Fig Farming: ਸਿਹਤ ਤੇ ਆਰਥਿਕਤਾ ਨੂੰ ਹੁਲਾਰਾ ਦਿੰਦੀ ਅੰਜੀਰ ਦੀ ਖੇਤੀ : Anjeer Di Kheti

Fig Farming
Fig Farming: ਸਿਹਤ ਤੇ ਆਰਥਿਕਤਾ ਨੂੰ ਹੁਲਾਰਾ ਦਿੰਦੀ ਅੰਜੀਰ ਦੀ ਖੇਤੀ : Anjeer Di Kheti

Fig Farming: ਅੰਜ਼ੀਰ ਦੀ ਲਾਹੇਵੰਦ ਫਸਲ ਲੈਣ ਲਈ ਅਹਿਮ ਨੁਕਤੇ

ਪੌਣ ਪਾਣੀ ਅਤੇ ਜ਼ਮੀਨ: ਅੰਜ਼ੀਰ ਇੱਕ ਪੱਤਝੜੀ ਫਲਦਾਰ ਬੂਟਾ ਹੈ ਜਿਸ ਦੀ ਫਸਲ ਗਰਮ, ਖੁਸ਼ਕ ਇਲਾਕੇ ਵਿੱਚ ਜਿੱਥੇ ਘੱਟ ਵਰਖਾ, ਪਰ ਸੂਰਜ ਦੀ ਰੌਸ਼ਨੀ ਪੂਰੀ ਪੈਂਦੀ ਹੋਵੇ, ਅਜਿਹੇ ਵਾਤਾਵਰਨ ਵਿੱਚ ਹੁੰਦੀ ਹੈ । ਅੰਜ਼ੀਰ ਗਰਮ ਰੁੱਤ ਕਾਫੀ ਹੱਦ ਤੱਕ ਸਹਾਰ ਲੈਂਦਾ ਹੈ ਪਰ ਬਹੁਤ ਜਿਆਦਾ ਤਾਪਮਾਨ ਨਾਲ ਉੱਪਰਲੇ ਪੱਤੇ ਝੁਲਸ ਜਾਂਦੇ ਹਨ । ਪੱਕਣ ਸਮੇਂ ਭਾਰੀ ਬਾਰਸ਼ ਨਾਲ ਪੱਕੇ ਹੋਏ ਫਲ ਫਟ ਜਾਂਦੇ ਹਨ । ਸਿੱਲ੍ਹਾ ਮੌਸਮ ਕਈਂ ਤਰ੍ਹਾਂ ਦੀਆਂ ਬਿਮਾਰੀਆਂ ਵਧਾਉਣ ਲਈ ਵੀ ਜ਼ਿੰਮੇਵਾਰ ਹੁੰਦਾ ਹੈ ਜਿਸ ਨਾਲ ਫਲ ਦੀ ਗੁਣਵੱਤਾ ’ਤੇ ਪ੍ਰਭਾਵ ਪੈਂਦਾ ਹੈ ।

ਅੰਜ਼ੀਰ ਨੂੰ ਅਲੱਗ-ਅਲੱਗ ਕਿਸਮਾਂ ਦੀ ਜ਼ਮੀਨ ਉੱਪਰ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਜੇਕਰ ਪਾਣੀ ਦਾ ਚੰਗਾ ਨਿਕਾਸ ਉਪਲੱਬਧ ਹੋਵੇ ।ਅੰਜੀਰ ਦੀ ਫਸਲ ਲਈ ਚੰਗੇ ਜਲ ਨਿਕਾਸ ਵਾਲੀ ਜ਼ਮੀਨ ਚਾਹੀਦੀ ਹੈ । ਜਿਆਦਾ ਪਾਣੀ ਵਾਲੀਆਂ ਭਾਰੀਆਂ ਜ਼ਮੀਨਾਂ ਆਮ ਤੌਰ ’ਤੇ ਇਸ ਦੀ ਫਸਲ ਲਈ ਢੁੱਕਵੀਆਂ ਨਹੀਂ । Fig Farming

ਉੱਨਤ ਕਿਸਮ : | Fig Farming

ਅੰਜੀਰ ਦੀ ਇੱਕ ਹੀ ਕਿਸਮ ਸਿਫਾਰਿਸ਼ ਕੀਤੀ ਗਈ ਹੈ, ਜਿਸ ਦਾ ਨਾਂ ‘‘ਬਰਾਊਨ ਟਰਕੀ’’ ਹੈ । ਇਸ ਕਿਸਮ ਦੇ ਫਲ ਮਈ ਦੇ ਅਖੀਰਲੇ ਹਫਤੇ ਤੋਂ ਜੂਨ ਦੇ ਅਖੀਰ ਤੱਕ ਪੱਕਦੇ ਹਨ । ਇਸ ਕਿਸਮ ਦੇ ਫਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ । ਫਲਾਂ ਦਾ ਰੰਗ ਗੂੜ੍ਹਾ ਬੈਂਗਣੀ ਹੁੰਦਾ ਹੈ । ਫਲਾਂ ਦਾ ਗੁੱਦਾ ਗੁਲਾਬੀ ਭੂਰੇ ਰੰਗ ਅਤੇ ਉੱਤਮ ਸੁਗੰਧੀ ਵਾਲਾ ਹੁੰਦਾ ਹੈ । ਫਲ ਦੇ ਥੱਲੇ ਦਰਮਿਆਨੇ ਆਕਾਰ ਦੀ ਅੱਖ ਹੁੰਦੀ ਹੈ ਅਤੇ ਫਲਾਂ ਉੱਪਰ ਗੂੜ੍ਹੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ । ਇਸ ਕਿਸਮ ਨੂੰ ਫਲ ਬਹੁਤ ਲੱਗਦਾ ਹੈ ਅਤੇ ਪ੍ਰਤੀ ਬੂਟਾ ਝਾੜ 53 ਕਿਲੋ ਹੁੰਦਾ ਹੈ ।

ਨਸਲੀ ਵਾਧਾ :

ਨਸਲੀ ਵਾਧੇ ਲਈ ਅੰਜ਼ੀਰ ਦੇ ਬੂਟੇ ਇੱਕ ਸਾਲ ਪੁਰਾਣੀਆਂ ਸ਼ਾਖਾਵਾਂ ਤੋਂ ਜਨਵਰੀ ਵਿੱਚ ਤਿਆਰ ਕੀਤੇ ਜਾਂਦੇ ਹਨ । ਇਸ ਲਈ 30-45 ਸੈਂਟੀਮੀਟਰ ਲੰਬੀਆਂ ਕਲਮਾਂ ਦੀ ਚੋਣ ਕਰੋ, ਜਿਸ ਉੱਪਰ ਘੱਟੋ-ਘੱਟ ਤਿੰਨ ਤੋਂ ਚਾਰ ਅੱਖਾਂ ਹੋਣ । ਕਲਮਾਂ ਨੂੰ ਨਰਸਰੀ ਵਿੱਚ ਲਗਾਉਣ ਸਮੇਂ ਹਰ ਕਲਮ ਦਾ ਇਕ ਤਿਹਾਈ ਹਿੱਸਾ ਜ਼ਮੀਨ ਤੋਂ ਬਾਹਰ ਅਤੇ ਦੋ ਤਿਹਾਈ ਹਿੱਸਾ ਜ਼ਮੀਨ ਦੇ ਅੰਦਰ ਦਬਾਓ ਤਾਂ ਜੋ ਸਹੀ ਤਰ੍ਹਾਂ ਨਸਲੀ ਵਾਧਾ ਹੋ ਸਕੇ।

ਬੂਟੇ ਲਗਾਉਣ ਦਾ ਸਮਾਂ ਤੇ ਫਾਸਲਾ : | Fig Farming

ਪੰਜਾਬ ਵਿੱਚ ਅੰਜ਼ੀਰ ਦੇ ਬੂਟੇ ਲਗਾਉਣ ਦਾ ਸਮਾਂ ਜਨਵਰੀ-ਫਰਵਰੀ ਹੈ। ਬੂਟੇ 6ਗੁਣਾ6 ਮੀਟਰ ਦੇ ਫਾਸਲੇ ਤੇ ਲਾਏ ਜਾ ਸਕਦੇ ਹਨ । ਬੂਟੇ ਲਗਾਉਣ ਲਈ ਵਰਗਾਕਾਰ ਢੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ । ਇਸ ਤਰ੍ਹਾਂ 110 ਬੂਟੇ ਪ੍ਰਤੀ ਏਕੜ ’ਚ ਲਗਾਏ ਜਾ ਸਕਦੇ ।

ਸੁਧਾਈ ਅਤੇ ਕਾਂਟ-ਛਾਂਟ :

ਅੰਜ਼ੀਰ ਦੀ ਸੁਧਾਈ ਬੂਟੇ ਲਗਾਉਣ ਤੋਂ ਤਿੰਨ ਚਾਰ ਸਾਲ ਅੰਦਰ ਪੂਰੀ ਕਰ ਲੈਣੀ ਚਾਹੀਦੀ ਹੈ । ਸੁਧਾਈ ‘ਸੁਧਰੇ ਮੁੱਢ’ ਨਾਲ ਕੀਤੀ ਜਾ ਸਕਦੀ ਹੈ। ਸਰਦੀ ਦੇ ਮੌਸਮ ਵਿੱਚ ਹਲਕੀ ਕਾਂਟ-ਛਾਂਟ ਨਾਲ ਨਵੀਆਂ ਸ਼ਾਖਾਵਾਂ ਜ਼ਿਆਦਾ ਬਣਦੀਆਂ ਹਨ ਅਤੇ ਭਰਪੂਰ ਫਲ ਲੱਗਦਾ ਹੈ । ਚਲਦੇ ਮੌਸਮ ਦੌਰਾਨ ਫੁੱਟੀਆਂ ਨਵੀਆਂ ਸ਼ਾਖਾ ਦੇ ਪੱਤਿਆਂ ਦੇ ਧੁਰੇ ਵਿੱਚ ਹੀ ਅੰਜ਼ੀਰ ਦਾ ਫਲ ਲਗਦਾ ਹੈ । ਹਰ ਤੀਜੇ ਸਾਲ ਅੰਜ਼ੀਰ ਦੇ ਬੂਟਿਆਂ ਦੀ ਭਰਵੀਂ ਕਟਾਈ ਕਰੋ । ਇਸ ਤੋਂ ਇਲਾਵਾ ਹਰ ਸਾਲ ਦੀਆਂ ਪਤਲੀਆਂ, ਸੁੱਕੀਆਂ, ਟੁੱਟੀਆਂ ਅਤੇ ਬਿਮਾਰ ਟਾਹਣੀਆਂ ਵੀ ਕੱਟ ਦਿਉ ਅਤੇ ਕੱਟੇ ਹੋਏ ਸਿਰਿਆਂ ਤੇ ਬੋਰਡ ਪੇਸਟ ਲਗਾ ਦਿਉ।

ਸਿੰਚਾਈ ਤੇ ਖਾਦਾਂ :

ਅੰਜ਼ੀਰ ਦੇ ਬੂਟਿਆਂ ਦੀਆਂ ਜੜ੍ਹਾਂ ਘੱਟ ਡੂੰਘੀਆਂ ਹੋਣ ਕਾਰਨ ਗਰਮ ਅਤੇ ਖੁਸ਼ਕ ਮੌਸਮ ਦੌਰਾਨ ਪਾਣੀ ਦੀ ਕਮੀਂਨਾਲ ਨੁਕਸਾਨ ਹੈ। ਫਲ ਦੇ ਵਾਧੇ ਦੌਰਾਨ ਬੂਟੇ ਦੀ ਹਲਕੀ ਅਤੇ ਬਰਾਬਰ ਸਿੰਚਾਈ ਕਰਨੀ ਚਾਹੀਦੀ ਹੈ । ਜ਼ਿਆਦਾ ਸਿੰਚਾਈ ਮਿੱਟੀ ਦੀ ਨਮੀਂ ਵਧਾ ਦਿੰਦੀ ਹੈ ਜਿਸ ਕਾਰਣ ਫਲ ਫਟਣੇ ਸ਼ੁਰੂ ਹੋ ਜਾਂਦੇ ਹਨ । ਫਲ ਦੀ ਪਕਾਈ ਸਮੇਂ ਸਿੰਚਾਈ ਬੰਦ ਕਰ ਦੇਣੀ ਚਾਹੀਦੀ ਹੈ, ਨਹੀਂ ਤਾਂ ਫਲ ਦਾ ਸੁਆਦ ਖਰਾਬ ਹੋ ਜਾਂਦਾ ਹੈ । ਬੂਟੇ ਨੂੰ ਖਾਦਾਂ ਲੋੜ ਅਨੁਸਾਰ ਹੀ ਪਾਉ । ਇੱਕ ਸਾਲ ਦੇ ਬੂਟੇ ਨੂੰ 25 ਕਿਲੋ ਰੂੜੀ ਦੀ ਖਾਦ ਅਤੇ 60 ਗ੍ਰਾਮ ਨਾਈਟਰੋਜਨ ਖਾਦ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਉ ।

ਫਲਾਂ ਦਾ ਪੱਕਣਾ ਅਤੇ ਤੁੜਾਈ :

ਅੰਜ਼ੀਰ ਦੇ ਫਲਾਂ ਦੀ ਤੁੜਾਈ ਪੂਰਾ ਰੰਗ ਆਉਣ ’ਤੇ ਹੀ ਕਰੋ । ਪੱਕੇ ਫਲ ਦੀ ਨਿਸ਼ਾਨੀ ਹੈ ਕਿ ਉਹ ਥੱਲੇ ਨੂੰ ਸੁੱਕਣਾ ਸ਼ੁਰੂ ਹੁੰਦਾ ਹੈ । ਫਲ ਥੋੜ੍ਹੇ ਸਖਤ ਹੱਥਾਂ ਨਾਲ ਘੁੰਮਾ ਕੇ ਅਤੇ ਖਿੱਚ ਕੇ ਤੋੜੋ । ਤੋੜਾਈ ਸਮੇਂ ਫਲਾਂ ਵਿਚੋਂ ਨਿਕਲ ਰਹੇ ਦੁੱਧ ਨਾਲ ਚਮੜੀ ਤੇ ਖਾਰਸ਼ ਹੋ ਸਕਦੀ ਹੈ । ਇਸ ਲਈ ਫਲ ਤੋੜਨ ਵੇਲੇ ਦਸਤਾਨੇ ਪਾਉਣੇ ਚਾਹੀਦੇ ਹਨ । ਦੁੱਧ ਨਾਲ ਫਲ ਦੀ ਚਮੜੀ ਉੱਪਰ ਦਾਗ ਪੈਣ ਤੋਂ ਬਚਾਉਣ ਲਈ ਫਲਾਂ ਦੀ ਸਾਂਭ-ਸੰਭਾਲ ਬਹੁਤ ਧਿਆਨ ਨਾਲ ਕਰੋ । ਫਲਾਂ ਨੂੰ ਗੱਤੇ ਦੇ ਡੱਬੇ ਵਿੱਚ ਰੱਖੋ । ਧਿਆਨ ਦਿਉ ਕਿ ਫਲ ਦੋ ਤੋਂ ਵੱਧ ਪਰਤਾਂ ਵਿੱਚ ਨਾ ਰੱਖੋ ਤਾਂ ਜੋ ਫਲ ਦੀ ਗੁਣਵੱਤਾ ਬਰਕਰਾਰ ਰਹਿ ਸਕੇ ।

ਪੌਦ ਸੁਰੱਖਿਆ :

1. ਤਣੇ ਦਾ ਗੜੂੰਆ :

ਇਹ ਕੀੜਾ ਕਦੇ-ਕਦੇ ਤਣਿਆਂ ਵਿੱਚ ਮੋਰੀਆਂ ਕਰਕੇ ਤਣੇ ਨੂੰ ਨਕਾਰਾ ਕਰ ਦਿੰਦਾ ਹੈ । ਇਸ ਦੀ ਰੋਕਥਾਮ ਲਈ ਮਿੱਟੀ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ ।

2. ਫਲ ਦੀ ਮੱਖੀ :

ਇਹ ਇੱਕ ਖਾਸ ਅਤੇ ਹਾਨੀਕਾਰਕ ਕੀੜਾ ਹੈ । ਫਲ ਦੀ ਮੱਖੀ ਵਧ ਰਹੇ ਫਲ ਦੀ ਬਾਹਰੀ ਛਿੱਲੜ ਤੇ ਅੰਡੇ ਜਮ੍ਹਾਂ ਕਰਦੀ ਹੈ । ਅੰਡੇ ਵਿਚੋਂ ਬੱਚੇ ਨਿੱਕਲਣ ਤੋਂ ਬਾਅਦ ਸੁੰਡੀ ਰੁੱਦੇ ਵਿੱਚ ਦਾਖਲ ਹੋ ਕੇ ਖਾਣਾ ਸ਼ੁਰੂ ਕਰ ਦਿੰਦੀ ਹੈ। ਹਮਲੇ ਵਾਲੇ ਫਲ ਬੇਢੱਬੇ, ਗਲ ਕੇ ਡਿੱਗਣਾ ਸ਼ੁਰੂ ਕਰ ਦਿੰਦੇ ਹਨ । ਨੁਕਸਾਨ ਹੋਏ ਫਲਾਂ ਨੂੰ ਨਸ਼ਟ ਕਰ ਦਿਉ

3. ਕੁਤਰਾ :

ਕੁਤਰਾ ਇਕ ਆਮ ਪਾਇਆ ਜਾਣ ਵਾਲਾ ਕੀੜਾ ਹੈ । ਹਮਲਾ ਗੰਭੀਰ ਹੋਣ ’ਤੇ ਸਾਰਾ ਦਰੱਖਤ ਪੱਤਿਆਂ ਤੋਂ ਰਹਿਤ ਹੋ ਜਾਂਦਾ ਹੈ । ਕੀੜਿਆਂ ਅਤੇ ਅੰਡਿਆਂ ਨੂੰ ਇੱਕ ਥਾਂ ਇਕੱਠੇ ਕਰਕੇ ਨਸ਼ਟ ਕਰ ਦਿਉ