ਫਿਰੋਜ਼ਪੁਰ-ਫਾਜ਼ਿਲਕਾ ਰੋਡ ਵੀ ਰਿਹਾ ਬੰਦ
(ਸਤਪਾਲ ਥਿੰਦ/ ਬਲਜੀਤ ਸਿੰਘ ਕਚੂਰਾ) ਫਿਰੋਜ਼ਪੁਰ/ਮਮਦੋਟ। ਸਰਹੱਦੀ ਕਿਸਾਨਾਂ ਵੱਲੋਂ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਸਰਕਾਰੀ ਜ਼ਮੀਨ ’ਤੇ ਕਬਜਾ ਜਮਾਈ ਬੈਠੇ ਭੂ-ਮਾਫੀਆ (Land Mafia) ਨੂੰ ਰੋਕਣ ਦੀ ਮੰਗ ਨੂੰ ਲੈ ਕੇ ਬੀਐਸਐਫ 136 ਬਟਾਲੀਅਨ ਦੇ ਹੈੱਡਕੁਆਰਟਰ ਖਾਈ ਮਹਿਲ ਸਿੰਘ ਵਾਲਾ ਵਿਖੇ ਧਰਨਾ ਦਿੰਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਰੋਡ ਵੀ ਬੰਦ ਰੱਖਿਆ ਗਿਆ, ਜਿਸ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋਈ ।
ਇਸ ਮੌਕੇ ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਦੀਪ ਸਿੰਘ, ਪਿਆਰਾ ਸਿੰਘ ਨੰਬਰਦਾਰ ਤੇ ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਭੂ ਮਾਫੀਆ ਵੱਲੋਂ ਸਰਕਾਰੀ ਜ਼ਮੀਨ ’ਤੇ ਕਬਜੇ ਦੀ ਮਨਸ਼ਾ ਤਹਿਤ ਸਰਹੱਦ ’ਤੇ ਲੱਗੀ ਕੰਡੀਆਲੀ ਤਾਰ ਤੋਂ ਪਾਰ ਥੋੜ੍ਹੀ-ਥੋੜ੍ਹੀ ਜ਼ਮੀਨ ਖਰੀਦ ਕੀਤੀ ਹੋਈ ਹੈ ਤੇ ਇਸ ਦੌਰਾਨ ਉਨ੍ਹਾਂ ਵੱਲੋਂ ਲਗਭਗ 11 ਸੌ ਏਕੜ ਕੇਂਦਰ ਸਰਕਾਰ ਦੀ ਜ਼ਮੀਨ ’ਤੇ ਕਬਜ਼ਾ ਜਮਾਇਆ ਜਾ ਰਿਹਾ ਹੈ ਪ੍ਰੰਤੂ ਬੀ ਐੱਸ ਐੱਫ ਵੱਲੋਂ ਉਕਤ ਲੋਕਾਂ ਦੀ ਗੇਟ ਨੰਬਰ 195 ਤੋਂ ਐਟਰੀ ਬੰਦ ਨਹੀਂ ਕੀਤੀ ਜਾ ਰਹੀ ਹੈ।
ਜਦੋਂਕਿ ਜਿਲ੍ਹਾ ਪ੍ਰਸਾਸ਼ਨ ਵੱਲੋਂ ਅਜਿਹੇ ਕਬਜ਼ਾਧਾਰੀਆਂ ਖਿਲਾਫ ਸਖਤੀ ਨਾਲ ਕਾਰਵਾਈ ਲਈ ਲਿਖਤੀ ਚਿੱਠੀ ਵੀ ਬੀਐੱਸਐੱਫ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਹੈ। ਪ੍ਰਧਾਨ ਗੁਰਦੀਪ ਸਿੰਘ ਨੇ ਕਿਹਾ ਕਿ ਉਕਤ ਜ਼ਮੀਨ ਸਰਹੱਦ ’ਤੇ ਵੱਸੇ ਚਾਰ ਪਿੰਡਾਂ ਦੇ ਲੋਕਾਂ ਦੀ ਹੈ ਜਿਸ ’ਤੇ ਭੂ ਮਾਫੀਆ ਨੂੰ ਕਿਸੇ ਵੀ ਸੂਰਤ ਵਿੱਚ ਕਾਬਜ ਨਹੀਂ ਹੋਣ ਦਿੱਤਾ ਜਾਵੇਗਾ। ਇਸ ਦੌਰਾਨ ਧਰਨੇ ਦੀ ਜਾਣਕਾਰੀ ਮਿਲਦਿਆਂ ਐਸ ਡੀ ਐਮ ਫਿਰੋਜ਼ਪੁਰ ਰਣਜੀਤ ਸਿੰਘ ਮੌਕੇ ’ਤੇ ਪੁੱਜੇ ਤੇ ਕਿਸਾਨਾਂ ਦੀ ਮੰਗ ਮੁਤਾਬਕ ਕਾਰਵਾਈ ਕਰਨ ਦੇ ਭਰੋਸੇ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਰੱਦ ਕਰ ਦਿੱਤਾ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ