ਅਭਿਸ਼ੇਕ ਸ਼ਰਮਾ ਨੇ ਖੇਡੀ 79 ਦੌੜਾਂ ਦੀ ਪਾਰੀ | IND vs ENG
- ਪਹਿਲੇ ਟੀ20 ’ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਸਪੋਰਟਸ ਡੈਸਕ। ਭਾਰਤ ਨੇ ਪੰਜ ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਮੈਚ ’ਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ 133 ਦੌੜਾਂ ਦਾ ਟੀਚਾ 12.5 ਓਵਰਾਂ ’ਚ ਹਾਸਲ ਕਰ ਲਿਆ। ਇਹ ਟੀ-20 ਅੰਤਰਰਾਸ਼ਟਰੀ ’ਚ 130 ਤੋਂ ਜ਼ਿਆਦਾ ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਸਭ ਤੋਂ ਘੱਟ ਓਵਰਾਂ ’ਚ ਜਿੱਤ ਹੈ। ਟੀਮ ਇੰਡੀਆ ਨੇ ਇਸ ਮਾਮਲੇ ’ਚ ਚਾਰ ਸਾਲ ਪੁਰਾਣਾ ਰਿਕਾਰਡ ਤੋੜਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ 20 ਓਵਰਾਂ ‘ਚ ਸਿਰਫ 132 ਦੌੜਾਂ ਹੀ ਬਣਾ ਸਕੀ ਤੇ ਆਲਆਊਟ ਹੋ ਗਈ। ਜਵਾਬ ‘ਚ ਭਾਰਤ ਦੇ ਓਪਨਰ ਅਭਿਸ਼ੇਕ ਸ਼ਰਮਾ ਦੀਆਂ 79 ਦੌੜਾਂ ਦੀ ਮੱਦਦ ਨਾਲ ਭਾਰਤ ਨੇ ਇਹ ਟੀਚਾ ਜਲਦੀ ਹਾਸਲ ਕਰ ਲਿਆ ਤੇ ਨਵਾਂ ਰਿਕਾਰਡ ਬਣਾ ਦਿੱਤਾ।
ਇਹ ਖਬਰ ਵੀ ਪੜ੍ਹੋ : IND vs ENG: ਭਾਰਤ vs ਇੰਗਲੈਂਡ ਪਹਿਲਾ ਟੀ20 ਅੱਜ, ਮੁਹੰਮਦ ਸ਼ਮੀ ਦੀ 14 ਮਹੀਨਿਆਂ ਬਾਅਦ ਵਾਪਸੀ
ਸਭ ਤੋਂ ਤੇਜ਼ 130+ ਦੌੜਾਂ ਦਾ ਪਿੱਛਾ | IND vs ENG
ਦਰਅਸਲ, ਇਸ ਤੋਂ ਪਹਿਲਾਂ, 130 ਤੋਂ ਜ਼ਿਆਦਾ ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਟੀ-20 ’ਚ ਸਭ ਤੋਂ ਘੱਟ ਓਵਰਾਂ ਦਾ ਪਿੱਛਾ ਕਰਨ ਦਾ ਭਾਰਤ ਦਾ ਰਿਕਾਰਡ 15.2 ਓਵਰਾਂ ਦਾ ਸੀ। ਭਾਰਤ ਨੇ 2021 ’ਚ ਨਾਮੀਬੀਆ ਵਿਰੁੱਧ ਇਹ ਕੀਤਾ ਸੀ। ਇਸ ਦੇ ਨਾਲ ਹੀ, 2024 ’ਚ, ਟੀਮ ਇੰਡੀਆ ਨੇ ਜ਼ਿੰਬਾਬਵੇ ਵਿਰੁੱਧ 15.2 ਓਵਰਾਂ ’ਚ 130+ ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ ਸੀ। ਭਾਰਤ ਨੇ ਇੰਗਲੈਂਡ ਖਿਲਾਫ ਕੋਲਕਾਤਾ ਟੀ-20 ’ਚ ਇਹ ਸਾਰੇ ਰਿਕਾਰਡ ਪਿੱਛੇ ਛੱਡ ਦਿੱਤੇ। ਅਭਿਸ਼ੇਕ ਸ਼ਰਮਾ ਦੀ ਤੂਫਾਨੀ ਪਾਰੀ ਤੇ ਵਰੁਣ ਚੱਕਰਵਰਤੀ ਦੀ ਸਪਿਨ ਨੇ ਇੰਗਲੈਂਡ ਨੂੰ ਹਾਰ ਸਵੀਕਾਰ ਕਰਨ ਲਈ ਮਜਬੂਰ ਕਰ ਦਿੱਤਾ।
ਅਰਸ਼ਦੀਪ-ਹਾਰਦਿਕ ਵੀ ਵਿਸ਼ੇਸ਼ ਸੂਚੀ ’ਚ ਸ਼ਾਮਲ
ਇੰਗਲੈਂਡ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕੀਤੀ। ਇਸ ਮੈਚ ’ਚ ਅਰਸ਼ਦੀਪ ਸਿੰਘ ਤੇ ਹਾਰਦਿਕ ਪੰਡਯਾ ਨੇ ਵੀ ਵਿਸ਼ੇਸ਼ ਪ੍ਰਾਪਤੀਆਂ ਹਾਸਲ ਕੀਤੀਆਂ। ਅਰਸ਼ਦੀਪ ਟੀ-20 ਅੰਤਰਰਾਸ਼ਟਰੀ ਮੈਚਾਂ ’ਚ ਭਾਰਤ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਦੇ ਨਾਂਅ ਹੁਣ 97 ਵਿਕਟਾਂ ਹੋ ਗਈਆਂ ਹਨ। ਅਰਸ਼ਦੀਪ ਨੇ ਚਾਹਲ ਨੂੰ ਪਿੱਛੇ ਛੱਡਿਆ। ਚਾਹਲ ਦੇ ਨਾਂਅ 96 ਵਿਕਟਾਂ ਹਨ। ਹਾਰਦਿਕ ਸੂਚੀ ’ਚ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਉਨ੍ਹਾਂ ਦੇ ਨਾਂਅ 91 ਵਿਕਟਾਂ ਹਨ ਤੇ ਭੁਵਨੇਸ਼ਵਰ ਕੁਮਾਰ ਦੇ ਨਾਂਅ 90 ਵਿਕਟਾਂ ਹਨ। ਵਰੁਣ ਚੱਕਰਵਰਤੀ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਅਰਸ਼ਦੀਪ ਸਿੰਘ, ਹਾਰਦਿਕ ਪੰਡਯਾ ਤੇ ਅਕਸ਼ਰ ਪਟੇਲ ਨੇ ਦੋ-ਦੋ ਵਿਕਟਾਂ ਲਈਆਂ। ਇਸ ਕਾਰਨ ਇੰਗਲੈਂਡ ਦੀ ਟੀਮ 132 ਦੌੜਾਂ ਹੀ ਬਣਾ ਸਕੀ। ਇੰਗਲੈਂਡ ਟੀਮ ਲਈ ਕਪਤਾਨ ਜੋਸ ਬਟਲਰ ਨੇ ਸਭ ਤੋਂ ਵੱਧ 68 ਦੌੜਾਂ ਬਣਾਈਆਂ।
ਅਭਿਸ਼ੇਕ ਦੀ ਤੂਫਾਨੀ ਪਾਰੀ | IND vs ENG
ਜਵਾਬ ’ਚ, ਭਾਰਤ ਨੇ ਅਭਿਸ਼ੇਕ ਸ਼ਰਮਾ ਦੀ ਧਮਾਕੇਦਾਰ ਪਾਰੀ ਦੀ ਬਦੌਲਤ ਜਿੱਤ ਹਾਸਲ ਕੀਤੀ। ਅਭਿਸ਼ੇਕ ਨੇ 20 ਗੇਂਦਾਂ ’ਚ ਅਰਧ ਸੈਂਕੜਾ ਬਣਾਇਆ, ਜੋ ਕਿ ਭਾਰਤੀ ਧਰਤੀ ’ਤੇ ਟੀ-20 ’ਚ ਭਾਰਤ ਲਈ ਸੰਯੁਕਤ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਹੈ। ਅਭਿਸ਼ੇਕ ਨੇ 34 ਗੇਂਦਾਂ ’ਚ 5 ਚੌਕਿਆਂ ਤੇ 8 ਛੱਕਿਆਂ ਦੀ ਮੱਦਦ ਨਾਲ 79 ਦੌੜਾਂ ਦੀ ਪਾਰੀ ਖੇਡੀ। ਸੰਜੂ ਸੈਮਸਨ ਨੇ 26 ਦੌੜਾਂ ਬਣਾਈਆਂ। ਤਿਲਕ ਵਰਮਾ 19 ਦੌੜਾਂ ਬਣਾ ਕੇ ਤੇ ਹਾਰਦਿਕ ਪੰਡਯਾ 3 ਦੌੜਾਂ ਬਣਾ ਕੇ ਨਾਬਾਦ ਪਵੇਲੀਅਨ ਪਰਤੇ। ਸੀਰੀਜ਼ ਦਾ ਦੂਜਾ ਟੀ20 ਮੁਕਾਬਲਾ 25 ਜਨਵਰੀ ਨੂੰ ਚੈੱਨਈ ’ਚ ਖੇਡਿਆ ਜਾਵੇਗਾ।