ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਸਰਕਾਰ ’ਤੇ ਵਰ੍ਹੇ ਮਾਪੇ

ਬਰਸੀ ਸਮਾਗਮ ’ਚ ਵੱਡੀ ਗਿਣਤੀ ਲੋਕਾਂ ਨੇ ਕਈ ਸਿਆਸੀ ਆਗੂਆਂ ਨੇ ਕੀਤੀ ਸ਼ਿਰਕਤ

(ਸੱਚ ਕਹੂੰ ਨਿਊਜ਼) ਮਾਨਸਾ। ਮਰਹੂਮ ਗਾਇਕ ਸਿੱਧੂ ਮੂਸੇਵਾਲਾ (Sidhu MooseWala) ਦੀ ਅੱਜ ਪਹਿਲੀ ਬਰਸੀ ਮਨਾਈ ਗਈ। ਇਸ ਮੌਕੇ ਵੱਡੀ ਗਿਣਤੀ ’ਚ ਲੋਕਾਂ ਤੇ ਕਈ ਸਿਆਸੀ ਆਗੂਆਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸਵਾਲਾਂ ਦੇ ਕਟਹਿਰੇ ’ਚ ਖੜ੍ਹਾ ਕਰਦਿਆਂ ਸਿੱਧੂ ਦੇ ਮਾਪੇ ਸਰਕਾਰ ’ਤੇ ਵਰ੍ਹੇ ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਅਸੀਂ ਵਿਧਾਨ ਸਭਾ ਦੇ ਬੂਹੇ ਅੱਗੇ ਜਾ ਕੇ ਬੈਠਾਂਗੇ ਉਨ੍ਹਾਂ ਨਰਾਜ਼ਗੀ ਜਾਹਿਰ ਕਰਦਿਆਂ ਮੰਚ ਤੋਂ ਹੀ ‘ਸਰਕਾਰ ਮੁਰਦਾਬਾਦ’ ਦੇ ਨਾਅਰੇ ਵੀ ਲਾਏ।

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੱਲ੍ਹ ਤੋਂ ਹੀ ਬੜਾ ਸ਼ਸ਼ੋਪੰਜ ’ਚ ਸੀ ਕਿ ਪ੍ਰਸ਼ਾਸਨ ਨੇ ਇੰਟਰਨੈੱਟ ਬੰਦ ਕਰ ਦਿੱਤਾ ਹੈ ਅਤੇ ਸਮਾਗਮ ਸਫਲ ਕਿਵੇਂ ਹੋਵੇਗਾ ਪਰ ਸਤਿਗੁਰੂ ਦੀ ਮਿਹਰ ਸਦਕਾ ਆਪਣੇ ਖਦਸ਼ੇ ਗਲਤ ਸਾਬਤ ਹੋਏ ਤੇ ਇਸ ਵਿਸ਼ਾਲ ਇਕੱਠ ਨੇ ਮੇਰੇ ਪੁੱਤਰ ਨੂੰ ਸ਼ਾਂਤੀ ਦਿੱਤੀ ਹੈ। ਲਾਰੈਂਸ ਦੀ ਨਿੱਜੀ ਚੈਨਲ ’ਤੇ ਚੱਲੀ ਇੰਟਰਵਿਊ ’ਤੇ ਨਰਾਜ਼ਗੀ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਘਿਨੌਉਣੇ ਕੰਮ ਨੇ ਮੇਰੇ ਪੁੱਤਰ ਨੂੰ ਦੁਬਾਰਾ ਮਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੈਂਗਸ਼ਟਰ ਖੁਦ ਸਿੱਧੂ ਦੀ ਮੌਤ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਅਤੇ ਪੁਲਿਸ ਉਸ ਦੇ ਸਾਹਮਣੇ ਗੋਡੇ ਟੇਕ ਰਹੀ ਹੈ ਸਾਰੀ ਵੀਡੀਓ ’ਚ ਉਸ ਨੇ ਸਮੁੱਚੇ ਭਾਰਤ ਦੀ ਨਿਆਂਪਾਲਕਾ ਦਾ ਮਜਾਕ ਉਡਾਇਆ ਹੈ।

ਸਰਕਾਰ ਇੰਨਾ ਕੁ ਮਜਬੂਰ ਨਾ ਕਰੇ ਕਿ ਸਾਨੂੰ ਵਿਧਾਨ ਸਭਾ ਗੇਟ ‘ਤੇ ਜਾ ਕੇ ਬੈਠਣਾ ਪਵੇ

ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਉਹ ਸਰਕਾਰ ਦਾ ਮੂੰਹ ਚਿੜ੍ਹਾ ਰਿਹਾ ਹੈ। ਉਸ ਨੂੰ ਨੈਸ਼ਨਲਿਸਟ ਬਣਾਇਆ ਜਾ ਰਿਹਾ ਹੈ। ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਅੱਜ ਹੀ ਕਿਉਂ ਅੰਮ੍ਰਿਤਪਾਲ ਖਿਲਾਫ ਕਾਰਵਾਈ, ਅੱਜ ਹੀ ਕਿਉਂ ਇੰਟਰਨੈੱਟ ਬੰਦ, ਅੱਜ ਹੀ ਕਿਉਂ ਬੱਸਾਂ ਬੰਦ। ਸਰਕਾਰ ਸਾਡੀ ਅਵਾਜ ਕਿੰਨੀ ਕੁ ਦਬਾਅ ਸਕਦੀ ਹੈ। ਸਾਨੂੰ ਸਰਕਾਰ ਇੰਨਾ ਕੁ ਮਜਬੂਰ ਨਾ ਕਰੇ ਕਿ ਸਾਨੂੰ ਵਿਧਾਨ ਸਭਾ ਗੇਟ ‘ਤੇ ਜਾ ਕੇ ਬੈਠਣਾ ਪਵੇ। ਸਾਡੀ ਮੰਗ ਕੋਈ ਗੈਰ ਕਾਨੂੰਨੀ ਨਹੀਂ। ਸਰਕਾਰ ਕਾਰਵਾਈ ਕਰੇ ਮੈਨੂੰ ਸਿਟ ’ਤੇ ਸੌ ਫੀਸਦੀ ਭਰੋਸਾ ਹੈ ਪਰ 11 ਮਹੀਨੇ ਲੰਘਾ ਦਿੱਤੇ ਗਏ ਹਨ। ਗੈਂਗਸਟਰਾਂ ਦਾ ਇੰਟਰਨੈਟ ਖੁੱਲ੍ਹਾ ਹੈ ਜਦੋਂਕਿ ਸਾਡਾ ਬਾਹਰ ਬੈਠਿਆ ਦਾ ਬੰਦ ਹੈ। ਗੈਂਗਸਟਰ ਸ਼ਰੇਆਮ ਜੇਲ੍ਹ ‘ਚੋਂ ਵੀਡੀਓ ਬਣਾ ਕੇ ਵਾਇਰਲ ਕਰਦੇ ਹਨ ਤੇ ਕਹਿੰਦੇ ਹਨ ਕਿ ਸਿੱਧੂ ਮਾਰਿਆ ਅਸੀਂ ਮਾਰਿਆ। ਪਰ ਸਰਕਾਰ ਉਸ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ

ਬਲਕੌਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਨੂੰ ਦਿੱਲੀ ਕੋਲ ਗਹਿਣੇ ਰੱਖ ਦਿੱਤਾ ਹੈ। ਇਨ੍ਹਾਂ ਦੇ ਕਿਸੇ ਮੰਤਰੀ ਕੋਲ ਤੇ ਨਾ ਹੀ ਮੁੱਖ ਮੰਤਰੀ ਕੋਲ ਇੰਨੀ ਹਿੰਮਤ ਕਿ ਕਿਸੇ ਖਿਲਾਫ ਖੁੱਲ੍ਹ ਕੇ ਫੈਸਲਾ ਲੈ ਸਕਣ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੱਲ੍ਹ ਮੋਗੇ ਵਾਲੀ ਕਾਰਵਾਈ ਵੀ ਅਮਿਤ ਸ਼ਾਹ ਦੇ ਥਾਪੜੇ ਬਾਅਦ ਭਗਵੰਤ ਮਾਨ ਨੇ ਕੀਤੀ ਹੈ।

ਬਿਸ਼ਨੋਈ ਕੌਣ ਹੁੰਦੈ ਮੇਰੇ ਪੁੱਤ ਉਤੇ ਇਲਜਾਮ ਲਾਉਣ ਵਾਲਾ : ਬਲਕੌਰ ਸਿੱਧੂ

ਇਸ ਮੌਕੇ ਸਿੱਧੂ ਦੇ ਮਾਤਾ ਚਰਨ ਕੌਰ ਨੇ ਵੀ ਸੰਬੋਧਨ ਕਰਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਅਸੀਂ ਭੁਲੇਖੇ ‘ਚ ਨਾ ਰਹੀਏ ਕਿ ਅਸੀਂ ਆਜਾਦ ਹਾਂ। ਅਸੀਂ ਆਜਾਦ ਦੇਸ਼ ਦੇ ਗੁਲਾਮ ਵਾਸੀ ਹਾਂ। ਗੈਂਗਸਟਰ ਜੇਲ੍ਹਾਂ ਵਿਚ ਬੈਠ ਕੇ ਲੋਕਾਂ ਦੀਆਂ ਮੌਤਾਂ ਦੇ ਫੁਰਮਾਨਾਂ ‘ਤੇ ਦਸਤਖਤ ਕਰਦੇ ਹਨ। ਉਨ੍ਹਾਂ ਕਿਹਾ ਕਿ ਬਰਸੀ ਦੀ ਤਾਰੀਖ ਪਹਿਲਾਂ ਹੀ ਐਲਾਨ ਦਿੱਤੀ ਸੀ। ਪਰ ਅੰਮਿ੍ਰਤਪਾਲ ਸਿੰਘ ਖਿਲਾਫ ਕਾਰਵਾਈ ਅਜਨਾਲੇ ਵਾਲੇ ਕਾਂਡ ਸਮੇਂ ਪਹਿਲਾਂ ਕਿਉਂ ਨਹੀਂ ਕੀਤੀ, ਸਾਡੇ ਪੁੱਤ ਦੀ ਬਰਸੀ ਮੌਕੇ ਹੀ ਇਹ ਸਭ ਕਿਉਂ। ਮੇਰੇ ਪੁੱਤ (Sidhu MooseWala) ਦਾ ਅਕਸ ਖਰਾਬ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਮੇਰੇ ਪੁੱਤਰ ਦਾ ਕਿਤੇ 1 ਫੀਸਦੀ ਵੀ ਕਸੂਰ ਨਹੀਂ। ਜਦੋਂ ਸਿੱਧੂ ਜਿਊਂਦਾ ਸੀ ਉਦੋਂ ਮੇਰੇ ਪੁੱਤ ਦੀਆਂ ਹਰ ਕੋਈ ਲੱਤਾਂ ਖਿੱਚਦਾ ਸੀ। ਉਨ੍ਹਾਂ ਕਿਹਾ ਕਿ ਅੱਜ ਸਾਡੇ ਜ਼ਖਮਾਂ ’ਤੇ ਅੱਜ ਲੂਣ ਭੁਕਿਆ ਗਿਆ ਹੈ, ਸਿੱਧੂ ਨੂੰ ਚਾਹੁਣ ਵਾਲਿਆਂ ਨੂੰ ਪੁਲਿਸ ਨੇ ਅੱਧ ਵਿਚਾਲਿਓਂ ਹੀ ਵਾਪਸ ਭੇਜ ਦਿੱਤਾ। ਬਿਸ਼ਨੋਈ ਕੌਣ ਹੁੰਦੈ ਮੇਰੇ ਪੁੱਤ ਉਤੇ ਇਲਜਾਮ ਲਾਉਣ ਵਾਲਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।