ਬਰਨਾਲਾ ਵਿਖੇ ਭਾਕਿਯੂ ਏਕਤਾ ਡਕੌਂਦਾ ਦੇ ਆਗੂਆਂ ਵੱਲੋਂ ‘ਜੂਝਾਰ ਰੈਲੀ’ ਦੌਰਾਨ ਪੰਜਾਬ ਸਰਕਾਰ ਨੂੰ ਚੇਤਾਵਾਨੀ

Bharatiya Kisan Union

ਜੂਝਾਰ ਰੈਲੀ’ ਦੇ ਇਕੱਠ ਦੀ ਲਲਕਾਰ; ਮੰਨੀਆਂ ਮੰਗਾਂ ਲਾਗੂ ਕਰੋ, ਨਹੀਂ ਤਾਂ ਸੰਘਰਸ਼ ਦੇ ਟਾਕਰੇ ਲਈ ਰਹੋ ਤਿਆਰ (Bharatiya Kisan Union )

  • ਆਗੂਆਂ ਦੀ ਅਗਵਾਈ ’ਚ ਹਾਜਰੀਨ ਨੇ ਹੱਥ ਖੜੇ ਕਰਕੇ 12 ਮਤਿਆਂ ਨੂੰ ਦਿੱਤੀ ਪ੍ਰਵਾਨਗੀ
  • ‘ਜੁੂਝਾਰ ਰੈਲੀ’ ’ਚ ਪੰਜਾਬ ਭਰ ’ਚੋਂ ਹਜ਼ਾਰਾਂ ਕਿਸਾਨ/ਮਜ਼ਦੂਰਾਂ ਨੇ ਸ਼ਿਰਕਤ ਕੀਤੀ।

(ਜਸਵੀਰ ਸਿੰਘ ਗਹਿਲ/ਰਜਿੰਦਰ ਸ਼ਰਮਾ) ਬਰਨਾਲਾ। ਕੇਂਦਰ ਤੇ ਸੂਬਾ ਸਰਕਾਰਾਂ ਕੋਲੋਂ ਕਿਸਾਨਾਂ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਸਮੇਤ ਚੋਣਾਂ ਦੇ ਮੱਦੇਨਜ਼ਰ ਲੋਕਾਂ ’ਚ ਚੇਤਨਾ ਲਿਆਉਣ ਦੇ ਮੰਤਵ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) (Bharatiya Kisan Union) ਵੱਲੋਂ ਬਰਨਾਲਾ ਦੀ ਦਾਣਾ ਮੰਡੀ ’ਚ ਕੀਤੀ ਗਈ ‘ਜੁੂਝਾਰ ਰੈਲੀ’ ’ਚ ਪੰਜਾਬ ਭਰ ’ਚੋਂ ਹਜ਼ਾਰਾਂ ਕਿਸਾਨ/ਮਜ਼ਦੂਰਾਂ ਨੇ ਸ਼ਿਰਕਤ ਕੀਤੀ।

ਰੈਲੀ ਦੌਰਾਨ ਆਗੂਆਂ ਨੇ ਮੰਗਾਂ ਨੂੰ ਲਾਗੂ ਨਾ ਕਰਨ ’ਤੇ ਖੇਤੀ ਕਾਨੂੰਨਾਂ ਵਿਰੁੱਧ ਚੱਲੇ ਸੰਘਰਸ਼ ਤੋਂ ਵੀ ਤਕੜੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਤੇ ਅਗਾਮੀ ਚੋਣਾਂ ’ਚ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਸੋਚ- ਸਮਝ ਕੇ ਕਰਨ ਲਈ ਪ੍ਰੇਰਿਆ। ਰੈਲੀ ਨੂੰ ਸੰਬੋਧਨ ਕਰਦਿਆਂ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਸਾਨਾਂ ਨੂੰ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਲਾਸਾਨੀ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਹਾਲੇ ਲੜਾਈ ਦਾ ਇੱਕ ਪੜਾ ਜਿੱਤਿਆ ਹੈ। ਜਦੋਂਕਿ ਖੇਤੀ ਨੂੰ ਲਾਹੇਵੰਦ ਕਿੱਤਾ ਬਣਾਉਣ ਦਾ ਲੰਬਾ ਤੇ ਕਠਿਨ ਯੁੱਧ ਸਾਹਮਣੇ ਹੈ। ਜਿਸ ਨੂੰ ਜਿੱਤੇ ਬਿਨਾਂ ਸਾਡੇ ਮੌਜੂਦਾਂ ਹਾਲਤਾਂ ਚ ਸੁਧਾਰ ਨਹੀਂ ਹੋਣਾ। ਇਸੇ ਯੁੱਧ ਨੂੰ ਹੋਰ ਵੀ ਵਧੇਰੇ ਜੋਸ਼/ਹੋਸ਼ ਨਾਲ ਜਾਰੀ ਰੱਖਣ ਦਾ ਅਹਿਦ ਕਰਨ ਲਈ ਹੀ ਸੰਗਰਾਮਾਂ ਦੀ ਧਰਤੀ ਬਰਨਾਲਾ ਵਿਖੇ ਇਕੱਠੇ ਹੋਣਾ ਆਪਣਾ ਮਕਸਦ ਹੈ।

ਸੰਯੁਕਤ ਕਿਸਾਨ ਮੋਰਚੇ ਨੇ 31 ਜਨਵਰੀ ਨੂੰ ਵਾਅਦਾ-ਖਿਲਾਫੀ ਵਜੋਂ ਮਨਾਉਣ ਦਾ ਦਿੱਤਾ ਸੱਦਾ

ਜਥੇਬੰਦੀ ਦੇ ਜਨਰਲ ਸਕੱਤਰ ਜਗਮੋਹਨ ਉਪਲ ਨੇ ਕਿਹਾ ਕਿ ਪੰਜਾਬ ’ਚ ਚੋਣਾਂ ਦਾ ਘੜਮੱਸ ਪਿਆ ਹੈ, ਜਿਸ ’ਚ ਸਾਨੂੰ ਆਪਣੇ ਅਸਲੀ ਨਿਸ਼ਾਨੇ ਨੂੰ ਨਾ ਵਿਸਾਰ ਕੇ ਸੁਚੇਤ ਰਹਿਣ ਦੀ ਲੋੜ ਹੈ ਕਿਉਂਕਿ ਕਿਸਾਨ ਅੰਦੋਲਨ ਦੀਆਂ ਕਈ ਮੰਗਾਂ ਹਾਲੇ ਵੀ ਜਿਉਂ ਦੀ ਤਿਉਂ ਹੀ ਲਟਕ ਰਹੀਆਂ ਹਨ। ਇਸ ਲਈ ਸੰਯੁਕਤ ਕਿਸਾਨ ਮੋਰਚੇ ਨੇ 31 ਜਨਵਰੀ ਨੂੰ ਵਾਅਦਾ-ਖਿਲਾਫੀ ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਜਿਸ ਤਹਿਤ ਸਮੁੱਚੇ ਜ਼ਿਲਾ ਹੈਡਕੁਆਰਟਰਾਂ ’ਤੇ ਰੋਹ ਭਰਪੂਰ ਮੁਜ਼ਾਹਰੇ ਕੀਤੇ ਜਾਣਗੇ। ਮੀਤ ਪ੍ਰਧਾਨ ਮਨਜੀਤ ਧਨੇਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਆਪਣੇ ਵਾਅਦੇ ਅਨੁਸਾਰ ਕਿਸਾਨਾਂ/ਮਜ਼ਦੂਰਾਂ ਦੇ ਸਮੁੱਚੇ ਕਰਜੇ ਮੁਆਫ ਕਰੇ ਨਹੀਂ ਤਾਂ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਕਿਸਾਨ/ਮਜ਼ਦੂਰਾਂ ਦੀ ਦੁਰਦਸ਼ਾ ਲਈ ਕੇਂਦਰ ਤੇ ਸੂਬਾ ਸਰਕਾਰਾਂ ਜਿੰਮੇਵਾਰ

ਉਨਾਂ ਕਿਹਾ ਕਿ ਕਿਸਾਨ/ਮਜ਼ਦੂਰਾਂ ਦੀ ਦੁਰਦਸ਼ਾ ਲਈ ਕੇਂਦਰ ਤੇ ਸੂਬਾ ਸਰਕਾਰਾਂ ਜਿੰਮੇਵਾਰ ਹਨ। ਇਸ ਲਈ ਦਿੱਲੀ ਦੀ ਜਿੱਤ ਤੋਂ ਬਾਅਦ ਹੁਣ ਜੇਕਰ ਪੰਜਾਬ ਸਰਕਾਰ ਨੇ ਉਨਾਂ ਦੀ ਗੱਲ ਨਾ ਸੁਣੀ ਤਾਂ ਇਸ ਦੀ ਨੀਂਦ ਹਰਾਮ ਕਰਨ ਲਈ ਉਹ ਪਹਿਲਾਂ ਹੀ ਤਿਆਰ ਹਨ। ਜਿਸ ਦੀ ਗਵਾਹੀ ਅੱਜ ਦਾ ਲਾਮਿਸਾਲ ਇਕੱਠ ਭਰ ਰਿਹਾ ਹੈ।

ਆਗੂਆਂ ਕਿਹਾ ਕਿ ਕਿਸਾਨ ਅੰਦੋਲਨ ਨੇ ਕਿਰਤੀਆਂ ਨੂੰ ਉਨਾਂ ਦੇ ਅਸਲ ਦੁਸ਼ਮਣ ਦੀ ਪਛਾਣ ਕਰਵਾਈ। ਜਿਸ ਪਿੱਛੋਂ ਇਹ ਸਾਮਰਾਜੀ ਕਾਰਪੋਰੇਟ ਜਗਤ ਦੀ ਅੰਨੀ ਲੁੱਟ ਖਿਲਾਫ ਇਕ ਵੇਰ ਫਿਰ ਦੇਸ਼ ਦੀਆਂ ਸੜਕਾਂ ’ਤੇ ਆਰ-ਪਾਰ ਦੀ ਲੜਾਈ ਲੜਨ ਦੇ ਰੌਅ ’ਚ ਹਨ।

ਉਹਨਾਂ ਕਿਹਾ ਕਿ ਕਿਸਾਨ ਇਹ ਸਮਝ ਚੁੱਕੇ ਹਨ ਕਿ ਭਾਵੇਂ ਦੇਸ਼ ਦੀ ਵਾਗਡੋਰ ਭਾਵੇਂ ਕਿਸੇ ਵੀ ਹੱਥ ਹੋਵੇ, ਸੰਸਾਰ ਦੀਆਂ ਸੱਤ ਮਹਾਂ ਸ਼ਕਤੀਆਂ ਪੂਰੇ ਸੰਸਾਰ ਦੀ ਲੁੱਟ ਕਰਦੀਆਂ ਹਨ। ਨਿਜੀਕਰਨ, ਉਦਾਰੀਕਰਨ ਤੇ ਖੁੱਲੀ ਮੰਡੀ ਦੀਆਂ ਸਾਮਰਾਜੀ ਨੀਤੀਆਂ ਤਹਿਤ ਪਹਿਲਾਂ ਕਾਂਗਰਸ ਹਾਕਮਾਂ ਨੇ ਅਤੇ ਹੁਣ ਭਾਜਪਾਈ ਹਾਕਮਾਂ ਨੇ ਦੇਸ਼ ਦੇ ਸਮੁੱਚੇ ਪਬਲਿਕ ਸੈਕਟਰ ਨੂੰ ਸੇਲ ’ਤੇ ਲਾ ਕੇ ਨੀਲਾਮ ਕਰ ਦਿੱਤਾ ਹੈ। ਆਗੂਆਂ ਕਿਹਾ ਕਿ ਸਮੇਂ ਸਮੇਂ ’ਤੇ ਦੇਸ਼ ਤੇ ਵੱਖ ਵੱਖ ਸੂਬਿਆਂ ਦੀ ਸੱਤਾ ’ਤੇ ਕਾਬਜ਼ ਰਹੀਆਂ ਵੱਖ ਵੱਖ ਸਿਆਸੀ ਪਾਰਟੀਆਂ ਨੇ ਖੇਤੀ ਸੈਕਟਰ ’ਤੇ ਕਬਜਾ ਕਰਨ ਲਈ ਦੇਸੀ ਵਿਦੇਸ਼ੀ ਸਰਮਾਏਦਾਰ ਲੁਟੇਰਿਆਂ ਲਈ ਕਾਲੇ ਕਾਨੂੰਨ ਲਿਆਂਦੇ ਸਨ। ਜਿਨਾਂ ਨੂੰ ਦੇਸ਼ ਦੇ ਕਿਸਾਨਾਂ ਨੇ ਜਾਨਹੂਲਵੇਂ ਸੰਘਰਸ਼ ਸਦਕਾ ਰੱਦ ਕਰਨ ਲਈ ਸਮੇਂ ਦੇ ਹਾਕਮਾਂ ਨੂੰ ਮਜ਼ਬੂਰ ਕੀਤਾ।

ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਹੋਵੇ (Bharatiya Kisan Union )

ਸੂਬਾਈ ਆਗੂ ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਰਾਮ ਸਿੰਘ ਮਟੌਰਡਾ, ਬਲਵੰਤ ਸਿੰਘ ਉਪਲੀ, ਕੁਲਵੰਤ ਸਿੰਘ ਕਿਸ਼ਨਗੜ, ਤੇ ਲੱਛਮਣ ਭਾਗੀਵਾਂਦਰ ਅਤੇ ਔਰਤ ਆਗੂਆਂ ਬਲਜੀਤ ਕੌਰ ਕਾਤਰੋਂ, ਸੀਰਾ ਮਹੰਤ ਬਠਿੰਡਾ, ਐਡਵੋਕੇਟ ਬਲਵੀਰ ਕੌਰ ਮਾਨਸਾ ਅਤੇ ਅਮਰਜੀਤ ਕੌਰ ਬਰਨਾਲਾ ਨੇ ਉਪਰੋਕਤ ਮੰਗਾਂ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਬਿਜਲੀ ਐਕਟ 2020 ਰੱਦ ਕਰਾਉਣ, ਪ੍ਰਦੂਸ਼ਣ ਐਕਟ ਚੋਂ ਕਿਸਾਨ ਮਦ ਖਤਮ ਕਰਾਉਣ, ਜਨਤਕ ਵੰਡ ਪ੍ਰਣਾਲੀ ਪ੍ਰਬੰਧ ਨੂੰ ਮਜਬੂਤ ਕਰਨ ਆਦਿ ਹੋਰ ਵੀ ਉਭਾਰਿਆ।

ਇਸ ਮੌਕੇ ਯੂਨੀਅਨ ਦੇ ਜਿਲਾ ਪ੍ਰਧਾਨਾਂ ਦਰਸ਼ਨ ਸਿੰਘ ਉਗੋਕੇ ਬਰਨਾਲਾ, ਬਲਦੇਵ ਸਿੰਘ ਭਾਈਰੂਪਾ ਬਠਿੰਡਾ, ਕਰਮ ਸਿੰਘ ਬਲਿਆਲ ਸੰਗਰੂਰ, ਗੁਰਮੇਲ ਸਿੰਘ ਢੱਕਡੱਬਾ ਪਟਿਆਲਾ, ਅੰਗਰੇਜ਼ ਸਿੰਘ ਮੋਹਾਲੀ, ਧਰਮਪਾਲ ਸਿੰਘ ਰੋੜੀਕਪੂਰਾ ਫਰੀਦਕੋਟ, ਹਰਨੇਕ ਸਿੰਘ ਮਹਿਮਾ ਫਿਰੋਜ਼ਪੁਰ, ਹਰੀਸ਼ ਨੱਢਾ ਫਾਜਲਿਕਾ, ਮਹਿੰਦਰ ਸਿੰਘ ਦਿਆਲਪੁਰਾ ਮਾਨਸਾ, ਸੁਖਚੈਨ ਸਿੰਘ ਰਾਜੂ ਮੋਗਾ, ਮਹਿੰਦਰ ਸਿੰਘ ਕਮਾਲਪੁਰਾ ਲੁਧਿਆਣਾ ਤੇ ਪਰਵਿੰਦਰ ਸਿੰਘ ਪੰਨੀਵਾਲ ਮੁਕਤਸਰ ਆਦਿ ਆਗੂਆਂ ਤੋਂ ਇਲਾਵਾ ਕਿਸਾਨ ਮਰਦ/ਔਰਤਾਂ ਤੇ ਬਜ਼ੁਰਗ ਵੀ ਹਾਜ਼ਰ ਸਨ।

ਇਕੱਠ ਨੇ ਇਨਾਂ ਮਤਿਆਂ ਨੂੰ ਦਿੱਤੀ ਪ੍ਰਵਾਨਗੀ

1. ਮੋਦੀ ਹਕੂਮਤ ਵੱਲੋਂ ਐਮਐਸਪੀ ਦੀ ਗਰੰਟੀ ਕਰਨ ਲਈ ਖੇਤੀ ਮਾਹਿਰਾਂ, ਕੇਂਦਰੀ ਸਰਕਾਰ ਦੇ ਨੁਮਾਇੰਦਿਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਦੀ ਸਾਂਝੀ ਕਮੇਟੀ ਬਣਾਉਣ ਦੇ ਲਿਖਤੀ ਵਾਅਦੇ ਤਹਿਤ ਕਮੇਟੀ ਦਾ ਤੁਰੰਤ ਗਠਨ ਕੀਤਾ ਜਾਵੇ।

2. ਕਿਸਾਨਾਂ ਸਿਰ ਝੂਠੇ ਪੁਲਿਸ ਕੇਸ ਰੱਦ ਕਰਨ ਅਤੇ ਲਖੀਮਪੁਰ ਕਤਲ ਕਾਂਡ ਦੇ ਮੁੱਖ ਸਾਜਿਸ ਘਾੜੇ ਅਜੈ ਮਿਸ਼ਰਾ ਟੈਨੀ ਨੂੰ ਕੇਂਦਰੀ ਮੰਤਰੀ ਮੰਡਲ ’ਚੋਂ ਤੁਰੰਤ ਬਰਖਾਸਤ ਕੀਤਾ ਜਾਵੇ।

3. ਦੇਸ਼ ਭਰ ਦੀਆਂ ਜੇਲਾਂ ’ਚ ਤਿੰਨ ਸਾਲ ਤੋਂ ਯੂਏਪੀਏ ਧਾਰਾ ਤਹਿਤ ਬੰਦ ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਯੂਏਪੀਏ ਅਤੇ ਅਫਸਪਾ ਜਿਹੇ ਕਾਲੇ ਕਾਨੂੰਨ ਰੱਦ ਕੀਤੇ ਜਾਣ।

4. ਕਿਸਾਨਾਂ/ਮਜ਼ਦੂਰਾਂ ਸਿਰ  ਹਰ ਕਿਸਮ ਦੇ ਕਰਜੇ ਪੂਰੀ ਤਰਾਂ ਰੱਦ ਕੀਤੇ ਜਾਣ।

5. ਮਜ਼ਦੂਰ ਵਰਗ ’ਤੇ ਠੋਸੇ ਕਾਲੇ ਕਿਰਤ ਕਾਨੂੰਨ ਰੱਦ ਕੀਤੇ ਜਾਣ ਦੀ ਮੰਗ ਸਮੇਤ ਇਕੱਠ ਮਜ਼ਦੂਰ ਵਰਗ ਵੱਲੋਂ 23-24 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੀ ਜੋਰਦਾਰ ਹਮਾਇਤ ਕਰਨ ਦਾ ਐਲਾਨ ਕਰਦਾ ਹੈ।

6. ਭਾਜਪਾ-ਆਰਐਸਐਸ ਦੀ ਗਿਣੀ ਮਿਥੀ ਸਾਜਿਸ ਤਹਿਤ ਧਰਮ ਸਾਂਸਦ ਦੀ ਆੜ ਹੇਠ ਘੱਟ ਗਿਣਤੀ ਮੁਸਲਿਮ ਭਾਈਚਾਰੇ ਖਿਲਾਫ ਜਹਿਰ ਉਗਲਣ ਵਾਲੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣ।

7. ‘ਜੂਝਾਰ ਰੈਲੀ’ ਸੂਬੇ ਭਰ ’ਚ ਪੱਕੇ ਰੁਜ਼ਗਾਰ ਅਤੇ ਪੁਰਾਣੀ ਪੈਨਸਨ ਬਹਾਲੀ ਲਈ ਸੰਘਰਸ ਕਰ ਰਹੇ ਕਾਮਿਆਂ ਦੇ ਸੰਘਰਸ਼ ਨਾਲ ਇੱਕਜੁਟਤਾ ਦਾ ਪ੍ਰਗਟਾਵਾ ਕਰਕੇ ਉਨਾਂ ਦੀਆਂ ਮੰਗਾਂ ਨੂੰ ਮੰਨੇ ਜਾਣ ਦੀ ਮੰਗ ਕਰਦੀ ਹੈ।
8. ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ-ਮਜ਼ਦੂਰਾਂ ਦੇ ਆਸ਼ਰਿਤ ਪਰਿਵਾਰਾਂ ਲਈ ਮੁਆਵਜਾ, ਸਰਕਾਰੀ ਨੌਕਰੀ ਅਤੇ ਸਮੁੱਚਾ ਕਰਜਾ ਖਤਮ ਕੀਤਾ ਜਾਵੇ।

9. ‘ਜੂਝਾਰ ਰੈਲੀ’ ਪੇਂਡੂ/ਖੇਤ ਮਜ਼ਦੂਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਚਲਾਏ ਜਾ ਰਹੇ ਸੰਘਰਸ਼ ਦੀ ਹਮਾਇਤ ਤੇ ਸਮੂਹ ਪਿੰਡ ਇਕਾਈਆਂ ਨੂੰ ਕਿਰਤੀ ਵਰਗ ਨੂੰ ਜਥੇਬੰਦ ਹੋਣ ’ਚ ਸਹਿਯੋਗ ਕਰਨ ਦੀ ਅਪੀਲ ਕਰਦੀ ਹੈ।

10. ‘ਜੂਝਾਰ ਰੈਲੀ’ ਕੇਂਦਰ ਸਰਕਾਰ ਵੱਲੋਂ ਆਮ ਲੋਕਾਂ ਕੋਲੋਂ ਸਿੱਖਿਆ ਦਾ ਹੱਕ ਖੋਹਣ ਲਈ ਜਬਰੀ ਥੋਪੀ ਨਵੀਂ ਸਿੱਖਿਆ ਨੀਤੀ 2020 ਰੱਦ ਕਰਨ ਦੀ ਮੰਗ ਕਰਦੀ ਹੈ।

11. ‘ਜੂਝਾਰ ਰੈਲੀ’ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਜਨਤਕ ਖੇਤਰ ਦੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਦੇਸੀ-ਵਿਦੇਸ਼ੀ ਘਰਾਣਿਆਂ ਨੂੰ ਸੌਂਪਣ ਦਾ ਸਖ਼ਤ ਵਿਰੋਧ ਕਰਦੀ ਹੈ।

12. ‘ਜੂਝਾਰ ਰੈਲੀ’ ਭਾਰਤੀ ਹਾਕਮਾਂ ਨੂੰ ਸਾਮਰਾਜੀ ਮੁਲਕਾਂ ਦੀ ਪ੍ਰਤੀਨਧ ਲੁਟੇਰੀ ਵਿਸ਼ਵ ਵਪਾਰ ਸੰਸਥਾ ’ਚੋਂ ਬਾਹਰ ਆਉਣ ਦੀ ਜੋਰਦਾਰ ਮੰਗ ਕਰਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ