ਕ੍ਰਿਸਮਿਸ ਦੇ ਤਿਉਹਾਰ ‘ਤੇ ਪਟਾਕੇ ਚਲਾਉਣ ਦਾ ਵੀ ਸਮਾਂ ਨਿਰਧਾਰਤ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਡੀ ਗੋਬਿੰਦਗੜ ਨੂੰ ਛੱਡ ਕੇ ਸੂਬੇ ਵਿੱਚ ਦੀਵਾਲੀ ਅਤੇ ਗੁਰਪੁਰਬ ‘ਤੇ ਪ੍ਰਦੂਸ਼ਣ ਮੁਕਤ ਹਰੇ ਪਟਾਕੇ ਚਲਾਉਣ ਲਈ ਦੋ ਘੰਟਿਆਂ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕ੍ਰਿਸਮਿਸ ਦੇ ਤਿਉਹਾਰ ‘ਤੇ ਵੀ ਕੁਝ ਰੋਕਾਂ ਨਾਲ ਪਟਾਕੇ ਚਲਾਉਣ ਦੀ ਇਜਾਜ਼ਤ ਦੇਣ ਦਾ ਵੀ ਐਲਾਨ ਕੀਤਾ ਹੈ। ਮੰਡੀ ਗੋਬਿੰਦਗੜ, ਜਿੱਥੋਂ ਦੀ ਆਬੋ-ਹਵਾ ਦਾ ਪੱਧਰ ਮਾੜਾ ਹੈ, ਵਿੱਚ ਅੱਧੀ ਰਾਤ ਤੋਂ ਭਾਵ 9-10 ਨਵੰਬਰ ਤੋਂ ਲੈ ਕੇ 30 ਨਵੰਬਰ-1 ਦਸੰਬਰ ਤੱਕ ਮੁਕੰਮਲ ਪਾਬੰਦੀ ਲਾਗੂ ਕੀਤੀ ਜਾ ਚੁੱਕੀ ਹੈ।
ਇਨ੍ਹਾਂ ਹੁਕਮਾਂ ਮੁਤਾਬਕ ਸਿਰਫ ਹਰੇ ਪਟਾਕੇ ਚਲਾਉਣ ਦੀ ਹੀ ਇਜਾਜ਼ਤ ਹੋਵੇਗੀ ਅਤੇ ਇਹ ਹੁਕਮ ਕੌਮੀ ਗ੍ਰੀਨ ਟ੍ਰਿਬਿਊਨਲ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ-ਨਾਲ ਕੋਵਿਡ ਦੀ ਸਮੱਸਿਆ ਪਟਾਕਿਆਂ ਨਾਲ ਹੋਰ ਗੰਭੀਰ ਹੋ ਜਾਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਵੱਖ-ਵੱਖ ਅਦਾਲਤਾਂ ਦੇ ਆਦੇਸ਼ਾਂ ਦੀ ਪਾਲਣਾ ਵਿੱਚ ਕੀਤੇ ਗਏ ਹਨ।
ਦੀਵਾਲੀ ਵਾਲੇ ਦਿਨ (14 ਨਵੰਬਰ) ਰਾਤ 8 ਵਜੇ ਤੋਂ 10 ਵਜੇ ਤੱਕ ਹਰੇ ਪਟਾਕੇ ਚਲਾਏ ਜਾ ਸਕਦੇ ਹਨ, ਗੁਰਪੁਰਬ (30 ਨਵੰਬਰ) ਨੂੰ ਸਵੇਰੇ 4 ਵਜੇ ਤੋਂ 5 ਵਜੇ ਤੱਕ ਅਤੇ ਰਾਤ 9 ਤੋਂ 10 ਵਜੇ ਤੱਕ ਹਰੇ ਪਟਾਕੇ ਚਲਾਉਣ ਦੀ ਆਗਿਆ ਦਿੱਤੀ ਜਾਵੇਗੀ। ਇਸੇ ਤਰ੍ਹਾਂ ਕ੍ਰਿਸਮਿਸ ਦੇ ਮੌਕੇ ਲੋਕ ਇਹ ਪਟਾਕੇ ਰਾਤ 11:55 ਤੋਂ ਲੈ ਕੇ ਸਵੇਰੇ 12:30 ਵਜੇ ਤੱਕ ਚਲਾ ਜਾ ਸਕਦੇ ਹਨ।
ਕੋਵਿਡ ਬਾਰੇ ਹੋਈ ਵਰਚੁਅਲ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਨੂੰ ਇਸ ਸਬੰਧ ਵਿੱਚ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕਰਨ ਲਈ ਨਿਰਦੇਸ਼ ਦਿੱਤੇ। ਇਨ੍ਹਾਂ ਰੋਕਾਂ ਦੀ ਕਿਸੇ ਵੀ ਕਿਸਮ ਦੀ ਉਲੰਘਣਾ ਵਿਰੁੱਧ ਚੇਤਾਵਨੀ ਦਿੰਦਿਆਂ ਉਨ੍ਹਾਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਯਕੀਨੀ ਬਣਾਉਣ ਲਈ ਸਖਤੀ ਨਾਲ ਪੇਸ਼ ਆਉਣ ਲਈ ਆਖਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.