇ ਜਿਸ ਕਾਰਨ ਵੱਡੀ ਗਿਣਤੀ ਲੋਕਾਂ ਨੂੰ ਧੁੱਪ ਵਿੱਚ ਕਈ ਘੰਟੇ ਖੜ੍ਹੇ ਹੋਣਾ ਪਿਆ ਲੋਕਾਂ ਵਿੱਚ ਇਹ ਚਰਚਾ ਵੀ ਸੁਣਨ ਨੂੰ ਮਿਲੀ ਕਿ ਇਕੱਠ ਜ਼ਿਆਦਾ ਨਾ ਹੋਣ ਕਾਰਨ ਰਾਹੁਲ ਗਾਂਧੀ ਨੂੰ ਦੇਰੀ ਨਾਲ ਸਟੇਜ ਤੇ ਲਿਆਂਦਾ ਗਿਆ
ਰਾਹੁਲ ਗਾਂਧੀ ਵੱਲੋਂ ਸੰਘਰਸ਼ੀ ਕਿਸਾਨਾਂ ਤੋਂ ਦੂਰੀ ਬਣਾਈ ਰੱਖੀ
ਪਿਛਲੇ ਚਾਰ ਦਿਨਾਂ ਤੋਂ ਰੇਲਵੇ ਟਰੈਕ ਤੇ ਧਰਨਾ ਦੇ ਰਹੀਆਂ ਕਿਸਾਨ ਜਥੇਬੰਦੀਆਂ ਤੋਂ ਰਾਹੁਲ ਗਾਂਧੀ ਤੇ ਕਾਂਗਰਸੀ ਦੀ ਹੋਰ ਸੀਨੀਅਰ ਲੀਡਰਸ਼ਿਪ ਤੋਂ ਦੂਰੀ ਬਣਾਈ ਰੱਖੀ ਕਿਸੇ ਕਾਂਗਰਸੀ ਆਗੂ ਨੇ ਵੀ ਕਿਸਾਨਾਂ ਦੇ ਧਰਨੇ ਦੇ ਨੇੜੇ ਜਾਣ ਦੀ ਹਿੰਮਤ ਨਹੀਂ ਦਿਖਾਈ ਧਰਨਾਕਾਰੀ ਕਿਸਾਨ ਆਖ ਰਹੇ ਸਨ ਕਿ ਇਹ ਸਿਰਫ਼ ਰਾਜਨੀਤੀਕ ਡਰਾਮਾ ਹੋ ਰਿਹਾ ਹੈ, ਕਿਸਾਨਾਂ ਨੂੰ ਆਪਣੀ ਲੜਾਈ ਆਪ ਲੜਨੀ ਪਵੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.