ਹੁਣ ਡਿਜੀਟਲੀ ਤੌਰ ’ਤੇ ਕਿਸਾਨ ਲੈ ਸਕਣਗੇ ਜੇ-ਫਾਰਮ, ਕਿਸਾਨਾਂ ਨੂੰ ਹੋਏਗਾ ਵੱਡਾ ਫਾਇਦਾ

ਕਿਸਾਨਾਂ ਦੀ ਸਹੂਲਤ ਲਈ ਡਿਜੀਲਾਕਰ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

  • ਵਿਲੱਖਣ ਪਹਿਲਕਦਮੀ ਨਾਲ ਸੂਬੇ ਦੇ 10 ਲੱਖ ਕਿਸਾਨਾਂ ਨੂੰ ਹੋਵੇਗਾ ਲਾਭ

ਅਸ਼ਵਨੀ ਚਾਵਲਾ, ਚੰਡੀਗੜ। ਈ-ਗਵਰਨੈਂਸ ਨੂੰ ਉਤਸਾਹਿਤ ਕਰਨ ਤੋਂ ਇਲਾਵਾ ਇੱਕ ਹੋਰ ਕਿਸਾਨ ਪੱਖੀ ਪਹਿਲਕਦਮੀ ਕਰਦਿਆਂ ਪੰਜਾਬ ਕਿਸਾਨਾਂ ਲਈ ਡਿਜੀ-ਲਾਕਰ ਦੀ ਸਹੂਲਤ ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ।ਸੂਬੇ ਵਿੱਚ ਹੁਣ ਕਿਸਾਨਾਂ ਕੋਲ ਆਪਣੇ ਜੇ-ਫਾਰਮ ਦੀਆਂ ਡਿਜੀਟਲ ਕਾਪੀਆਂ ਦਾ ਪਿ੍ਰਟ ਲੈਣ ਜਾਂ ਡਾਊਨਲੋਡ ਕਰਨ ਦੀ ਖੁੱਲ ਹੋਵੇਗੀ ਕਿਉਂਕਿ ਪੰਜਾਬ ਮੰਡੀ ਬੋਰਡ ਨੇ ਕਣਕ ਦੇ ਖਰੀਦ ਸੀਜਨ-2021 ਸੀਜਨ ਤੋਂ ਜੇ-ਫਾਰਮ ਦਾ ਇਲੈਕਟ੍ਰਾਨਿਕ ਫਾਰਮੈਟ ਉਪਲਬਧ ਕਰਵਾ ਦਿੱਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਇਹ ਕਦਮ ਕਿਸਾਨਾਂ ਨੂੰ ਆਪਣੀ ਖੇਤੀ ਉਪਜ ਦੀ ਪ੍ਰਮਾਣਿਕ ਡਿਜੀਟਲ ਵਿੱਕਰੀ ਰਸੀਦ ਤੱਕ ਅਸਲ ਸਮੇਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਰਾਹ ਪੱਧਰਾ ਕਰਦਿਆਂ ਉਨਾਂ ਨੂੰ ਡਿਜੀਟਲ ਸਮਰੱਥ ਬਣਾਵੇਗਾ। ਉਨਾਂ ਕਿਹਾ ਕਿ ਇਸ ਡਿਜੀਟਲ ਉਪਰਾਲੇ ਨਾਲ ਮੌਜੂਦਾ ਹਾੜੀ ਮੰਡੀਕਰਨ ਸੀਜਨ ਦੌਰਾਨ ਤਕਰੀਬਨ 10 ਲੱਖ ਜੇ-ਫਾਰਮ ਧਾਰਕ ਕਿਸਾਨਾਂ ਨੇ ਮੰਡੀ ਬੋਰਡ ਕੋਲ ਰਜਿਸਟੇ੍ਰਸ਼ਨ ਕਰਵਾਈ ਹੈ।

ਐਪ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ

ਲਾਲ ਸਿੰਘ ਨੇ ਅੱਗੇ ਦੱਸਿਆ ਕਿ ਇਸ ਮਹੱਤਵਪੂਰਨ ਕਦਮ ਦੇ ਲਾਗੂ ਹੋਣ ਨਾਲ ਜੇ ਕੋਈ ਕਿਸਾਨ ਰਜਿਸਟ੍ਰੇਸ਼ਨ ਫਾਰਮ ਘਰ ਭੁੱਲ ਜਾਂਦਾ ਹੈ ਜਾਂ ਦਸਤਾਵੇਜ ਗੁੰਮ ਹੋ ਜਾਂਦਾ ਹੈ ਜਾਂ ਕਿਸਾਨ ਪਿ੍ਰੰਟਿਡ ਕਾਪੀ ਮਿਲਣ ਦੀ ਉਡੀਕ ਕਰ ਰਿਹਾ ਹੈ, ਤਾਂ ਉਨਾਂ ਨੂੰ ਸਿਰਫ਼ ਡਿਜੀਲਾਕਰ ਐਪ ਡਾਊਨਲੋਡ ਕਰਨ ਅਤੇ ਆਪਣਾ ਵਰਚੁਅਲ ਜੇ-ਫਾਰਮ ਸੇਵ ਕਰਨ ਦੀ ਜਰੂਰਤ ਹੈ। ਲਾਲ ਸਿੰਘ ਨੇ ਕਿਹਾ ਇਹ ਫਾਰਮ ਬਿਲਕੁਲ ਯੋਗ ਮੰਨਿਆ ਜਾਵੇਗਾ ਅਤੇ ਚੈਕਿੰਗ ਵੇਲੇ ਦਿਖਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਜਦੋਂ ਅਰਜੀਕਰਤਾ ਦਾ ਜੇ-ਫਾਰਮ ਆੜਤੀਆ ਦੁਆਰਾ ਮਨਜੂਰ ਹੋ ਜਾਂਦਾ ਹੈ ਤਾਂ ਉਸ ਨੂੰ ਫੋਨ ’ਤੇ ਪ੍ਰਵਾਨਗੀ ਬਾਰੇ ਸੰਦੇਸ ਮਿਲਦਾ ਹੈ ਜੋ ਐਪ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ। ਚੇਅਰਮੈਨ ਨੇ ਅੱਗੇ ਦੱਸਿਆ ਕਿ ਡਿਜੀਲਾਕਰ ਵਿੱਚ ਡਿਜੀਟਲ ਜੇ-ਫਾਰਮ ਦੀ ਵਰਤੋਂ ਵਿੱਤੀ ਸੰਸਥਾਵਾਂ ਤੋਂ ਵਿੱਤ ਲੈਣ; ਆਨਲਾਈਨ ਵੈਰੀਫਾਈ ਕੀਤਾ ਜਾ ਸਕਦਾ ਹੈ, ਆਈ.ਟੀ. ਛੋਟਾਂ, ਸਬਸਿਡੀ ਕਲੇਮ, ਕਿਸਾਨ ਬੀਮਾ ਆਦਿ ਸਹੂਲਤਾਂ ਲਈ ਕੀਤੀ ਜਾ ਸਕਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।