ਟਾਇਰ ਦੇ ਗੋਦਾਮ ’ਚ ਅੱਗ ਲੱਗਣ ਨਾਲ ਇੱਕ ਹੀ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ
ਮੁਰਾਦਾਬਾਦ। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ਵੀਰਵਾਰ ਨੂੰ ਇਕ ਬਹੁਮੰਜ਼ਿਲਾ ਇਮਾਰਤ ’ਚ ਸਥਿਤ ਟਾਇਰਾਂ ਦੇ ਗੋਦਾਮ ’ਚ ਭਿਆਨਕ ਅੱਗ ਲੱਗ ਗਈ, ਜਿਸ ’ਚ 12 ਲੋਕਾਂ ਨੂੰ ਬਚਾ ਲਿਆ ਗਿਆ, ਜਦਕਿ ਇਕ ਹੀ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਮੈਜਿਸਟ੍ਰੇਟ ਸ਼ੈਲੇਂਦਰ ਕੁਮਾਰ ਸਿੰਘ ਅਤੇ ਸੀਨੀਅਰ ਪੁਲਿਸ ਕਪਤਾਨ ਹੇਮੰਤ ਕੁਟਿਆਲ ਮੌਕੇ ’ਤੇ ਪਹੁੰਚੇ। ਫਾਇਰ ਬਿ੍ਰਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਵਿੱਚ ਜੁਟੀਆਂ ਹੋਈਆਂ ਹਨ। ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਕੁਟਿਆਲ ਨੇ ਦੱਸਿਆ ਕਿ ਮੁਰਾਦਾਬਾਦ ਦੇ ਗਲਸ਼ਾਹਿਦ ਥਾਣਾ ਖੇਤਰ ਅਧੀਨ ਪੈਂਦੇ ਅਸਲਤਪੁਰਾ ਦੇ ਲੰਡੇ ਕੀ ਪੁਲੀਆ ਨਿਵਾਸੀ ਇਰਸ਼ਾਦ ਦੇ ਘਰ ਵਿਆਹ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਅਜਿਹੇ ਮੌਕੇ ਪਰਿਵਾਰ ਦੇ ਸਾਰੇ ਰਿਸ਼ਤੇਦਾਰ ਅਤੇ ਬੱਚੇ, ਮਰਦ ਅਤੇ ਔਰਤਾਂ ਸਭ ਸ਼ਾਮਲ ਸਨ।
ਇਮਾਰਤ ਦੀ ਪਹਿਲੀ ਮੰਜ਼ਿਲ ’ਤੇ ਸਥਿਤ ਟਾਇਰਾਂ ਦੇ ਗੋਦਾਮ ’ਚ ਵੀਰਵਾਰ ਰਾਤ ਕਰੀਬ 8 ਵਜੇ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਦੇਖ ਕੇ ਭਗਦੜ ਮੱਚ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਪਹੁੰਚੇ ਫਾਇਰ ਫਾਈਟਰਜ਼ ਨੇ ਇਮਾਰਤ ’ਚ ਫਸੇ ਲੋਕਾਂ ਨੂੰ ਬਾਹਰ ਕੱਢਿਆ। ਅੱਗ ਨਾਲ ਝੁਲਸ ਗਏ ਲੋਕਾਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਦੋ ਔਰਤਾਂ ਅਤੇ ਤਿੰਨ ਬੱਚਿਆਂ ਨੂੰ ਮਿ੍ਰਤਕ ਐਲਾਨ ਦਿੱਤਾ। ਮਰਨ ਵਾਲਿਆਂ ਵਿਚ ਇਰਸ਼ਾਦ ਦੀ ਪਤਨੀ ਕਮਰ ਆਰਾ (65), ਬੇਟੀ ਨਾਫੀਆ (07), ਇਬਾਦ (03), ਨੂੰਹ ਸ਼ਮਨ (35) ਅਤੇ ਦੇਵਤੀ ਉਮੇਮਾ (12) ਸ਼ਾਮਲ ਹਨ। ਜਦਕਿ ਸੱਤ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਜ਼ਿਲ੍ਹਾ ਮੈਜਿਸਟਰੇਟ ਅਤੇ ਸੀਨੀਅਰ ਪੁਲਿਸ ਕਪਤਾਨ ਦੀ ਮੌਜੂਦਗੀ ਵਿੱਚ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਹਾਦਸੇ ਦੀ ਲਪੇਟ ’ਚ ਆਏ ਲੋਕਾਂ ਨੂੰ ਬਿਹਤਰ ਇਲਾਜ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ