ਇੱਕ ਵਾਰ ਫਿਰ ਪਟਨਾ ਦੇ ਨਾਲੰਦਾ ਮੈਡੀਕਲ ਕਾਲਜ ਦੇ ਆਈਸੀਯੂ ‘ਚ ਵਰਖਾ ਦਾ ਪਾਣੀ ਭਰਨ ਵਾਲੀ ਤਸਵੀਰ ਮੀਡੀਆ ‘ਚ ਆਈ ਹੈ ਇਹ ਹਾਲ ਸ਼ਹਿਰ ਤੋਂ ਦੂਰ-ਦੁਰਾਡੇ ਜਾਂ ਕਿਸੇ ਸਰਹੱਦੀ ਪਿੰਡ ਦਾ ਨਹੀਂ ਸਗੋਂ ਇੱਕ ਸੂਬੇ (ਬਿਹਾਰ) ਦੀ ਰਾਜਧਾਨੀ ਦਾ ਹੈ ਜਿੱਥੇ ਮੁੱਖ ਮੰਤਰੀ, ਮੰਤਰੀਆਂ ਤੇ ਉੱਚ ਅਫ਼ਸਰਾਂ ਦੀਆਂ ਕੋਠੀਆਂ ਵੀ ਹਨ ਜਿਨ੍ਹਾਂ ਦੀ ਸਾਂਭ-ਸੰਭਾਲ ਲਈ ਪ੍ਰਸ਼ਾਸਨ ਦਿਨ-ਰਾਤ ਡਟਿਆ ਰਹਿੰਦਾ ਹੈ ਪਰ ਇਹ ਮੈਡੀਕਲ ਕਾਲਜ ਦਾ ਆਈਸੀਯੂ ਹੈ ਜਿੱਥੇ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਮਰੀਜ਼ ਭਰਤੀ ਹਨ ਇਹ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਆਈਸੀਯੂ ਤੇ ਹਸਪਤਾਲ ਦੇ ਜਨਰਲ ਵਾਰਡ ਦੀਆਂ ਮੀਂਹ ਨਾਲ ਭਰੇ ਪਾਣੀ ਵਾਲੀਆਂ ਤਸਵੀਰਾਂ ਅਖ਼ਬਾਰਾਂ ‘ਚ ਛਪੀਆਂ ਹਨ ਇਹ ਸੂਬਾ ਜਿੰਨਾ ਸਿਹਤ ਸੇਵਾਵਾਂ ਪ੍ਰਤੀ ਗੈਰ-ਜਿੰਮੇਵਾਰ ਹੈ ਓਨਾ ਹੀ ਰਾਜਨੀਤਿਕ ਸੁਰਖੀਆਂ ‘ਚ ਰਹਿਣ ਵਾਲਾ ਹੈ ਉੱਤਰ ਪ੍ਰਦੇਸ਼ ਤੋਂ ਬਾਦ ਕੇਂਦਰ ‘ਚ ਸਰਕਾਰ ਬਣਾਉਣ ਲਈ ਰਸਤਾ ਬਿਹਾਰ ਵਿੱਚੋਂ ਨਿੱਕਲਣ ਲੱਗਾ ਹੈ ।
ਕਾਂਗਰਸ ਤੇ ਭਾਜਪਾ ਦੋਵੇਂ ਵੱਡੀਆਂ ਪਾਰਟੀਆਂ ਸਿੱਧੇ ਤੌਰ ‘ਤੇ ਤਾਂ ਇਸ ਸੂਬੇ ‘ਚ ਪੈਰ ਨਹੀਂ ਜਮਾ ਸਕੀਆਂ ਪਰ ਗਠਜੋੜ ਰਾਹੀਂ ਦੋਵਾਂ ਪਾਰਟੀਆਂ ਨੇ ਸੱਤਾ ‘ਚ ਆਪਣੀ ਹਿੱਸੇਦਾਰੀ ਬਣਾਈ ਹੈ ਆਗੂਆਂ ਨੂੰ ਪਟਨਾ ਦੀ ਰਾਜਨੀਤਿਕ ਸਰਗਰਮੀ ਸੁਣ ਜਾਂਦੀ ਹੈ ਪਰ ਨਹਿਰ ਬਣੇ ਨਾਲੰਦਾ ਮੈਡੀਕਲ ਕਾਲਜ ਵੱਲ ਕਦੇ ਕਿਸੇ ਨੇ ਗੌਰ ਨਹੀਂ ਕੀਤੀ ਇਹੀ ਸੂਬਾ ਦੋ ਮਹੀਨੇ ਪਹਿਲਾਂ ਵੀ ਚਰਚਾ ਵਿੱਚ ਸੀ ਜਦੋਂ ਮੁਜੱਫ਼ਰਪੁਰ ਵਿਚ ਦਿਮਾਗੀ ਬੁਖਾਰ ਕਾਰਨ 100 ਦੇ ਕਰੀਬ ਲੋਕ ਜਾਨ ਤੋਂ ਹੱਥ ਧੋ ਬੈਠੇ ਸਨ ਵਰਖਾ ਦੌਰਾਨ ਇਹੀ ਮੁਜੱਫ਼ਰਪੁਰ ਇੱਕ ਟਾਪੂ ਵਾਂਗ ਬਣਿਆ ਹੋਇਆ ਹੈ ਚਮਕੀ ਬੁਖਾਰ ਨਾਲ ਬੱਚਿਆਂ ਦੀ ਹੋਈ ਮੌਤ ਨੂੰ ਸਭ ਭੁੱਲ ਗਏ ਹਨ ਇਸ ਘਟਨਾ ਦੀ ਸੰਸਦ ‘ਚ ਵੀ ਨਿੰਦਿਆ ਹੋਈ ਸੀ ਤੇ ਘਟਨਾ ਨੂੰ ਦੇਸ਼ ਲਈ ਕਲੰਕ ਕਰਾਰ ਦਿੱਤਾ ਗਿਆ ਸੀ ਪਰ ਕਲੰਕ ਨੂੰ ਧੋਣ ਲਈ ਕੀ ਕੁਝ ਹੋਇਆ ਹੈ, ਇਸ ਦਾ ਤਸੱਲੀਬਖਸ਼ ਜਵਾਬ ਕਿਸੇ ਕੋਲ ਨਹੀਂ ਹੜ੍ਹਾਂ ਨਾਲ ਬਿਮਾਰੀਆਂ ਦਾ ਕਹਿਰ ਫਿਰ ਵਰਸੇਗਾ ਜਿਸ ਤੋਂ ਬਚਣ ਲਈ ਬਿਆਨਬਾਜ਼ੀ ਹੀ ਕਾਫ਼ੀ ਨਹੀਂ ਹੈ ਚੋਣਾਂ ਆਉਣਗੀਆਂ ਬਿਹਾਰ ਸਿਆਸਤ ‘ਚ ਫਿਰ ਚਮਕੇਗਾ ਬਿਆਨਬਾਜ਼ੀ ਵੀ ਜ਼ੋਰ-ਸ਼ੋਰ ਨਾਲ ਹੋਵੇਗੀ ਪਰ ਬਿਹਾਰੀਆਂ ਦੇ ਦਰਦ ਨੂੰ ਕੌਣ ਸਮਝੇਗਾ? ਇਸ ਦਾ ਕੋਈ ਭਰੋਸਾ ਨਹੀਂ ਰਾਜਨੀਤੀ ‘ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਸੂਬੇ ‘ਚ ਜਨਤਾ ਪ੍ਰਤੀ ਸੰਵੇਦਨਸ਼ੀਲਤਾ ਵੀ ਵਿਖਾਉਣੀ ਜ਼ਰੂਰੀ ਹੈ ਬਿਹਾਰੀ ਸਿਰਫ਼ ਵੋਟਰ ਨਹੀਂ ਸਗੋਂ ਹੱਡ ਮਾਸ ਦੇ ਇਨਸਾਨ ਵੀ ਹਨ ਜਿਨ੍ਹਾਂ ਦੀ ਤੰਦਰੁਸਤੀ ਮਹਾਂਨਗਰਾਂ ‘ਚ ਵੱਸਦੇ ਲੋਕਾਂ ਜਿੰਨੀ ਹੀ ਜ਼ਰੂਰੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।