ਕਿਸਾਨ ਵਿਰੋਧੀ ਫੈਸਲੇ ਲੈਣ ਤੋਂ ਗੁਰੇਜ ਕਰੇ ਸਰਕਾਰ : ਕਿਸਾਨ ਆਗੂ
ਨਾਭਾ, (ਤਰੁਣ ਕੁਮਾਰ ਸ਼ਰਮਾ)। ਨੇੜਲੇ ਪਿੰਡ ਦੋਦਾ ਵਿਖੇ ਇੱਕ ਕਿਸਾਨ ਦੀ ਜ਼ਮੀਨ ਅਤੇ ਘਰ ਕੁਰਕੀ ਕਰਨ ਆਏ ਬੈਂਕ ਮੁਲਾਜਮਾਂ ਅਤੇ ਪੁਲਿਸ ਪ੍ਰਸਾਸ਼ਨ ਨੂੰ ਕਿਸਾਨ ਯੂਨੀਅਨ (Farmers union) (ਉਗਰਾਹਾਂ) ਦੇ ਵਿਰੋਧ ਕਾਰਨ ਖਾਲੀ ਹੱਥ ਪਰਤਣਾ ਪਿਆ। ਜਾਣਕਾਰੀ ਅਨੁਸਾਰ ਨੇੜਲੇ ਪਿੰਡ ਦੋਦਾ ਦੇ ਇੱਕ ਕਿਸਾਨ ਨੇ ਐਸ ਬੀ ਆਈ ਬੈਂਕ ਤੋਂ ਲਗਭਗ 40 ਲੱਖ ਦਾ ਕਰਜਾ ਲਿਆ ਹੋਇਆ ਹੈ।
ਕਰਜੇ ਦੀ ਸਮੇਂ ਸਿਰ ਵਾਪਸੀ ਨਾ ਕਰਨ ‘ਤੇ ਐਸਬੀਆਈ ਬੈਂਕ ਅਧਿਕਾਰੀ ਪੁਲਿਸ ਬਲ ਨਾਲ ਅੱਜ ਜਿਊ ਹੀ ਸਬੰਧਤ ਕਿਸਾਨ ਦੇ ਘਰ ਕੁਰਕੀ ਲਈ ਪੁੱਜੇ ਤਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੱਦੇ ‘ਤੇ ਦਰਜ਼ਨਾ ਕਿਸਾਨ ਅਤੇ ਅੋਰਤਾਂ ਵੀ ਮੌਕੇ ‘ਤੇ ਪੁੱਜ ਕੇ ਜ਼ੋਰਦਾਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਕਿਸਾਨਾਂ ਦੀ ਵੱਧਦੀ ਜਾ ਰਹੀ ਗਿਣਤੀ ਅਤੇ ਵਿਰੋਧ ਕਾਰਨ ਆਖਿਰਕਾਰ ਬੈਂਕ ਮੁਲਾਜਮਾਂ ਨੂੰ ਖਾਲੀ ਹੱਥ ਹੀ ਪਰਤਣਾ ਪੈ ਗਿਆ।
ਉਪਰੋਕਤ ਕਾਰਵਾਈ ਦੀ ਪੁਸ਼ਟੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸਰਕਾਰ ਆਪਣੇ ਕੀਤੇ ਵਾਅਦਿਆਂ ਤੋ ਲਗਾਤਾਰ ਮੁੱਕਰਦੀ ਜਾ ਰਹੀ ਹੈ ਅਤੇ ਕਿਸਾਨਾਂ ਅਤੇ ਮਜਦੂਰਾਂ ਦੇ ਘਰਾਂ ਅਤੇ ਜਮੀਨਾਂ ਦੀ ਕੁਰਕੀ ਦੇ ਹੁਕਮ ਜਾਰੀ ਕਰਦੀ ਜਾ ਰਹੀ ਹੈ। ਇਸ ਮੌਕੇ ਜੱਥੇਬੰਦੀ ਦੇ ਪ੍ਰ੍ਰਧਾਨ ਹਰਮੇਲ ਸਿੰਘ ਤੂੰਗਾਂ, ਜਰਨਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ ਨੇ ਸਾਂਝੇ ਤੋਰ ‘ਤੇ ਕਿਹਾ ਕਿ ਕਰਜਿਆਂ ਦੀ ਮਾਰ ਹੇਠ ਆਏ ਕਿਸਾਨਾਂ ਦੀ ਮੱਦਦ ਕਰਨ ਦੀ ਬਜਾਏ ਕੁਰਕੀ ਦੇ ਆਦੇਸ਼ ਜਾਰੀ ਕਰਨਾ ਬਿਲਕੁੱਲ ਗਲਤ ਹੈ। ਇੱਕ ਪਾਸੇ ਸਰਕਾਰ ਕਿਸਾਨ ਪੱਖੀ ਹੋਣ ਦੇ ਦਾਅਵੇ ਕਰਦੀ ਹੈ ਜਦਕਿ ਦੂਜੇ ਪਾਸੇ ਕਿਸਾਨ ਵਿਰੋਧੀ ਫੈਸਲੇ ਲੈ ਕੇ ਕਿਸਾਨਾਂ ਦੀਆਂ ਦਿੱਕਤਾਂ ਵਿੱਚ ਵਾਧਾ ਕਰਦੀ ਜਾ ਰਹੀ ਹੈ।
ਉਨਾਂ ਕਿਹਾ ਕਿ ਕਿਸਾਨ ਯੂਨੀਅਨ ਸਰਕਾਰ ਵੱਲੋਂ ਲਏ ਜਾ ਰਹੇ ਕਿਸਾਨ ਵਿਰੋਧੀ ਫੈਸਲਿਆਂ ਨੂੰ ਕਦੀ ਵੀ ਬਰਦਾਸ਼ਤ ਨਹੀ ਕਰੇਗੀ। ਇਸ ਮੌਕੇ ਹੋਰਨਾਂ ਤੋ ਇਲਾਵਾ ਗੁਰਚਰਨ ਸਿੰਘ, ਪ੍ਰਗਟ ਸਿੰਘ, ਅਮਰਜੀਤ ਸਿੰਘ, ਕੇਵਲ ਸਿੰਘ, ਚਰਨਜੀਤ ਸਿੰਘ ਘਨੂੰੜਕੀ, ਪ੍ਰਧਾਨ ਜਸਪਾਲ ਸਿੰਘ, ਜਗਤ ਸਿੰਘ, ਬਲਵਿੰਦਰ ਸਿੰਘ ਆਦਿ ਤੋ ਇਲਾਵਾ ਦਰਜਨਾਂ ਕਿਸਾਨ ਆਗੂ ਅਤੇ ਅੋਰਤਾਂ ਮੌਜੂਦ ਰਹੀਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।