ਪੰਜਾਬ ਅੰਦਰ ਅੱਜ ਤਿੰਨ ਘੰਟੇ ਰਹੇਗਾ ਰੇਲਾਂ ਦਾ ਚੱਕਾ ਜਾਮ, ਯਾਤਰੀਆਂ ਨੂੰ ਕਰਨਾ ਪਵੇਗਾ ਔਕੜਾਂ ਦਾ ਸਾਹਮਣਾ | Farmers To Stage ‘Rail Roko’ In Punjab
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਪਣੀਆਂ ਮੰਗਾਂ ਸਬੰਧੀ ਸ਼ੰਭੂ ਬਾਰਡਰ ’ਤੇ 309 ਦਿਨਾਂ ਤੋਂ ਬੈਠੇ ਕਿਸਾਨਾਂ ਵੱਲੋਂ ਅੱਜ 18 ਦਸੰਬਰ ਨੂੰ ਪੰਜਾਬ ਅੰਦਰ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ। ਰੇਲਾਂ ਦੇ ਚੱਕੇ ਜਾਮ ਕਰਨ ਦਾ ਸੱਦਾ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦਿੱਤਾ ਹੋਇਆ ਹੈ। ਕਿਸਾਨਾਂ ਵੱਲੋਂ ਰੇਲਾਂ ਰੋਕੇ ਜਾਣ ਕਾਰਨ ਆਮ ਯਾਤਰੀਆਂ ਨੂੰ ਅੱਜ ਕਈ ਘੰਟੇ ਔਕੜਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੇਂਦਰ ਸਰਕਾਰ ਕਿਸਾਨੀ ਮੰਗਾਂ ਸਬੰਧੀ ਸੁਹਿਰਦ ਨਹੀਂ: ਪੰਧੇਰ
ਜਾਣਕਾਰੀ ਅਨੁਸਾਰ ਸ਼ੰਭੂ ਬਾਰਡਰ ’ਤੇ ਡਟੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਐੱਮਐੱਸਪੀ ਦੇ ਗਾਰੰਟੀ ਕਾਨੂੰਨ, ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੇ ਲੀਕ ਫੇਰਨ ਸਮੇਤ ਹੋਰ ਮੰਗਾਂ ਸਬੰਧੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ 18 ਦਸੰਬਰ ਨੂੰ ਦੁਪਹਿਰ 12 ਵਜੇ ਤੋਂ 3 ਵਜੇਂ ਤੱਕ ਰੇਲਵੇ ਸਟੇਸ਼ਨਾਂ ’ਤੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਪੰਜਾਬ ਦਾ ਬੱਚਾ-ਬੱਚਾ ਜਿੱਥੇ ਰੇਲਵੇ ਸਟੇਸ਼ਨ ਹਨ, ਉੱਥੇ ਧਰਨੇ ਪ੍ਰਦਰਸ਼ਨ ਕਰਕੇ ਰੇਲਾਂ ਨੂੰ ਰੋਕੇ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੀ ਮੰਗਾਂ ਸਬੰਧੀ ਹਲੂਣਾ ਦੇਵੇ। Farmers To Stage ‘Rail Roko’ In Punjab
ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਹਜ਼ਾਰਾਂ ਕਿਸਾਨ ਅਤੇ ਮਜ਼ਦੂਰ ਰੇਲਵੇ ਸਟੇਸ਼ਨਾਂ ’ਤੇ ਰੇਲਾਂ ਰੋਕਣ ਲਈ ਤਿਆਰ ਹਨ। ਪੰਧੇਰ ਨੇ ਕਿਹਾ ਕਿ ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 22ਵੇਂ ਦਿਨ ਵਿੱਚ ਪੁੱਜ ਚੁੱਕਾ ਹੈ, ਪਰ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਸਬੰਧੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ।
Read Also : Bharatmala Project: ਭਾਰਤਮਾਲਾ ਪ੍ਰਾਜੈਕਟ ਦੇ ਵਿਰੋਧ ’ਚ ਟਾਵਰ ’ਤੇ ਚੜੇ ਕਿਸਾਨ
ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਸਿਰਫ਼ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਗਿਆ ਹੈ, ਜਦੋਂ ਕਿ ਕਿਸਾਨ ਤੱਥਾਂ ’ਤੇ ਅਧਾਰਿਤ ਸਰਕਾਰ ਨੂੰ ਵਾਧੇ ਦਾ ਚਾਨਣਾ ਪਾਉਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਤਿੰਨ ਘੰਟੇ ਸਾਰੇ ਰੇਲਵੇ ਸਟੇਸ਼ਨਾਂ ’ਤੇ ਰੇਲ ਗੱਡੀਆਂ ਰੋਕੀਆਂ ਜਾਣਗੀਆਂ। ਦੱਸਣਯੋਗ ਹੈ ਕਿ ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਵੱਲੋਂ 3 ਵਾਰ ਦਿੱਲੀ ਪੈਦਲ ਕੂਚ ਦਾ ਯਤਨ ਕੀਤਾ ਗਿਆ ਹੈ ਪਰ ਹਰ ਵਾਰ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਗਿਆ।