Cheese Seized: ਤਿਉਹਾਰੀ ਮੁਹਿੰਮ- ਡੇਅਰੀ ਯੂਨਿਟ ਤੋਂ ਚੈਕਿੰਗ ਦੌਰਾਨ 225 ਕਿਲੋਂ ਸ਼ੱਕੀ ਪਨੀਰ ਜ਼ਬਤ

Cheese Seized
ਪਟਿਆਲਾ : ਸਿਹਤ ਵਿਭਾਗ ਦੀ ਟੀਮ ਵੱਲੋਂ ਜ਼ਬਤ ਕੀਤੇ ਗਏ ਪਨੀਰ ਦਾ ਦ੍ਰਿਸ਼।

ਨਾਭਾ ਅਤੇ ਰਾਜਪੁਰਾ ਵਿੱਚ ਵੀ ਕੀਤੀ ਗਈ ਚੈਕਿੰਗ, 11 ਸੈਂਪਲ ਲਏ

Cheese Seized: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਦੀਵਾਲੀ ਦੇ ਤਿਉਹਾਰ ਨੂੰ ਦੇਖਦਿਆਂ ਸਿਹਤ ਵਿਭਾਗ ਵੀ ਚੌਕਸ ਹੋ ਗਿਆ ਹੈ। ਸਿਹਤ ਵਿਭਾਗ ਵੱਲੋਂ ਕਾਰਵਾਈ ਕਰਦਿਆਂ ਇੱਕ ਡੇਅਰੀ ਯੂਨਿਟ ਤੋਂ 225 ਕਿਲੋਂਗ੍ਰਾਮ ਸ਼ੱਕੀ ਪਨੀਰ ਬਰਾਮਦ ਕੀਤਾ ਗਿਆ ਹੈ। ਉਂਜ ਆਮ ਦਿਨਾਂ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਦਫ਼ਤਰਾਂ ਵਿੱਚੋਂ ਬਾਹਰ ਨਿਕਲਣ ਦੀ ਬਹੁਤੀ ਖ਼ਬਰ ਸਾਹਮਣੇ ਨਹੀਂ ਆਉਂਦੀ।

ਜਾਣਕਾਰੀ ਅਨੁਸਾਰ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਆਪਣੀ ਨੀਂਦ ਖੋਲ੍ਹੀ ਹੈ ਅਤੇ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਵਿਅਤੀਆਂ ਖਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਹੈ। ਜ਼ਿਲ੍ਹਾ ਹੈਲਥ ਅਫ਼ਸਰ ਅਤੇ ਫੂਡ ਸੇਫਟੀ ਅਫ਼ਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਫੂਡ ਸੇਫਟੀ ਟੀਮ ਨੇ ਸਮਾਣਾ ਨੇੜਲੇ ਪਿੰਡ ਚੁਤਹਿਰਾ ਸਥਿਤ ਇੱਕ ਡੇਅਰੀ ਯੂਨਿਟ ’ਤੇ ਸਵੇਰੇ 5 ਵਜੇ ਦੇ ਕਰੀਬ ਰੇਡ ਕੀਤੀ ਟੀਮ ਵਿੱਚ ਫੂਡ ਸੇਫਟੀ ਅਫਸਰ, ਪਟਿਆਲਾ ਜਸਵਿੰਦਰ ਸਿੰਘ ਅਤੇ ਗੌਰਵ ਕੁਮਾਰ ਸ਼ਾਮਲ ਸਨ।

ਇਹ ਵੀ ਪੜ੍ਹੋ: Boost Immune System: ਇਮਿਊਨਿਟੀ ਵਧਾਉਣ ਲਈ ਕੀ ਖਾਣਾ-ਪੀਣਾ ਚਾਹੀਦਾ ਹੈ? ਇੱਥੇ ਵੇਖੋ ਪੂਰੀ ਸੂਚੀ

ਇਸ ਦੌਰਾਨ ਪਨੀਰ, ਦਹੀਂ ਅਤੇ ਸਕਿਮਡ ਮਿਲਕ ਪਾਊਡਰ ਦੇ ਤਿੰਨ ਨਮੂਨੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਲਏ ਗਏ। ਨਾਲ ਹੀ 225 ਕਿਲੋਗ੍ਰਾਮ ਸ਼ੱਕੀ ਮਿਲਾਵਟੀ ਪਨੀਰ ਮੌਕੇ ’ਤੇ ਹੀ ਜ਼ਬਤ ਕੀਤਾ ਗਿਆ। ਇਹ ਸਾਰੇ ਨਮੂਨੇ ਰਾਜ ਫੂਡ ਲੈਬੋਰਟਰੀ, ਖਰੜ ਭੇਜੇ ਗਏ ਹਨ। ਜਾਂਚ ਦੀ ਰਿਪੋਰਟ ਆਉਣ ਉਪਰੰਤ ਹੋਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੰਘੇ ਦਿਨੀਂ ਵੀ ਫੂਡ ਸੇਫਟੀ ਟੀਮ ਨੇ ਨਾਭਾ ਅਤੇ ਰਾਜਪੁਰਾ ਸ਼ਹਿਰਾਂ ਵਿੱਚ ਵੀ ਮਠਿਆਈ ਦੀਆਂ ਦੁਕਾਨਾਂ, ਡੇਅਰੀਆਂ ਅਤੇ ਕਰਿਆਨੇ ਦੀਆਂ ਦੁਕਾਨਾਂ ਦਾ ਨਿਰੀਖਣ ਕਰਕੇ ਖਾਣ-ਪੀਣ ਦੀਆਂ ਵਸਤਾਂ ਦੇ ਨਮੂਨੇ ਲਏ ਸਨ। ਨਾਭਾ ਤੋਂ ਖੋਆ ਆਧਾਰਿਤ ਮਠਿਆਈਆਂ ਅਤੇ ਮਸਾਲਿਆਂ ਦੇ 7 ਨਮੂਨੇ ਤੇ ਰਾਜਪੁਰਾ ਤੋਂ ਖੋਏ ਤੇ ਮਸਾਲਿਆਂ ਦੇ 4 ਨਮੂਨੇ ਲਏ ਗਏ ਸਨ ਤੇ ਇਹ ਸਾਰੇ ਨਮੂਨੇ ਲੈਬ ਟੈਸਟ ਲਈ ਭੇਜੇ ਗਏ ਹਨ। ਜਾਂਚ ਨਤੀਜਿਆਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਜ਼ਿਲ੍ਹੇ ਅੰਦਰ ਹੁਣ ਤੱਕ ਖਾਣ-ਪੀਣ ਦੀਆਂ ਚੀਜ਼ਾਂ ਦੇ 69 ਨਮੂਨੇ ਲਏ

ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਤਿਉਹਾਰੀ ਮੌਸਮ ਦੌਰਾਨ ਲੋਕਾਂ ਨੂੰ ਸਾਫ਼-ਸੁਥਰਾ ਭੋਜਨ ਤੇ ਖਾਦ ਪਦਾਰਥ ਉਪਲਬਧ ਕਰਵਾਉਣ, ਖੁਰਾਕੀ ਮਿਲਾਵਟ ਰੋਕਣ ਅਤੇ ਗੁਣਵੱਤਾ ਦੀ ਨਿਗਰਾਨੀ ਲਈ ਪਹਿਲਾਂ ਹੀ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਖਾਣ-ਪੀਣ ਦੀਆਂ ਚੀਜ਼ਾਂ ਦੇ 69 ਨਮੂਨੇ ਇਕੱਠੇ ਕੀਤੇ ਗਏ ਹਨ। ਤਿਉਹਾਰਾਂ ਮੌਕੇ ਮੰਗ ਵਿੱਚ ਵਾਧਾ ਹੋਣ ਦੇ ਮੱਦੇਨਜ਼ਰ, ਵਿਭਾਗ ਵੱਲੋਂ ਸਖਤ ਨਿਰੀਖਣ ਜਾਰੀ ਰਹੇਗਾ ਅਤੇ ਜੋ ਵੀ ਵਿਅਕਤੀ, ਵਿਕਰੇਤਾ, ਵਪਾਰੀ ਜਾਂ ਦੁਕਾਨਦਾਰ ਖੁਰਾਕੀ ਨਿਯਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। Cheese Seized