ਧਰਤੀ ‘ਤੇ ਛਪਦੇ ਮਹਾਂਮਾਰੀਆਂ ਦੀਆਂ ਪੈੜਾਂ ਦੇ ਨਿਸ਼ਾਨ!

Corona India

ਧਰਤੀ ‘ਤੇ ਛਪਦੇ ਮਹਾਂਮਾਰੀਆਂ ਦੀਆਂ ਪੈੜਾਂ ਦੇ ਨਿਸ਼ਾਨ!

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਦੁਨਿਆਵੀ ਧਰਤੀ ‘ਤੇ ਸਮੇਂ-ਸਮੇਂ ‘ਤੇ ਬੜੀਆਂ ਵੱਡੀਆਂ-ਵੱਡੀਆਂ ਕੁਦਰਤੀ ਆਫਤਾਂ ਆਉਂਦੀਆਂ ਰਹੀਆਂ ਹਨ ਜੋ ਹੱਸਦੇ-ਵੱਸਦੇ ਲੋਕਾਂ ਦੀ ਜ਼ਿੰਦਗੀ ਦੀ ਖੁਸ਼ਨੁਮਾ ਸਵੇਰ ਨੂੰ ਕਾਲੀ-ਬੋਲ਼ੀ ਹਨ੍ਹੇਰ ਭਰੀ ਰਾਤ ਦੀ ਤਰ੍ਹਾਂ ਇੱਕੋ ਝਟਕੇ ਨਾਲ ਝਟਕਾ ਕੇ ਸਭ ਕੁਝ ਤਹਿਸ-ਨਹਿਸ ਕਰ ਦਿੰਦੀਆਂ ਰਹੀਆਂ ਹਨ।

ਅੱਜ ਵਾਂਗ ਦੁਨੀਆਂ ‘ਤੇ 19ਵੀਂ ਸਦੀ ਦੇ ਆਖਰੀ ਦਿਨਾਂ ਤੇ 20ਵੀਂ ਸਦੀ ਦੇ ਦੂਜੇ ਦਹਾਕੇ ਦੇ ਸ਼ੁਰੂਆਤੀ ਦਿਨਾਂ ਵਿੱਚ ਵੀ ਕਰੋਨਾ ਵਾਂਗ ਭਿਆਨਕ ਮਹਾਂਮਾਰੀ ਪਲੇਗ ਦੀ ਬਿਮਾਰੀ ਫੈਲੀ ਸੀ ਜਿਸ ਦੀ ਵਜ੍ਹਾ ਨਾਲ ਆਪਣਿਆਂ ਤੋਂ ਆਪਣੇ ਹੀ ਪਾਸਾ ਵੱਟਣ ਲੱਗ ਪਏ ਸਨ। ਮੌਤ ਦਾ ਖੌਫ ਇੰਨਾ ਜ਼ਿਆਦਾ ਸੀ ਕਿ ਲੋਕਾਂ ਨੇ ਆਪਣੇ ਬੱਚੇ ਆਪਣੇ ਤੋਂ ਦੂਰ ਜਿੱਥੇ ਇਸ ਭਿਆਨਕ ਬਿਮਾਰੀ ਦਾ ਪ੍ਰਕੋਪ ਘੱਟ ਸੀ ਉੱਥੇ ਆਪਣੇ ਦੂਰ-ਨੇੜੇ ਦੇ ਰਿਸ਼ਤੇਦਾਰਾਂ ਕੋਲ ਛੱਡ ਦਿੱਤੇ ਸਨ।

ਕਿਉਂਕਿ ਪੁਰਾਣੇ ਬਜ਼ੁਰਗ ਦੱਸਦੇ ਹਨ ਜਦੋਂ ਇੱਕ ਮ੍ਰਿਤਕ ਦਾ ਸਿਵਾ ਬਾਲ ਕੇ ਘਰਾਂ ਨੂੰ ਮੁੜਦੇ ਸਨ ਤਾਂ ਆਉਂਦਿਆਂ ਨੂੰ ਦੋ ਹੋਰ ਵਿਅਕਤੀਆਂ ਨੂੰ ਮੌਤ ਆਪਣੇ ਕਲਾਵੇ ਵਿੱਚ ਲੈ ਲੈਂਦੀ ਸੀ। ਬਹੁਤੇ ਪਿੰਡਾਂ ਵਿੱਚ ਤਾਂ ਕਈ-ਕਈ ਸਿਵੇ ਇਕੱਠੇ ਬਲ਼ਦੇ ਵੀ ਦੇਖੇ ਹਨ। ਉਸ ਵੇਲੇ ਵੀ ਅੱਜ ਵਾਂਗ ਪੂਰੇ ਸੰਸਾਰ ਵਿੱਚ ਮੌਤਾਂ ਨੇ ਕਹਿਰ ਮਚਾਇਆ ਸੀ।

ਇਸ ਸਦੀ ਵਿੱਚ ਕਰੋਨਾ ਵਰਗੇ ਅਣਦਿੱਖ ਵਾਇਰਸ ਨੇ ਵਿਗਿਆਨੀਆਂ ਨੂੰ ਵੀ ਭੰਬਲਭੂਸੇ ਵਿੱਚ ਪਾਇਆ ਹੋਇਆ ਹੈ ਕਿ ਇਹ ਅਣਦਿੱਖ ਵਾਇਰਸ ਏਨੀ ਤੇਜ਼ੀ ਨਾਲ ਕਿਵੇਂ ਫੈਲ ਰਿਹਾ ਹੈ। ਜਿਸ ਦੀ ਵਜ੍ਹਾ ਨਾਲ ਇੰਨੀਆਂ ਜਿਆਦਾ ਮੌਤਾਂ ਹੋ ਰਹੀਆਂ ਹਨ। ਇਹ ਰਹੱਸ ਅਜੇ ਤੱਕ ਵੀ ਬਰਕਰਾਰ ਹੈ ਕਿਉਂਕਿ ਮੌਤ ਦਾ ਡਰ ਇੰਨਾ ਭਿਆਨਕ ਹੁੰਦੈ ਕਿ ਜ਼ਿੰਦਗੀ ਭਰ ਸਾਥ ਨਿਭਾਉਣ ਦਾ ਵਾਅਦਾ ਕਰਨ ਵਾਲੇ ਪਲਾਂ-ਛਿਣਾਂ ਵਿੱਚ ਸਾਥ ਤਾਂ ਛੱਡਦੇ ਹੀ ਹਨ, ਉੱਥੇ ਬੰਦੇ ਨੂੰ ਆਪਣਾ ਪ੍ਰਛਾਵਾਂ ਵੀ ਸਾਥ ਛੱਡ ਗਿਆ ਜਾਪਦਾ ਹੈ।

ਕਰੋਨਾ ਵੀ ਇੱਕ ਅਜਿਹੀ ਹੀ ਭਿਆਨਕ ਮਹਾਂਮਾਰੀ ਹੈ ਜਿਸ ਵਿੱਚ ਆਪਣੇ ਹੀ ਆਪਣਿਆਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਏ ਹਨ। ਜਿੱਥੇ ਸਮਾਜਿਕ ਨਜ਼ਦੀਕੀਆਂ ‘ਚ ਘਾਟ ਰੜਕੀ ਹੈ, ਉੱਥੇ ਪਰਿਵਾਰਕ ਦੂਰੀਆਂ ਵੀ ਵਧਦੀਆਂ ਦੇਖਣ ਨੂੰ ਮਿਲੀਆਂ ਹਨ। ਹਰ ਕੋਈ ਰਿਸ਼ਤੇਦਾਰ ਭੈਣ-ਭਾਈ ਨੂੰ ਆਪਣੇ ਕੋਲ ਆਉਣ ਤੋਂ ਵਰਜ਼ ਰਿਹਾ ਹੈ

ਅੱਜ ਸੜਕਾਂ ‘ਤੇ  ਸਿਰਫ਼ ਲੋਕਾਂ ਨੂੰ ਇਸ ਭਿਆਨਕ ਮਹਾਂਮਾਰੀ ਤੋਂ ਬਚਾਉਣ ‘ਚ ਜੁਟੇ ਬਹਾਦਰ ਲੋਕਾਂ ਹਨ ਜਿਨ੍ਹਾਂ ਵਿੱਚ ਸਿਹਤ ਕਾਮੇ, ਪੁਲਿਸ ਕਰਮੀ, ਸਫਾਈ ਸੇਵਕ, ਸਮਾਜ ਸੇਵੀ, ਮੀਡੀਆ ਕਰਮੀ ਅਤੇ ਮੋਹਰੀ ਸਫ਼ਾਂ ਵਿੱਚ ਆਪਣਾ ਕਰਤੱਵ ਨਿਭਾ ਰਹੇ

ਇਸ ਤੋਂ ਇਲਾਵਾ ਅੱਜ ਜੇ ਗਲੀ-ਮੁਹੱਲਿਆਂ, ਸੁੰਨਸਾਨ ਰਾਹਾਂ ਵਿੱਚ ਅਵਾਜ਼ ਸੁਣਾਈ ਦੇ ਰਹੀ ਹੈ ਤਾਂ ਉਹਨਾਂ ਲੋਕਾਂ ਦੀ ਹੈ ਜੋ ਆਪਣੇ ਪੇਟ ਦੀ ਅੱਗ ਬੁਝਾਉਣ ਲਈ ਰਾਸ਼ਨ ਦੀ ਉਡੀਕ ਕਰ ਰਹੇ ਹਨ, ਜਿਨ੍ਹਾਂ ਦੇ ਅਧਨੰਗੇ ਬੱਚੇ ਭੁੱਖ ਤੇ ਪਿਆਸ ਦੀ ਤੜਪਣਾ ਨਾਲ ਤਰਾਹ-ਤਰਾਹ ਕਰਦੇ ਹੋਏ ਅਧਮੋਇਆਂ ਵਾਂਗ ਸਾਈਕਲ ਦੇ ਡੰਡਿਆਂ ਜਾਂ ਟੁੱਟੇ-ਫੁੱਟੇ ਬੈਗਾਂ ਅਤੇ ਸੂਟ ਕੇਸਾਂ ਤੇ ਲਟਕਦੇ ਹੋਏ ਆਪਣੇ ਗਰੀਬ ਪ੍ਰਵਾਸੀ ਮਾਪਿਆਂ ਨਾਲ ਆਪਣੇ ਪਿੱਤਰੀ ਰਾਜਾਂ ਵਿੱਚ ਬਣੀਆਂ ਕੁੱਲੀਆਂ ਵੱਲ ਪੈਰਾਂ ਵਿੱਚ ਬਿਨਾਂ ਕਿਸੇ ਚੱਪਲ-ਜੋੜੇ ਦੇ ਜ਼ਖਮੀ ਹੋਏ ਨੰਗੇ ਪੈਰ ਹੀ ਲੰਮੇਰੇ ਪੈਂਡੇ ਤੈਅ ਕਰਕੇ ਜਾ ਰਹੇ ਹਨ।

ਬੁਰੀ ਤਰ੍ਹਾਂ ਜ਼ਖਮੀ ਹੋਏ ਪੈਰਾਂ ‘ਚੋਂ ਸਿੰਮਦਾ ਹੋਇਆ ਖੂਨ ਧਰਤੀ ‘ਤੇ ਆਪਣੇ ਨਿਸ਼ਾਨ ਛੱਡਦੇ ਹੋਏ ਸ਼ਾਇਦ ਇਹ ਕਹਿ ਰਿਹਾ ਹੈ ਕਿ ਮੌਤ ਤਾਂ ਗਲੇ ਲਾਈ ਜਾ ਸਕਦੀ ਪਰ ਪੇਟ ਵਿੱਚ ਭੁੱਖ ਦੀ ਅੱਗ ਨੂੰ ਨਹੀਂ ਬੁਝਾਇਆ ਜਾ ਸਕਦਾ। ਫਿਰ ਵੀ ਉਹ ਭੁੱਖਣ ਭਾਣੇ ਉਸ ਪਰਮਾਤਮਾ ਦਾ ਸ਼ੁਕਰ ਅਦਾ ਕਰਦੇ ਹੋਏ

ਆਪਣੀ ਹੌਂਸਲਿਆਂ ਭਰੀ ਉਡਾਣ ਨਾਲ ਆਪਣਿਆਂ ਕੋਲ ਜਾਣ ਦੀ ਕਾਹਲ ਵਿੱਚ ਦਿਨ-ਰਾਤ ਲੰਮੇਰੀਆਂ ਵਾਟਾਂ ਸਰ ਕਰਦੇ ਹੋਏ ਸਰਕਾਰਾਂ ਨੂੰ ਕੋਸਦੇ ਤੇ ਰਸਤੇ ‘ਚ ਸਮਾਜ ਸੇਵੀ ਲੋਕਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਵਧ ਰਹੇ ਹਨ।

ਜਿੱਥੇ ਇਸ ਭਿਆਨਕ ਮਹਾਂਮਾਰੀ ਕਾਰਨ ਬਹੁਤ ਸਾਰੀਆਂ ਅਨਮੋਲ ਜ਼ਿੰਦਗੀਆਂ ਕਿਸੇ ਨਾ ਕਿਸੇ ਕਾਰਨ ਸਾਨੂੰ ਸਦਾ ਲਈ ਅਲਵਿਦਾ ਆਖ ਤੁਰ ਗਈਆਂ, ਉੁੱਥੇ ਹੀ ਇਸ ਮਹਾਂਮਾਰੀ ਨੇ ਸਮੁੱਚੇ ਸੰਸਾਰ ਦੇ ਹਰ ਬਾਸ਼ਿੰਦੇ ਨੂੰ ਅਜਿਹਾ ਸਬਕ ਦਿੱਤਾ ਜਿਸ ਨੂੰ ਇਸ ਸਮੇਂ ਦੌਰਾਨ ਵਿਚਰਨ ਵਾਲਾ ਹਰ ਵਿਅਕਤੀ ਜਦੋਂ ਤੱਕ ਜਿਉਂਦਾ ਰਹੂ ਸੁਫ਼ਨੇ ਵਿੱਚ ਵੀ ਯਾਦ ਕਰਕੇ ਤ੍ਰਬਕਦਾ ਰਹੂ ਕਿਉਂਕਿ ਇਸ ਮਹਾਂਮਾਰੀ ਦੌਰਾਨ ਸਰਕਾਰਾਂ ਵੱਲੋਂ ਕੀਤੇ ਉਪਰਾਲੇ ਵੀ ਥੋੜ੍ਹੇ ਜਾਪ ਰਹੇ ਹਨ।

ਕਦੇ ਕਿਸੇ ਨੇ ਇਹ ਸੋਚਿਆ ਵੀ ਨਹੀਂ ਹੋਣਾ ਕਿ ਦੁਨੀਆਂ ਭਰ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਲਾਕਡਾਊਨ ਅਤੇ ਕਰਫਿਊ ਵਰਗੇ ਇਤਿਹਾਸਕ ਫੈਸਲੇ ਵੀ ਲੈਣੇ ਪੈਣਗੇ। ਜਿਸ ਦੀ ਬਦੌਲਤ ਦੁਨੀਆਂ ਦੇ ਕੰਮ-ਧੰਦਿਆਂ ਨੂੰ ਅਜਿਹੀ ਬ੍ਰੇਕ ਲੱਗੂ ਜਿਸ ਕਰਕੇ ਆਮ ਲੋਕਾਂ ਦੇ ਰੋਜ਼ਨੁਮਾ ਕਮਾਈ ਦੇ ਸਾਧਨ ਇੱਕਦਮ ਰੁਕ ਜਾਣਗੇ ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।

ਸਕੂਲ, ਕਾਲਜ, ਜਹਾਜ਼ ਰੇਲ ਗੱਡੀਆਂ, ਫੈਕਟਰੀਆਂ ਅਤੇ ਸਰਕਾਰਾਂ ਦੇ ਦਫਤਰ ਵੀ ਬੰਦ ਹੋ ਗਏ ਜਿਸ ਦੀ ਬਦੌਲਤ ਸਮੁੱਚੇ ਸੰਸਾਰ ਦੀ ਅਰਥਵਿਵਸਥਾ ਡੋਲ ਜਾਵੇਗੀ।

ਹੁਣ ਬੱਸ ਇੱਕ ਗੱਲ ਯਾਦ ਰੱਖਿਓ ਕਿ ਜੇਕਰ ਤੁਸੀਂ ਕਰੋਨਾ ਵਰਗੀ ਭਿਆਨਕ ਮਹਾਂਮਾਰੀ ਵਰਗੀ ਜੰਗ ਨੂੰ ਜਿੱਤਣਾ ਜਾਂ ਇਸ ‘ਤੇ ਫਤਿਹ ਪਾਉਣੀ ਹੈ ਤਾਂ ਆਪਣੀ ਸੂਝ-ਬੂਝ ਨੂੰ ਕਾਇਮ ਰੱਖਦੇ ਹੋਏ ਸਰਕਾਰ ਦੇ ਇਸ ਸਬੰਧੀ ਬਣਾਏ ਹੋਏ ਕਾਇਦੇ-ਕਾਨੂੰਨਾਂ ਦੀ ਪਾਲਣਾ ਕਰਦੇ ਹੋਏ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ‘ਤੇ ਦੱਸੀਆਂ ਜਾ ਰਹੀਆਂ ਸਾਵਧਾਨੀਆਂ ਦੀ ਪਾਲਣਾ ਕਰਕੇ ਇੱਕ ਚੰਗੇ ਨਾਗਰਿਕ ਦੀ ਉਦਾਹਰਨ ਪੇਸ਼ ਕਰੀਏ

ਕਿਉਂਕਿ ਵਰਲਡ ਫੂਡ ਪ੍ਰੋਗਰਾਮ ਦੇ ਮੁਖੀ ਨੇ ਸਾਨੂੰ ਚਿਤਾਵਨੀ ਦਿੱਤੀ ਹੈ ਕਿ ਦੁਨੀਆਂ ਮਹਾਂਮਾਰੀਆਂ ਕਾਰਨ ਭੁੱਖਮਰੀ ਦੇ ਕਗਾਰ ‘ਤੇ ਖੜ੍ਹੀ ਹੈ ਅਤੇ ਸਿਹਤ ਵਿਗਿਆਨੀ ਲਗਾਤਾਰ ਸਾਨੂੰ ਚੇਤੰਨ ਕਰ ਰਹੇ ਹਨ ਕਿ ਜੇਕਰ ਤੁਸੀਂ ਸੰਜ਼ਮ ਨਾ ਰੱਖਿਆ ਤਾਂ ਸਿਹਤ ਢਾਂਚਾ ਕਿਸੇ ਸਮੇਂ ਵੀ ਢਹਿ-ਢੇਰੀ ਹੋ ਸਕਦਾ ਹੈ

ਲੋੜ ਹੈ ਤੁਹਾਡੇ ਸਹਿਯੋਗ ਅਤੇ ਤੁਹਾਡੀਆਂ ਸ਼ੁੱਭ-ਇੱਛਾਵਾਂ ਦੀ! ਤੁਸੀਂ ਦੁਆ ਕਰੋ ਕਿ ਧਰਤੀ ਮਾਂ ਦੀ ਹਿੱਕ ‘ਤੇ ਕਦੇ ਵੀ ਅਜਿਹੀਆਂ ਭਿਆਨਕ ਮਹਾਂਮਾਰੀਆਂ ਕਾਰਨ ਖੂਨੀ ਪੈਰਾਂ ਦੇ ਨਿਸ਼ਾਨ ਨਾ ਛਪਣ ਤੇ ਸਮੁੱਚੀ ਕਾਇਨਾਤ ਲਈ ਸਦਾ ਹੀ ਖੁਸ਼ੀਆਂ ਭਰੇ ਪਲ ਨਸੀਬ ਹੋਣ। ਕਿਉਂਕਿ ਅਸੀਂ ਜਿੱਤਾਂਗੇ ਜਰੂਰ ਹੌਂਸਲੇ ਬੁਲੰਦ ਰੱਖਿਓ।
ਸਿਹਤ ਇੰਸਪੈਕਟਰ,
ਪੱਖੋ ਕਲਾਂ (ਬਰਨਾਲਾ)
ਮੋ. 98151-07001
ਜਗਦੀਸ਼ ਸਿੰਘ ਪੱਖੋ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।