ਖਟਾਸ ਤੇ ਮਿਠਾਸ ਨਾਲ ਭਰਿਆ ਹੁੰਦੈ ਨਨਾਣ-ਭਰਜਾਈ ਦਾ ਰਿਸ਼ਤਾ
ਹਰੇ-ਹਰੇ ਬਾਗਾਂ ਵਿੱਚ ਉੱਚੀਆਂ ਹਵੇਲੀਆਂ,
ਨਨਾਣ ਤੇ ਭਰਜਾਈ ਆਪਾਂ ਗੂੜ੍ਹੀਆਂ ਸਹੇਲੀਆਂ
ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਸਮਾਜ ਵਿੱਚ ਵਿਚਰਦਿਆਂ ਕਈ ਰਿਸ਼ਤੇ ਨਿਭਾਉਂਦਾ ਹੈ। ਇੱਕ ਔਰਤ ਵੀ ਕਈ ਰੂਪਾਂ ਵਿੱਚ ਰਿਸ਼ਤੇ ਨਿਭਾਉਂਦੀ ਹੈ ਜਿਵੇਂ ਕਿ ਮਾਂ, ਧੀ, ਭੈਣ, ਪਤਨੀ, ਨੂੰਹ, ਸੱਸ, ਨਨਾਣ, ਭਰਜਾਈ ਆਦਿ। ਇਨ੍ਹਾਂ ਰਿਸ਼ਤਿਆਂ ਵਿੱਚੋਂ ਇੱਕ ਅਨੋਖਾ ਰਿਸ਼ਤਾ ਨਨਾਣ-ਭਰਜਾਈ ਦਾ ਹੁੰਦਾ ਹੈ ਜੋ ਕਿ ਅਪਣੱਤ, ਪਿਆਰ, ਖਟਿਆਸ, ਮਠਿਆਸ ਨਾਲ ਭਰਿਆ ਹੁੰਦਾ ਹੈ। ਪਤੀ ਦੀ ਭੈਣ ਨੂੰ ਨਣਾਨ ਆਖਿਆ ਜਾਂਦਾ ਹੈ। ਜਦੋਂ ਨਵੀਂ ਵਿਆਹੀ ਕੁੜੀ ਸਹੁਰੇ ਘਰ ਆਉਂਦੀ ਹੈ ਤਾਂ ਉਸਨੂੰ ਕਈ ਰਿਸ਼ਤੇ ਨਿਭਾਉਣੇ ਪੈਂਦੇ ਹਨ। ਉਹ ਇੱਕ ਰਿਸ਼ਤਾ ਨਨਾਣ-ਭਰਜਾਈ ਦਾ ਵੀ ਨਿਭਾਉਂਦੀ ਹੈ। ਪਰ ਇਹ ਰਿਸ਼ਤਾ ਹੁਣ ਕੁੱਝ ਬਦਲ ਗਿਆ ਹੈ ਹੁਣ ਭਾਬੀ ਸ਼ਬਦ ਬਹੁਤ ਘੱਟ ਵਰਤਿਆ ਜਾਂਦਾ ਹੈ ਹੁਣ ਭਾਬੀ ਨੂੰ ਦੀਦੀ ਕਹਿ ਦਿੱਤਾ ਜਾਂਦਾ ਹੈ। ਜ਼ਿਆਦਾਤਰ ਤਾਂ ਨਾਂਅ ਨਾਲ ਹੀ ਬੁਲਾਇਆ ਜਾਂਦਾ ਹੈ।
ਨਣਾਨ ਨੂੰ ਮਲਵਈ ਬੋਲੀ ਵਿੱਚ ‘ਨਣਦ’ ਵੀ ਕਿਹਾ ਜਾਂਦਾ ਹੈ। ਦੇਖਣ ਵਿੱਚ ਆਉਦਾ ਹੈ ਕਿ ਕਈ ਵਾਰ ਕੁੜੀ ਦੇ ਸਹੁਰੇ ਘਰ ਆਉਣ ਤੋਂ ਪਹਿਲਾਂ ਹੀ ਨਣਾਨ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਵਿਆਹੀਆਂ ਹੋਈਆਂ ਨਣਾਨਾਂ ਦਾ ਭਰਜਾਈ ਨਾਲ ਮੇਲ-ਮਿਲਾਪ ਬਹੁਤ ਘੱਟ ਹੁੰਦਾ ਹੈ ਸਗੋਂ ਖਾਸ ਪ੍ਰੋਗਰਾਮ ਦੇ ਮੌਕੇ ’ਤੇ ਹੀ ਹੁੰਦਾ ਹੈ। ਅੱਜ-ਕੱਲ੍ਹ ਹਰ ਘਰ ਦੀ ਲੜਕੀ ਪੜ੍ਹੀ-ਲਿਖੀ ਹੋਣ ਕਰਕੇ ਨੌਕਰੀ ਕਰਦੀ ਹੈ ਜਿਸ ਕਾਰਨ ਉਸ ਕੋਲ ਆਪਣੀ ਭਰਜਾਈ ਲਈ ਸਮਾਂ ਬਹੁਤ ਥੋੜ੍ਹਾ ਹੁੰਦਾ ਹੈ। ਜਾਂ ਕਈ ਵਾਰ ਭਰਜਾਈ ਨੌਕਰੀ ਕਰਦੀ ਹੈ ਜਿਸ ਕਾਰਨ ਉਸ ਕੋਲ ਸਿਰਫ ਐਤਵਾਰ ਦਾ ਦਿਨ ਹੀ ਹੁੰਦਾ ਹੈ ਰਿਸ਼ਤੇਦਾਰਾਂ ਨੂੰ ਮਿਲਣ ਦਾ। ਭਰਜਾਈ ਕਈ ਵਾਰ ਵੱਡੀ ਹੁੰਦੀ ਹੈ ਜੋ ਮਾਂ ਸਮਾਨ ਹੁੰਦੀ ਹੈ ਜੋ ਕਿ ਬਹੁਤ ਖਿਆਲ ਰੱਖਦੀ ਹੈ। ਕਿਸੇ ਨੇ ਠੀਕ ਹੀ ਕਿਹਾ ਹੈ:-
ਜੱਗ ਜਿਊਣ ਵੱਡੀਆਂ ਭਰਜਾਈਆਂ
ਪਾਣੀ ਮੰਗੇ ਦੁੱਧ ਦਿੰਦੀਆਂ।
ਕਈ ਵਾਰ ਨਣਾਨ ਛੋਟੀ ਹੋਣ ਕਾਰਨ ਕੁਆਰੀ ਹੁੰਦੀ ਹੈ। ਅਕਸਰ ਹੀ ਕੁਆਰੀ ਨਣਾਨ ਤੇ ਭਾਬੀ ਇੱਕੋ ਉਮਰ-ਹਾਣ ਦੀਆਂ ਹੀ ਹੁੰਦੀਆਂ ਹਨ। ਭਾਬੀ ਦੇ ਆ ਜਾਣ ’ਤੇ ਰਿਸ਼ਤੇ ਵਿੱਚ ਖਟਿਆਸ ਵੀ ਆ ਜਾਂਦੀ ਹੈ। ਕਈ ਵਾਰ ਨਣਾਨ ਭਰਜਾਈ ਦੇ ਹਰ ਕੰਮ ਵਿੱਚ ਟੋਕਾ-ਟਾਕੀ ਕਰਦੀ ਹੈ ਭਰਜਾਈ ਨੂੰ ਪਸੰਦ ਹੀ ਨਹੀਂ ਕਰਦੀ। ਨਣਾਨ ਤੇ ਭਰਜਾਈ ਦਾ ਰਿਸ਼ਤਾ ਕਦੇ ਪਿਆਰ ਭਰਿਆ ਕਦੇ ਕੁੜੱਤਣ ਵਿੱਚ ਦੇਖਿਆ ਜਾ ਸਕਦਾ ਹੈ। ਕਈ ਵਾਰੀ ਤਾਂ ਨਣਾਨ ਆਪਣੇ ਭਰਾ ਨੂੰ ਭਾਬੀ ਖਿਲਾਫ ਚੁੱਕ ਦਿੰਦੀ ਹੈ ਤੇ ਉਹ ਲੜਾਈ-ਝਗੜਾ ਕਰਦਾ ਹੈ।
ਇਸਦੇ ਉਲਟ ਜੇਕਰ ਸੁਭਾਵਿਕ ਹੀ ਉਸ ਦਾ ਆਪਣੇ ਪਤੀ ਨਾਲ ਕਿਸੇ ਗੱਲ ਤੋਂ ਝਗੜਾ ਹੋ ਜਾਵੇ ਤਾਂ ਉਹ ਸਮਝਦੀ ਹੈ ਕਿ ਜਰੂਰ ਨਣਾਨ ਨੇ ਲੂਤੀ ਲਾਈ ਹੈ।
ਨਨਾਣੇ ਪੁਆੜੇ ਹੱਥੀਏ, ਰਾਤੀਂ ਤੂੰ ਮੈਨੂੰ ਮਾਰ ਪਵਾਈ
ਜੇਕਰ ਨਣਾਨ-ਭਰਜਾਈ ਵਿੱਚ ਆਪਸੀ ਪਿਆਰ ਹੋਵੇ ਤਾਂ ਇਸ ਰਿਸ਼ਤੇ ਦੀ ਕੋਈ ਥਾਂ ਨਹੀਂ ਲੈ ਸਕਦਾ ।
ਭਾਬੀ ਤੇਰੇ ਰੰਗ ਵਰਗਾ,
ਮੈਨੂੰ ਬੇਰੀ ਹੇਠੋਂ ਬੇਰ ਥਿਆਇਆ
ਪਰ ਕਈ ਵਾਰ ਇਹ ਰਿਸ਼ਤਾ ਨਫਰਤ ਦਾ ਰੂਪ ਧਾਰ ਲੈਂਦਾ ਹੈ ਜਿਸ ਨਾਲ ਘਰ ਵਿੱਚ ਕਲੇਸ ਬਣਿਆ ਰਹਿੰਦਾ ਹੈ। ਰਿਸ਼ਤੇ ਵਿੱਚ ਫਿੱਕ ਪੈ ਜਾਂਦੀ ਹੈ। ਜਿੱਥੇ ਨਣਾਨ-ਭਰਜਾਈ ਆਪਸ ਵਿੱਚ ਸਹੇਲੀਆਂ ਭੈਣਾਂ ਵਾਂਗ ਰਹਿੰਦੀਆਂ ਹਨ ਉਸ ਘਰ ਵਿੱਚ ਪਿਆਰ ਦੇ ਫੁੱਲ ਮਹਿਕਦੇ ਹਨ। ਜਿਸ ਘਰ ਵਿੱਚ ਰਿਸ਼ਤਾ ਤਣਾਅਪੂਰਨ ਰਹਿੰਦਾ ਹੈ ਉੱਥੇ ਘਰ ਨਰਕ ਵਾਂਗ ਜਾਪਦੇ ਹਨ। ਨਣਾਨ-ਭਰਜਾਈ ਦੇ ਰਿਸ਼ਤੇ ਨੂੰ ਲੈ ਕੇ ਬੋਲੀਆਂ ਵੀ ਘੜੀਆਂ ਜਾਂਦੀਆਂ ਹਨ:-
ਉੱਚੇ ਟਿੱਬੇ ਮੈਂ ਤਾਣਾ ਤਣਦੀ,
ਉੱਤੋਂ ਦੀ ਲੰਘ ਗਈ ਵੱਛੀ,
ਨਣਾਨੇ ਮੋਰਨੀਏ ਘਰ ਜਾ ਕੇ ਨਾ ਦੱਸੀ,
ਨਣਾਨੇ …
ਨਣਾਨ ਤੇ ਭਰਜਾਈ ਦਾ ਰਿਸ਼ਤਾ ਸਹੇਲੀ ਤੇ ਭੈਣ ਵਰਗਾ ਹੁੰਦਾ ਹੈ ਭਰਜਾਈ ਆਪਣੇ ਦਿਲ ਦੀਆਂ ਗੱਲਾਂ ਦੱਸਦੀ ਹੈ:-
ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਰੋਂਦਾ ਨਣਦੇ,
ਅੱਖਾਂ ’ਚੋਂ ਵਗਦਾ ਨੀਰ,
ਨੀ ਜਦ ….
ਕਈ ਵਾਰ ਦੇਖਣ ਵਿੱਚ ਆਇਆ ਹੈ ਕਿ ਜਿੱਥੇ ਨਣਾਨ ਦੀ ਮੁਖਤਿਆਰੀ ਹੁੰਦੀ ਹੈ। ਉੱਥੇ ਅਕਸਰ ਹੀ ਘਰ ਬਰਬਾਦ ਹੋ ਜਾਂਦੇ ਹਨ। ਉਹ ਹਮੇਸ਼ਾ ਹੀ ਭਰਜਾਈ ਨੂੰ ਨੀਵਾਂ ਦਿਖਾਉਣ ਵਿੱਚ ਲੱਗੀ ਰਹਿੰਦੀ ਹੈ।
ਸੱਸ ਦਾ ਵੀ ਫਰਜ ਬਣਦਾ ਹੈ ਕਿ ਆਪਣੇ ਬਾਬਲ ਦਾ ਘਰ ਛੱਡ ਕੇ ਆਈ ਨੂੰਹ ਨੂੰ ਆਪਣੀ ਧੀ ਬਣਾਵੇ ਤੇ ਘਰ ਦੀ ਜਿੰਮੇਵਾਰੀ ਸੌਂਪੇ। ਤਾਂ ਜੋ ਆਪਸੀ ਸਾਂਝ-ਪਿਆਰ ਬਣਿਆ ਰਹੇ। ਨਣਾਨ-ਭਰਜਾਈ ਦੇ ਰਿਸ਼ਤੇ ਦੀ ਖਾਸੀਅਤ ਇਹ ਵੀ ਹੈ ਕਿ ਨਣਾਨ ਕਈ ਵਾਰ ਭਰਜਾਈ ਦੀ ਹਿਮਾਇਤ ਵੀ ਕਰਦੀ ਹੈ। ਆਪਣੀ ਮਾਂ ਨੂੰ ਸਮਝਾਉਂਦੀ ਹੈ ਕਿ ਉਹ ਵੀ ਇਸ ਘਰ ਦੀ ਧੀ ਹੈ। ਨਣਾਨ-ਭਰਜਾਈ ਦਾ ਰਿਸ਼ਤਾ ਦੋਸਤੀ ਦਾ ਵੀ ਹੁੰਦਾ ਹੈ ਜੋ ਹਰ ਗੱਲ ਇੱਕ-ਦੂਜੇ ਨੂੰ ਦੱਸਦੀਆਂ ਹਨ।
ਮਾਂ-ਬਾਪ ਦੇ ਤੁਰ ਜਾਣ ਤੋਂ ਬਾਅਦ ਨਣਾਨ ਨੇ ਹਮੇਸ਼ਾ ਭਰਜਾਈ ਦੇ ਮੱਥੇ ਲੱਗਣਾ ਹੁੰਦਾ ਹੈ ਸੋ ਨਣਾਨ ਨੂੰ ਵੀ ਚਾਹੀਦਾ ਹੈ ਕਿ ਉਹ ਪਿਆਰ ਨਾਲ ਰਿਸ਼ਤਾ ਨਿਭਾਵੇ। ਦੇਖਣ ਵਿੱਚ ਆਉਦਾ ਹੈ ਕਿ ਕਈ ਵਾਰ ਕੁੜੀ ਸਹੁਰੇ ਘਰ ਆਉਣ ਸਾਰ ਅੱਡ ਹੋ ਜਾਂਦੀ ਹੈ ਨਿੱਕੀ-ਨਿੱਕੀ ਗੱਲ ’ਤੇ ਨਣਾਨ ਨਾਲ ਖਾਰ ਖਾਂਦੀ ਹੈ। ਜੇਕਰ ਭਰਜਾਈ ਨਣਾਨ ਨੂੰ ਆਪਣੀ ਸਹੇਲੀ ਜਾਂ ਭੈਣ ਬਣਾ ਲਵੇ ਤਾਂ ਰਿਸ਼ਤਾ ਉਮਰਾਂ ਤੀਕ ਨਿਭ ਜਾਵੇਗਾ। ਸੋ ਦੋਵਾਂ ਦਾ ਫਰਜ਼ ਬਣਦਾ ਹੈ ਕਿ ਇਹ ਰਿਸ਼ਤਾ ਦਿਲੋਂ ਪਿਆਰ-ਸਤਿਕਾਰ ਨਾਲ ਨਿਭਾਇਆ ਜਾਵੇ। ਜੇਕਰ ਇੱਕ-ਦੂਜੇ ਦੀ ਕਦਰ ਕੀਤੀ ਜਾਵੇ ਤਾਂ ਹੀ ਰਿਸ਼ਤਾ ਚਿਰ-ਸਥਾਈ ਨਿਭ ਸਕਦਾ ਹੈ।
ਗਗਨਦੀਪ ਧਾਲੀਵਾਲ,
ਝਲੂਰ, ਬਰਨਾਲਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ