Bal Kahani: ਕਿਤਾਬਾਂ ਵਿੱਚ ਖੰਭ

Bal Kahani
Bal Kahani: ਕਿਤਾਬਾਂ ਵਿੱਚ ਖੰਭ

ਸਰਦੀ ਦੀ ਰੁੱਤ ਜ਼ੋਰਾਂ ’ਤੇ ਸੀ। ਗੁਆਂਢ ਵਿਚ ਰਹਿਣ ਵਾਲੇ ਬੱਚੇ ਇੱਕ-ਦੂਜੇ ਦੇ ਘਰ ਜਾ ਕੇ ਦੇਰ ਰਾਤ ਤੱਕ ਪੜ੍ਹਦੇ ਹੋਏ ਪ੍ਰੀਖਿਆ ਦੀ ਤਿਆਰੀ ਵਿਚ ਜੁਟੇ ਹੋਏ ਸਨ ਕਿਉਂਕਿ ਪ੍ਰੀਖਿਆ ਨੇੜੇ ਆ ਰਹੀ ਸੀ।ਪਿੰਟੂ ਦਾ ਪੜ੍ਹਾਈ ਵਿਚ ਬਿਲਕੁਲ ਹੀ ਮਨ ਨਹੀਂ ਸੀ ਲੱਗਦਾ। ਇਸ ਮਾਮਲੇ ਵਿਚ ਉਹ ਕੰਮਚੋਰ ਸੀ। ਹਾਂ, ਮੋਬਾਈਲ ’ਤੇ ਘੰਟਾ-ਘੰਟਾ ਉਹ ਗੇਮਾਂ ਵਿਚ ਉਲਝਿਆ ਰਹਿੰਦਾ। ਜ਼ਰਾ ਨਾ ਥੱਕਦਾ। ਇਸੇ ਕਰਕੇ ਮੰਮੀ-ਪਾਪਾ ਕੋਲੋਂ ਉਹਨੂੰ ਝਿੜਕਾਂ ਵੀ ਪੈਂਦੀਆਂ ਸਨ।

ਪਿੰਟੂ ਦੇ ਕਈ ਜਮਾਤੀ ਪੜ੍ਹਾਈ ਵਿਚ ਕਾਫੀ ਅੱਗੇ ਸਨ। ਉਹ ਉਨ੍ਹਾਂ ਬਾਰੇ ਸੋਚਦਾ ਕਿ ਪਤਾ ਨਹੀਂ ਉਹ ਕਿਵੇਂ ਇੰਨੇ ਹੁਸ਼ਿਆਰ ਹਨ? ਉਹ ਉਨ੍ਹਾਂ ਵਰਗਾ ਕਿਉਂ ਨਹੀਂ ਬਣ ਸਕਦਾ? ਆਖ਼ਿਰ ਉਸ ਵਿਚ ਕਿਹੜੀ ਘਾਟ ਹੈ?
ਪਿੰਟੂ ਦੇ ਪਾਪਾ ਨੇ ਉਸ ਨੂੰ ਦਾਖ਼ਲਾ ਹੋਣ ਵੇਲੇ ਹੀ ਕਹਿ ਦਿੱਤਾ ਸੀ ਕਿ ਜੇ ਇਸ ਸਾਲ ਉਸ ਦੀ ਪੜ੍ਹਾਈ ਵਿਚ ਕੋਈ ਦਿਲਚਸਪੀ ਨਾ ਰਹੀ ਤਾਂ ਉਸ ਨੂੰ ਸਕੂਲੋਂ ਹਟਾ ਲਿਆ ਜਾਵੇਗਾ ਤੇ ਉਸ ਨੂੰ ਪਾਪਾ ਨਾਲ ਸਬਜ਼ੀ ਦੀ ਦੁਕਾਨ ’ਤੇ ਕੰਮ ਕਰਨ ਬਿਠਾ ਲਿਆ ਜਾਵੇਗਾ।

ਪਿੰਟੂ ਦੇ ਮਨ ਵਿਚ ਹੁਣ ਦਿਨ-ਰਾਤ ਇਹੀ ਸੋਚ ਘੁੰਮਦੀ ਰਹਿੰਦੀ ਕਿ ਕਾਸ਼! ਉਹਦੇ ਕੋਲ ਕੋਈ ਅਜਿਹਾ ਜਾਦੂਈ ਚਿਰਾਗ਼ ਹੁੰਦਾ ਜਿਸ ਨੂੰ ਰਗੜਦਿਆਂ ਹੀ ਉਹਦੀ ਹਰ ਤਮੰਨਾ ਪੂਰੀ ਹੋ ਜਾਂਦੀ ਤਾਂ ਗੱਲ ਹੀ ਬਣ ਜਾਵੇ।
ਕਈ ਵਾਰੀ ਪਿੰਟੂ ਅਜਿਹੀ ਗੱਲ ਆਪਣੇ ਮੰਮੀ ਨਾਲ ਵੀ ਸਾਂਝੀ ਕਰਦਾ। ਮੰਮੀ ਆਖਦੇ, ‘‘ਪਿੰਟੂ, ਹਵਾਈ ਕਿਲਿਆਂ ਵਿਚ ਨਾ ਉਲਝਿਆ ਰਿਹਾ ਕਰ। ਮੇਰੀ ਗੱਲ ਯਾਦ ਰੱਖੀਂ, ਸੱਚੀ ਮਿਹਨਤ ਤੇ ਲਗਨ ਅੱਗੇ ਸਭ ਜਾਦੂ ਠੁੱਸ ਹੁੰਦੇ ਹਨ।’’
ਇੱਕ ਦਿਨ ਪਿੰਟੂ ਨੇ ਪਤਾ ਨਹੀਂ ਕਿੱਥੋਂ ਪੜ੍ਹ-ਸੁਣ ਲਿਆ ਕਿ ਕਿਤਾਬਾਂ ਵਿਚ ਮੋਰ ਦੇ ਖੰਭ ਰੱਖਣ ਨਾਲ ਪੜ੍ਹਾਈ ਖ਼ੁਦ-ਬ-ਖ਼ੁਦ ਆਉਣ ਲੱਗਦੀ ਹੈ।

ਬੱਸ ਫਿਰ ਕੀ ਸੀ, ਅਗਲੇ ਹੀ ਦਿਨ ਉਹ ਆਪਣੇ ਪਿੰਡ ਦੇ ਖੇਤਾਂ ਵੱਲ ਨਿੱਕਲ ਗਿਆ। ਉਸ ਨੂੰ ਪਤਾ ਸੀ ਕਿ ਉਸ ਦੇ ਦੋਸਤ ਕੁਲਦੀਪ ਦੇ ਖੇਤਾਂ ਵਿਚ ਮੋਰ ਰਹਿੰਦੇ ਹਨ। ਉਹ ਉਨ੍ਹਾਂ ਦਾ ਪਿੱਛਾ ਕਰਕੇ ਅਸਾਨੀ ਨਾਲ ਉਨ੍ਹਾਂ ਦੇ ਖੰਭ ਪ੍ਰਾਪਤ ਕਰ ਸਕਦਾ ਹੈ। ਥੋੜ੍ਹੇ ਹੀ ਸਮੇਂ ਵਿਚ ਉਹ ਕੁਲਦੀਪ ਦੇ ਖੇਤ ਵਿਚ ਪੁੱਜ ਗਿਆ। ਉੱਥੇ ਦੋ-ਤਿੰਨ ਮੋਰ ਉਸ ਨੂੰ ਚੋਗਾ ਚੁਗਦੇ ਵਿਖਾਈ ਦਿੱਤੇ। ਉਹ ਉਨ੍ਹਾਂ ਪਿੱਛੇ ਦੌੜਿਆ। ਮੋਰ ਉੱਡ ਕੇ ਰੁੱਖ ’ਤੇ ਜਾ ਬੈਠੇ। ਉਸ ਨੇ ਸੜਕ ਤੋਂ ਇੱਕ-ਦੋ ਵੱਟੇ ਚੁੱਕ ਕੇ ਮੋਰਾਂ ਵੱਲ ਮਾਰੇ। ਡਰਦੇ ਮਾਰੇ ਮੋਰ ਉੱਥੋਂ ਉੱਡ ਤਾਂ ਗਏ ਪਰ ਉਨ੍ਹਾਂ ਦੇ ਇੱਕ-ਦੋ ਖੰਭ ਰੁੱਖ ਦੀਆਂ ਸੰਘਣੀਆਂ ਟਾਹਣੀਆਂ ਵਿਚ ਫਸ ਕੇ ਟੁੱਟ ਕੇ ਹੇਠਾਂ ਡਿੱਗ ਪਏ।

ਪਿੰਟੂ ਨੂੰ ਹੋਰ ਕੀ ਚਾਹੀਦਾ ਸੀ! ਉਸ ਨੇ ਮੋਰ ਦੇ ਖੰਭ ਚੁੱਕੇ ਤੇ ਚਾਈਂ-ਚਾਈਂ ਉਨ੍ਹਾਂ ਨੂੰ ਘਰ ਲਿਆਉਣ ਲੱਗਾ। ਉਹ ਸੋਚ ਰਿਹਾ ਸੀ ਕਿ ਉਹ ਇਨ੍ਹਾਂ ਖੰਭਾਂ ਦੇ ਦੋ-ਦੋ ਚਾਰ-ਚਾਰ ਵਾਲ ਪੁੱਟ ਕੇ ਆਪਣੀਆਂ ਕਿਤਾਬਾਂ-ਕਾਪੀਆਂ ਵਿਚ ਰੱਖੇਗਾ। ਫਿਰ ਉਸ ਦੀਆਂ ਕਾਪੀਆਂ-ਕਿਤਾਬਾਂ ਪ੍ਰਸੰਨ ਹੋ ਜਾਣਗੀਆਂ ਤੇ ਉਹ ਬਿਨਾਂ ਪੜਿ੍ਹਆਂ ਹੀ ਪ੍ਰੀਖਿਆ ਵਿਚ ਚੰਗੇ ਅੰਕ ਲਿਜਾਣ ਦੇ ਕਾਬਲ ਹੋ ਜਾਵੇਗਾ।

ਪਿੰਟੂ ਜਦੋਂ ਖ਼ੁਸ਼ੀ-ਖ਼ੁਸ਼ੀ ਘਰ ਨੂੰ ਆ ਰਿਹਾ ਸੀ ਤਾਂ ਰਾਹ ਵਿਚ ਉਸ ਨੂੰ ਉਸ ਦੇ ਦੋਸਤ ਰਮਨ ਦੇ ਦਾਦਾ ਜੀ ਆਉਂਦੇ ਵਿਖਾਈ ਦਿੱਤੇ। ਉਹ ਇੱਕ ਸਕੂਲ ਦੇ ਮੁੱਖ ਅਧਿਆਪਕ ਵਜੋਂ ਰਿਟਾਇਰ ਹੋ ਚੁੱਕੇ ਸਨ। ਉਹ ਸ਼ਾਮ ਨੂੰ ਖੇਤਾਂ ਵੱਲ ਘੁੰਮਣ ਲਈ ਨਿੱਕਲੇ ਸਨ। ਉਨ੍ਹਾਂ ਨੂੰ ਅੱਗੋਂ ਆਉਂਦਾ ਵੇਖ ਕੇ ਪਿੰਟੂ ਕੁਝ ਸ਼ਰਮਾ ਜਿਹਾ ਗਿਆ। ਇੰਨੇ ਵਿਚ ਉਹ ਪਿੰਟੂ ਕੋਲ ਆ ਗਏ।

ਰਮਨ ਦੇ ਦਾਦਾ ਜੀ ਨੇ ਪਿੰਟੂ ਕੋਲੋਂ ਮੋਰ ਦੇ ਖੰਭ ਫੜਦਿਆਂ ਪੁੱਛਿਆ, ‘‘ਬੇਟਾ, ਇਹ ਮੋਰ ਦੇ ਖੰਭ ਕਾਹਦੇ ਲਈ ਲਿਆ ਰਿਹਾ ਏਂ? ਘਰ ਸਜਾਉਣਾ ਏ?’’
‘‘ਜੀ-ਜੀ…!’’ ਪਿੰਟੂ ਕੁਝ ਘਾਬਰ ਜਿਹਾ ਗਿਆ।
ਰਮਨ ਦੇ ਦਾਦਾ ਜੀ ਨੇ ਉਸ ਦੇ ਮੋਢੇ ’ਤੇ ਪਿਆਰ ਨਾਲ ਹੱਥ ਰੱਖਿਆ ਤੇ ਫਿਰ ਪੁੱਛਿਆ, ‘‘ਹਾਂ-ਹਾਂ, ਬੇਟੇ ਦੱਸ। ਸ਼ਰਮਾ ਕਿਉਂ ਰਿਹਾ ਏਂ?’’

ਆਖ਼ਰ ਪਿੰਟੂ ਨੇ ਸੱਚ-ਸੱਚ ਦੱਸ ਦਿੱਤਾ, ‘‘ਜੀ, ਮੈਂ ਇਨ੍ਹਾਂ ਨੂੰ ਆਪਣੀਆਂ ਕਿਤਾਬਾਂ-ਕਾਪੀਆਂ ਵਿਚ ਰੱਖਾਂਗਾ।’’
ਰਮਨ ਦੇ ਦਾਦਾ ਜੀ ਨੇ ਜਾਣ-ਬੁੱਝ ਕੇ ਪੁੱਛਿਆ, ‘‘ਕਿਤਾਬਾਂ-ਕਾਪੀਆਂ ਵਿਚ ਰੱਖਣੇ ਨੇ ਇਹ ਖੰਭ? ਕਿਉਂ ਬਈ? ਮੈਨੂੰ ਤਾਂ ਦੱਸ ਕੁਝ। ਅਜਿਹਾ ਕਰਨ ਨਾਲ ਕੀ ਹੋਵੇਗਾ?’’
ਪਿੰਟੂ ਬੋਲਿਆ, ‘‘ਮੇਰੇ ਦਾਦੀ ਜੀ ਕਹਿੰਦੇ ਸਨ ਕਿ ਇਨ੍ਹਾਂ ਖੰਭਾਂ ਨੂੰ ਆਪਣੀਆਂ ਕਿਤਾਬਾਂ-ਕਾਪੀਆਂ ਵਿਚ ਰੱਖਣ ਨਾਲ ਪੜ੍ਹਾਈ ਆਪਣੇ-ਆਪ ਆਉਣ ਲੱਗਦੀ ਏ। ਪੜ੍ਹਨ ਦੀ ਜ਼ਰੂਰਤ ਨਹੀਂ ਰਹਿੰਦੀ।’’

Read Also : CHC Ferozshah: ਯੁੱਧ ਨਸ਼ਿਆਂ ਵਿਰੁੱਧ : ਸੀਐੱਚਸੀ ਫਿਰੋਜ਼ਸ਼ਾਹ ਵਿਖੇ ਕੀਤਾ ਨਸ਼ਿਆਂ ਖਿਲਾਫ਼ ਜਾਗਰੂਕ

ਰਮਨ ਦੇ ਦਾਦਾ ਜੀ ਪਿੰਟੂ ਦੀ ਇਹ ਗੱਲ ਸੁਣ ਕੇ ਹੱਸ ਪਏ। ਉਨ੍ਹਾਂ ਨੇ ਪਿੰਟੂ ਨੂੰ ਪੁੱਛਿਆ, ‘‘ਇਹ ਦੱਸ ਬੇਟਾ ਕਿ ਤੇਰੇ ਦਾਦੀ ਜੀ ਕਿੰਨਾ ਪੜ੍ਹੇ-ਲਿਖੇ ਹਨ?’’
ਪਿੰਟੂ ਨੇ ਜਵਾਬ ਦਿੱਤਾ, ‘‘ਜੀ ਉਹ ਤਾਂ ਬਿਲਕੁਲ ਅਨਪੜ੍ਹ ਨੇ।’’
ਰਮਨ ਦੇ ਦਾਦਾ ਜੀ ਨੇ ਉਸ ਨੂੰ ਪਿਆਰ ਨਾਲ ਕਿਹਾ, ‘‘ਬੇਟਾ, ਤੇਰੇ ਦਾਦੀ ਜੀ ਅਨਪੜ੍ਹ ਨੇ ਨਾ। ਇਸ ਲਈ ਉਨ੍ਹਾਂ ਨੂੰ ਪੜ੍ਹਾਈ-ਲਿਖਾਈ ਦਾ ਬਹੁਤਾ ਗਿਆਨ ਨਹੀਂ ਹੈ। ਝੱਲਿਆ, ਜੇ ਮੋਰ ਦੇ ਖੰਭਾਂ ਨੂੰ ਆਪਣੀਆਂ ਕਾਪੀਆਂ-ਕਿਤਾਬਾਂ ਵਿਚ ਰੱਖਣ ਨਾਲ ਆਪਣੇ-ਆਪ ਹੀ ਪੜ੍ਹਾਈ ਆਉਣ ਲੱਗ ਜਾਵੇ ਤਾਂ ਅੱਜ ਦੁਨੀਆ ਵਿਚ ਮੋਰਾਂ ਦੀ ਕੁੱਲ ਦਾ ਨਾਂਅ-ਨਿਸ਼ਾਨ ਨਹੀਂ ਸੀ ਰਹਿਣਾ। ਤੇਰੇ ਵਰਗੇ ਵਿਦਿਆਰਥੀਆਂ ਨੇ ਉਨ੍ਹਾਂ ਦੇ ਖੰਭ ਕਦੋਂ ਦੇ ਪੁੱਟ ਕੇ ਆਪਣੀਆਂ ਕਾਪੀਆਂ-ਕਿਤਾਬਾਂ ਭਰ ਲੈਣੀਆਂ ਸਨ। ਅਜਿਹੀਆਂ ਗੱਲਾਂ ਕੇਵਲ ਅਣਜਾਣ ਜਾਂ ਅੰਧਵਿਸ਼ਵਾਸੀ ਲੋਕ ਈ ਕਰਦੇ ਨੇ। ਮਿਹਨਤ ਕਰਨ ਵਾਲੇ ਵਿਦਿਆਰਥੀ ਅਜਿਹੀਆਂ ਫੋਕੀਆਂ ਤੇ ਵਹਿਮਾਂ ਵਾਲੀਆਂ ਗੱਲਾਂ ਵਿਚ ਨਹੀਂ ਪੈਂਦੇ।’’

ਪਿੰਟੂ ਰਮਨ ਦੇ ਦਾਦਾ ਜੀ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣ ਰਿਹਾ ਸੀ।
ਉਨ੍ਹਾਂ ਨੇ ਪਿੰਟੂ ਨੂੰ ਫਿਰ ਕਿਹਾ, ‘‘ਬੇਟੇ, ਤੈਨੂੰ ਆਪਣੀ ਜਮਾਤ ਵਿਚ ਅੱਗੇ ਰਹਿਣ ਲਈ ਮੋਰ ਦੇ ਖੰਭਾਂ ਦੀ ਨਹੀਂ, ਸਗੋਂ ਮਿਹਨਤ ਦੇ ਖੰਭਾਂ ਦੀ ਜ਼ਰੂਰਤ ਹੈ। ਤੇਰੀ ਮਿਹਨਤ ਤੇ ਲਗਨ ਦੇ ਖੰਭ ਜਿੰਨੇ ਮਜ਼ਬੂਤ ਤੇ ਸੁੰਦਰ ਹੋਣਗੇ, ਤੂੰ ਆਪਣੇ ਜੀਵਨ ਵਿਚ ਓਨੀ ਉੱਚੀ ਉਡਾਰੀ ਭਰ ਸਕਦਾ ਏਂ। ਮੇਰਾ ਖ਼ਿਆਲ ਏ, ਤੈਨੂੰ ਮੇਰੀ ਗੱਲ ਸਮਝ ਆ ਗਈ ਹੋਵੇਗੀ।’’

ਰਮਨ ਦੇ ਦਾਦਾ ਜੀ ਦੀਆਂ ਗੱਲਾਂ ਦਾ ਪਿੰਟੂ ਦੇ ਮਨ ’ਤੇ ਇੰਨਾ ਡੂੰਘਾ ਅਸਰ ਪਿਆ ਕਿ ਉਸ ਨੇ ਮੋਰ ਦੇ ਖੰਭ ਉੱਥੇ ਹੀ ਸੁੱਟ ਦਿੱਤੇ। ਉਹ ਬੜੇ ਆਤਮ-ਵਿਸ਼ਵਾਸ ਨਾਲ ਬੋਲਿਆ, ‘‘ਦਾਦਾ ਜੀ, ਤੁਸੀਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਨੇ। ਅਸਲ ਵਿਚ ਮੈਂ ਪੜ੍ਹਾਈ ਕਰਨ ਵਿਚ ਟਾਲ-ਮਟੋਲ ਕਰਦਾ ਰਹਿੰਦਾ ਸੀ। ਖ਼ੁਦ ਦਿਲਚਸਪੀ ਨਹੀਂ ਸੀ ਲੈਂਦਾ। ਇਹੀ ਸੋਚਦਾ ਰਹਿੰਦਾ ਕਿ ਨਕਲ ਦੇ ਸਹਾਰੇ ਪਾਸ ਹੋ ਜਾਵਾਂਗਾ ਜਿਸ ਕਰਕੇ ਮੈਂ ਆਪਣੀ ਜਮਾਤ ਦੇ ਕਮਜ਼ੋਰ ਵਿਦਿਆਰਥੀਆਂ ਵਿਚ ਗਿਣਿਆ ਜਾਂਦਾ ਰਿਹਾ ਹਾਂ। ਇਹ ਮੇਰੀ ਗ਼ਲਤੀ ਸੀ। ਅੱਗੇ ਤੋਂ ਅਜਿਹਾ ਨਹੀਂ ਹੋਵੇਗਾ।’’

‘‘ਮੈਨੂੰ ਤੇਰੇ ਕੋਲੋਂ ਇਹੀ ਉਮੀਦ ਏ ਬੇਟੇ’’ ਇਹ ਕਹਿ ਕੇ ਉਨ੍ਹਾਂ ਨੇ ਪਿੰਟੂ ਨੂੰ ਥਾਪੀ ਦਿੱਤੀ ਤੇ ਅੱਗੇ ਚਲੇ ਗਏ।
ਇਸ ਵਾਰੀ ਜਦੋਂ ਸਾਲਾਨਾ ਪ੍ਰੀਖਿਆ ਹੋਈ ਤਾਂ ਪਿੰਟੂ ਦੇ ਸੱਤਰ ਪ੍ਰਤੀਸ਼ਤ ਅੰਕ ਆਏ। ਮੰਮੀ-ਪਾਪਾ ਹੈਰਾਨ ਸਨ।
ਪਿੰਟੂ ਜਾਣ ਗਿਆ ਸੀ ਕਿ ਇੰਨੇ ਚੰਗੇ ਨਤੀਜੇ ਪਿੱਛੇ ਮੋਰ ਦੇ ਖੰਭਾਂ ਦਾ ਨਹੀਂ ਸਗੋਂ ਉਸ ਦੀ ਮਿਹਨਤ ਅਤੇ ਲਗਨ ਦੇ ਖੰਭਾਂ ਦੀ ਮਜ਼ਬੂਤ ਉਡਾਰੀ ਦਾ ਕਮਾਲ ਸੀ।

ਡਾ. ਦਰਸ਼ਨ ਸਿੰਘ ‘ਆਸ਼ਟ’
ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ
ਮੋ. 98144-23703