Air Pollution: ਪ੍ਰਦੂਸ਼ਿਤ ਵਾਤਾਵਰਨ : ਧੁੰਦ ਤੇ ਧੂੰਏਂ ਨੇ ਬੱਚੇ ‘ਮਰੀਜ਼’ ਬਣਾਏ

Weather Update
Air Pollution: ਪ੍ਰਦੂਸ਼ਿਤ ਵਾਤਾਵਰਨ : ਧੁੰਦ ਤੇ ਧੂੰਏਂ ਨੇ ਬੱਚੇ ‘ਮਰੀਜ਼’ ਬਣਾਏ

ਸਿਵਲ ਹਸਪਤਾਲ ਦੇ ਬੱਚਿਆਂ ਵਾਲੇ ਵਾਰਡ ’ਚ ਵਧੀ ਓਪੀਡੀ

ਬਠਿੰਡਾ (ਸੁਖਜੀਤ ਮਾਨ)। Weather Update: ਪੰਜਾਬ ’ਚ ਇੰਨ੍ਹੀਂ ਦਿਨੀਂ ਮੌਸਮ ਸਿਹਤ ਲਈ ਮਾਰੂ ਸਾਬਿਤ ਹੋ ਰਿਹਾ ਹੈ। ਸਵੇਰ ਵੇਲੇ ਧੁੰਦ ਤੇ ਸ਼ਾਮ ਨੂੰ ਧੂੰਏਂ ਨੇ ਲੋਕਾਂ ਦੀ ਜ਼ਿੰਦਗੀ ਦੀ ਰਫਤਾਰ ਮੱਠੀ ਪਾ ਦਿੱਤੀ। ਪ੍ਰਸ਼ਾਸਨ ਵੱਲੋਂ ਭਾਵੇਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਢੁੱਕਵਾਂ ਹੱਲ ਨਾ ਹੋਣ ਕਰਕੇ ਕਿਸਾਨ ਮਜ਼ਬੂਰੀ ਵੱਸ ਪਰਾਲੀ ਸਾੜ ਰਹੇ ਹਨ। ਅਜਿਹੇ ਧੁੰਦ ਤੇ ਧੂੰਏਂ ਵਾਲੇ ਮੌਸਮ ’ਚ ਹਸਪਤਾਲਾਂ ਵਿੱਚ ਮਰੀਜਾਂ ਦੀ ਗਿਣਤੀ ਵਧੀ ਹੈ, ਜਿਸ ਵਿੱਚ ਜ਼ਿਆਦਾਤਰ ਬੱਚੇ ਹਨ। ਸਿਵਲ ਹਸਪਤਾਲ ਬਠਿੰਡਾ ਦੇ ਬੱਚਿਆਂ ਦੇ ਮਾਹਿਰ ਡਾ. ਰਵੀ ਕਾਂਤ ਗੁਪਤਾ ਨੇ ਦੱਸਿਆ ਕਿ ਪਰਾਲੀ ਨੂੰ ਲਗਾਈ ਅੱਗ ਕਾਰਨ ਵਾਤਾਵਰਨ ’ਚ ਫੈਲੇ ਧੂੰਏਂ ਨਾਲ ਹਸਪਤਾਲ ’ਚ ਬੱਚਿਆਂ ਦੀ ਓਪੀਡੀ ’ਚ 20-25 ਫੀਸਦੀ ਵਾਧਾ ਹੋਇਆ ਹੈ।

ਇਹ ਖਬਰ ਵੀ ਪੜ੍ਹੋ : Punjab Police: ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਪੜ੍ਹੋ ਪੂਰੀ ਖਬਰ

ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਸਾਹ ਲੈਣ ’ਚ ਦਿੱਕਤ, ਅੱਖਾਂ ’ਚ ਜਲਣ ਤੇ ਗਲਾ ਖਰਾਬ, ਚਮੜੀ ਤੇ ਖਾਂਸੀ ਦੀ ਜ਼ਿਆਦਾ ਸਮੱਸਿਆ ਆ ਰਹੀ ਹੈ । ਉਨ੍ਹਾਂ ਬਚਾਅ ਹਿੱਤ ਕਿਹਾ ਕਿ ਅਜਿਹੇ ਮੌਸਮ ’ਚ ਬੱਚਿਆਂ ਨੂੰ ਘੱਟ ਤੋਂ ਘੱਟ ਬਾਹਰ ਨਿੱਕਲਣ ਦਿੱਤਾ ਜਾਵੇ ਕਿਉਂਕਿ ਪਰਾਲੀ ਨੂੰ ਅੱਗ ਕਾਰਨ ਕਈ ਤਰ੍ਹਾਂ ਦੀਆਂ ਹਾਨੀਕਾਰਕ ਗੈਸਾਂ ਫੈਲੀਆਂ ਹੋਈਆਂ ਹਨ, ਜਿਨ੍ਹਾਂ ਦਾ ਬੱਚਿਆਂ ਦੀਆਂ ਅੱਖਾਂ ਤੇ ਫੇਫੜਿਆਂ ’ਤੇ ਮਾੜਾ ਅਸਰ ਪੈ ਰਿਹਾ ਹੈ। ਸਕੂਲ ਜਾਣ ਵਾਲੇ ਬੱਚੇ ਮਾਸਕ ਆਦਿ ਲਗਾ ਕੇ ਜਾਣ। ਧੂੰਏ ਤੋਂ ਇਲਾਵਾ ਮੌਸਮ ’ਚ ਇੱਕਦਮ ਆਈ ਤਬਦੀਲੀ ਕਰਕੇ ਵਧੀ ਠੰਢ ਤੇ ਧੁੰਦ ਨੇ ਵੀ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਧੁੰਦ ਨੇ ਸੜਕੀ, ਰੇਲ ਤੇ ਹਵਾਈ ਆਵਾਜਾਈ ’ਚ ਵੀ ਵਿਘਨ ਪਾਇਆ ਹੈ। ਬੱਸਾਂ, ਰੇਲਾਂ ਤੇ ਹਵਾਈ ਉਡਾਣਾਂ ਪਹਿਲਾਂ ਤੈਅ ਸਮੇਂ ਤੋਂ ਅੱਗੇ-ਪਿੱਛੇ ਚੱਲ ਰਹੀਆਂ ਹਨ। Weather Update

ਧੁੰਦ ਕਾਰਨ ਕੱਲ੍ਹ ਬਠਿੰਡਾ-ਡੱਬਵਾਲੀ ਸੜਕ ਸਮੇਤ ਕਈ ਹੋਰ ਸੜਕਾਂ ’ਤੇ ਕਾਫੀ ਵਾਹਨ ਆਪਸ ’ਚ ਟਕਰਾਅ ਗਏ। ਅਜਿਹੇ ਮੌਸਮ ਦੇ ਚਲਦਿਆਂ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਊਸ਼ਾ ਗੋਇਲ ਨੇ ਦੱਸਿਆ ਕਿ ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘੱਟ ਕਰਨ ਲਈ ਜਿਆਦਾ ਹਵਾ ਪ੍ਰਦੂਸ਼ਣ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰੋ ਜਿਵੇਂ ਕਿ ਪ੍ਰਦੂਸ਼ਣ ਫੈਲਾਉਣ ਵਾਲੇ ਖੇਤਰਾਂ ਦੇ ਨੇੜੇ ਹੌਲੀ ਤੇ ਭਾਰੀ ਟ੍ਰੈਫਿਕ ਵਾਲੀਆਂ ਸੜਕਾਂ, ਹਵਾ ਪ੍ਰਦੂਸ਼ਣ ਦੇ ਵਧੇ ਹੋਏ ਪੱਧਰ ਦੇ ਸਿਹਤ ਲਈ ਵੱਡੇ ਨਤੀਜੇ ਹੋ ਸਕਦੇ ਹਨ। ਇਨ੍ਹਾਂ ਦਿਨਾਂ ’ਚ ਬਾਹਰੀ ਸਵੇਰ ਤੇ ਦੇਰ ਸ਼ਾਮ ਸੈਰ ਕਰਨ ਤੋਂ ਪਰਹੇਜ਼ ਕਰੋ । ਜੇ ਵਿਅਕਤੀ ਨੂੰ ਸਾਹ ਲੈਣ ਵਿੱਚ ਮੁਸ਼ਕਿਲ, ਖੰਘ, ਛਾਤੀ ਵਿੱਚ ਬੇਆਰਾਮੀ ਜਾਂ ਦਰਦ ਹੁੰਦਾ ਹੈ, ਚੱਕਰ ਆਉਣਾ, ਅੱਖਾਂ ਵਿੱਚ ਜਲਣ ਹੋਣ ’ਤੇ ਤੁਰੰਤ ਨਜ਼ਦੀਕੀ ਡਾਕਟਰ ਨਾਲ ਸਲਾਹ ਕਰੋ। Weather Update

ਵਾਤਾਵਰਨ ’ਚ ਨਮੀ ਸਿਖਰਾਂ ’ਤੇ | Weather Update

ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਖੇਤੀ ਮੌਸਮ ਵਿਗਿਆਨੀਆਂ ਤੋਂ ਮਿਲੇ ਵੇਰਵਿਆਂ ਅਨੁਸਾਰ ਧੁੰਦ ਕਾਰਨ ਵਾਤਾਵਰਨ ’ਚ ਅੱਜ ਸਵੇਰੇ 94 ਫੀਸਦੀ ਨਮੀ ਦਰਜ਼ ਕੀਤੀ ਗਈ। ਦੁਪਹਿਰ ਤੋਂ ਪਹਿਲਾਂ ਧੁੰਦ ਚੁੱਕਣ ਦੇ ਬਾਵਜ਼ੂਦ ਦੁਪਹਿਰ ਵੇਲੇ ਵੀ 56 ਫੀਸਦੀ ਨਮੀ ਰਹੀ। Weather Update

ਅਜਿਹਾ ਹੀ ਮੌਸਮ ਬਣੇ ਰਹਿਣ ਦੀ ਸੰਭਾਵਨਾ

ਅੱਜ ਬਠਿੰਡਾ ਤੇ ਇਸਦੇ ਨੇੜਲੇ ਇਲਾਕਿਆਂ ’ਚ ਘੱਟ ਤੋਂ ਘੱਟ ਤਾਪਮਾਨ 14 ਡਿਗਰੀ ਤੇ ਵੱਧ ਤੋਂ ਵੱਧ 24.6 ਡਿਗਰੀ ਦਰਜ਼ ਕੀਤਾ ਗਿਆ। ਮਾਹਿਰਾਂ ਨੇ ਦੱਸਿਆ ਕਿ ਆਉਣ ਵਾਲੇ ਕੁਝ ਦਿਨਾਂ ਤੱਕ ਅਜਿਹਾ ਹੀ ਮੌਸਮ ਬਣਿਆ ਰਹੇਗਾ। ਵੱਧ ਤੋਂ ਵੱਧ ਤਾਪਮਾਨ 26 ਤੋਂ 28 ਡਿਗਰੀ ਦਰਮਿਆਨ ਤੇ ਘੱਟ ਤੋਂ ਘੱਟ 14 ਤੋਂ 15 ਡਿਗਰੀ ਤੱਕ ਰਹਿਣ ਦਾ ਅਨੁਮਾਨ ਹੈ।