ਕੇਂਦਰੀ ਮੰਤਰੀ ਵੱਲੋਂ ਫਾਰਮਾ ਪਾਰਕ ਲਈ ਬਠਿੰਡਾ ਨੂੰ ਤਰਜੀਹ ਦੇਣ ਦਾ ਭਰੋਸਾ
ਬਠਿੰਡਾ ’ਚ ਫਾਰਮਾਸਿਊਟੀਕਲ ਪਾਰਕ ਬਣਨ ਨਾਲ ਸਮੁੱਚੇ ਦੇਸ਼ ਨੂੰ ਮਿਲੇਗਾ ਲਾਭ: ਮਨਪ੍ਰੀਤ ਸਿੰਘ ਬਾਦਲ
(ਸੁਖਜੀਤ ਮਾਨ) ਬਠਿੰਡਾ। ਵਿੱਤ ਮੰਤਰੀ, ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਦਿੱਲੀ ਵਿਖੇ ਰਸਾਇਣ, ਖਾਦਾਂ ਅਤੇ ਫਾਰਮਾਸਿਊਟੀਕਲ ਬਾਰੇ ਕੇਂਦਰੀ ਮੰਤਰੀ ਮਨਸੁਖ ਐਲ. ਮਾਂਡਵੀਆ ਨਾਲ ਮੁਲਾਕਾਤ ਕਰਕੇ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਬਣਾਏ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਪਾਰਕ ਪੂਰੇ ਦੇਸ਼, ਖਾਸ ਤੌਰ ’ਤੇ ਉੱਤਰੀ ਭਾਰਤ- ਪੰਜਾਬ, ਹਰਿਆਣਾ, ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ, ਜੰਮੂ ਤੇ ਕਸ਼ਮੀਰ ਅਤੇ ਲੱਦਾਖ ਲਈ ਉਪਯੋਗੀ ਅਤੇ ਲਾਭਕਾਰੀ ਸਾਬਿਤ ਹੋਵੇਗਾ। ਕੇਂਦਰੀ ਮੰਤਰੀ ਵੱਲੋਂ ਫਾਰਮਾ ਪਾਰਕ ਲਈ ਬਠਿੰਡਾ ਨੂੰ ਤਰਜੀਹ ਦੇਣ ਦਾ ਭਰੋਸਾ ਵਿੱਤ ਮੰਤਰੀ ਨੂੰ ਦਿੱਤਾ ਗਿਆ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਆਰਥਿਕਤਾ ਦੇ ਨਾਲ-ਨਾਲ ਖੇਤੀਬਾੜੀ ਵਿੱਚ ਵੀ ਵਿਭਿੰਨਤਾ ਤੇ ਮਜ਼ਬੂਤੀ ਲਿਆਉਣੀ ਜ਼ਰੂਰੀ ਹੈ। ਕੇਂਦਰੀ ਮੰਤਰੀ ਨੇ ਪੰਜਾਬ ਦੇ ਵਿੱਤ ਮੰਤਰੀ ਦੀ ਮੰਗ ’ਤੇ ਧਿਆਨ ਨਾਲ ਵਿਚਾਰ ਕਰਨ ਤੋਂ ਬਾਅਦ ਭਰੋਸਾ ਦਿੱਤਾ ਕਿ ਇਸ ਫਾਰਮਾ ਪਾਰਕ ਲਈ ਉਹ ਬਠਿੰਡਾ ਨੂੰ ਸਭ ਤੋਂ ਵੱਧ ਤਰਜੀਹ ਦੇਣਗੇ। ਵਿੱਤ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਲਈ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਉਹ ਗੁਆਂਢੀ ਦੁਸ਼ਮਣਾਂ ਦੇ ਗਲਤ ਮਨਸੂਬਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਬਠਿੰਡਾ ਵਿੱਚ ਫਾਰਮਾਸਿਊਟੀਕਲ ਪਾਰਕ ਦੀ ਸਥਾਪਨਾ ਨਾਲ ਲਗਭਗ 1 ਲੱਖ ਲੋਕਾਂ ਨੂੰ ਸਿੱਧਾ ਅਤੇ ਤਕਰੀਬਨ 2 ਲੱਖ ਲੋਕਾਂ ਨੂੰ ਅਸਿੱਧੇ ਤੌਰ ’ਤੇ ਰੁਜ਼ਗਾਰ ਮਿਲੇਗਾ।
ਵਿੱਤ ਮੰਤਰੀ ਨੇ ਦੱਸਿਆ ਕਿ ਬਠਿੰਡਾ ਵਿਖੇ ਪੂਰੀ ਤਰ੍ਹਾਂ ਕਾਰਜਸ਼ੀਲ ਏ ਲੈਵਲ ਦਾ ਰੇਲਵੇ ਸਟੇਸ਼ਨ, 1350 ਏਕੜ ਤੋਂ ਵੱਧ ਜ਼ਮੀਨ ਅਤੇ ਤੇਲ ਰਿਫਾਇਨਰੀ ਉਪਲਬਧ ਹੈ ਜੋ ਇਸ ਜਗ੍ਹਾ ਨੂੰ ਫਾਰਮਾ ਪਾਰਕ ਲਈ ਢੁਕਵਾਂ ਬਣਾਉਂਦੀ ਹੈ। ਇਸ ਦੇ ਨਾਲ ਹੀ 134 ਏਕੜ ਵਿੱਚ ਮੌਜੂਦ ਪਾਣੀ ਦੇ ਵੱਖ-ਵੱਖ ਸੋਮੇ ਅਤੇ ਝੀਲਾਂ ਇਸ ਫਾਰਮਾ ਪਾਰਕ ਨੂੰ ਸਥਾਪਤ ਕਰਨ, ਇਸ ਦੀ ਸਾਂਭ-ਸੰਭਾਲ ਅਤੇ ਸੰਚਾਲਨ ਲਈ ਲਾਹੇਵੰਦ ਹੋਣਗੇ।
ਉਨ੍ਹਾਂ ਦੱਸਿਆ ਕਿ ਫਾਰਮਾ ਉਦਯੋਗ ਨੂੰ ਯੂ.ਐਸ.ਐਫ.ਡੀ.ਏ. ਤੋਂ ਮਨਜ਼ੂਰਸ਼ੁਦਾ ਵੱਡੀਆਂ ਫਾਰਮਾਸਿਊਟੀਕਲ ਕੰਪਨੀਆਂ, ਜਿਵੇਂ ਸਨ ਫਾਰਮਾ, ਸੇਂਟਿ੍ਰਐਂਟ ਅਤੇ ਆਈ.ਓ.ਐਲ. ਕੈਮੀਕਲਜ਼ ਤੋਂ ਵੀ ਸਹਾਇਤਾ ਪ੍ਰਾਪਤ ਹੋਏਗੀ। ਬਠਿੰਡਾ ’ਚ ਇਸ ਪਾਰਕ ਨੂੰ ਸਥਾਪਤ ਕਰਨ ਨਾਲ ਆਰ ਐਂਡ ਡੀ ਈਕੋਸਿਸਟਮ, ਨੈਸ਼ਨਲ ਇੰਸਟੀਚਿਊਟ ਆਫ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਨਾਈਪਰ), ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਸਰ) ਅਤੇ ਨੈਨੋ ਟੈਕਨਾਲੋਜੀ ਇੰਸਟੀਚਿਊਟ, ਮੋਹਾਲੀ ਤੋਂ ਇਲਾਵਾ ਆਲ ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼, ਬਠਿੰਡਾ) ਅਤੇ ਮਾਈਕਰੋਬਾਇਲ ਟੈਕਨਾਲੋਜੀ ਸੰਸਥਾਨ, ਬਠਿੰਡਾ ਦਾ ਵੀ ਲਾਭ ਮਿਲੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ