ਮੁੱਖ ਮੰਤਰੀ ਦੇ ਸ਼ਹਿਰ ’ਚ ਕਿਸਾਨਾਂ ਵੱਲੋਂ ਤਿੰਨ ਰੋਜ਼ਾ ਧਰਨਾ ਸ਼ੁਰੂ

Farmers Protest Sachkahoon

 ਕੇਂਦਰ ਅਤੇ ਪੰਜਾਬ ਸਰਕਾਰ ਕੋਰੋਨਾ ਪ੍ਰਬੰਧਾਂ ਲਈ ਫੇਲ੍ਹ ਕਰਾਰ

  •  ਕਿਸਾਨਾਂ ਵੱਲੋਂ ਧਰਨੇ ’ਚ ਮਾਸਕ, ਸੈਨੇਟਾਈਜ਼ਰ ਅਤੇ ਸਮਾਜਿਕ ਦੂਰੀ ਦੇ ਨੇਮਾਂ ਦੀ ਪਾਲਣਾ

  •  ਅਮਰਿੰਦਰ ਸਿੰਘ ਨੇ ਆਪਣੇ ਕਾਰਜ਼ਕਾਲ ’ਚ ਲੋਕਾਂ ’ਚ ਵਿਚਰ ਕੇ ਨਹੀਂ ਸੁਣਿਆ ਦੁੱਖ ਦਰਦ : ਕੋਕਰੀ ਕਲਾਂ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ਦੇ ਪੁੱਡਾ ਗਰਾਊਂਡ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ) ਵੱਲੋਂ ਆਪਣਾ ਤਿੰਨ ਰੋਜ਼ਾ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਅੱਜ ਸਵੇਰ ਤੋਂ ਵੱਡੀ ਗਿਣਤੀ ਕਿਸਾਨ ਬੱਸਾਂ, ਟਰੈਕਟਰ-ਟਰਾਲੀਆਂ ਅਤੇ ਹੋਰ ਸਾਧਨਾਂ ਰਾਹੀਂ ਇਸ ਧਰਨੇ ’ਚ ਪੁੱਜੇ। ਇਸ ਧਰਨੇ ਦੀ ਵੱਡੀ ਗੱਲ ਇਹ ਰਹੀ ਕਿ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੂਰੇ ਨੇਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਧਰਨੇ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ।

ਜਾਣਕਾਰੀ ਅਨੁਸਾਰ ਇਸ ਧਰਨੇ ਵਿੱਚ ਮਰਦਾਂ ਦੇ ਨਾਲ ਹੀ ਔਰਤਾਂ ਦੀ ਵੱਡੀ ਗਿਣਤੀ ਸਮੂਲੀਅਤ ਨਜਰ ਆਈ ਅਤੇ ਔਰਤਾਂ ਦੀਆਂ ਬਸੰਤੀ ਰੰਗ ਦੀਆਂ ਚੁੰਨੀਆਂ ਧਰਨੇ ’ਚ ਵੱਖਰਾ ਜੋਸ਼ ਪੈਦਾ ਕਰ ਰਹੀਆਂ ਸਨ। ਧਰਨੇ ’ਚ ਪੁੱਜੇ ਕਿਸਾਨਾਂ ਲਈ ਗਰਮੀ ਨੂੰ ਦੇਖਦਿਆਂ ਪੱਖਿਆਂ ਸਮੇਤ ਕੋਰੋਨਾ ਦੇ ਚੱਲਦਿਆਂ ਮਾਸਕ, ਸੈਨੀਟਾਈਜਰ ਆਦਿ ਦੇ ਪ੍ਰਬੰਧ ਕੀਤੇ ਹੋਏ ਸਨ। ਕੋਰੋਨਾ ਦੇ ਚੱਲਦਿਆ ਜ਼ਿਲ੍ਹਾ ਬਰਨਾਲਾ, ਸੰਗਰੂਰ ਅਤੇ ਪਟਿਆਲਾ ਤੋਂ ਲਗਭਗ 1500 ਦੇ ਕਰੀਬ ਕਿਸਾਨਾਂ ਦਾ ਹੀ ਇਕੱਠ ਕੀਤਾ ਹੋਇਆ ਸੀ।

Farmers Protest Sachkahoon

ਵੱਡੀ ਗੱਲ ਇਹ ਸੀ ਕਿ ਕਿਸਾਨਾਂ ਅਤੇ ਔਰਤਾਂ ਨੂੰ ਲਾਈਨਾਂ ਵਿੱਚ ਸਮਾਜਿਕ ਦੂਰੀ ਰੱਖਦਿਆਂ ਬਿਠਾਇਆ ਹੋਇਆ ਸੀ। ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰਾਂ ਕੋਰੋਨਾ ਦੇ ਪ੍ਰਬੰਧਾਂ ਨੂੰ ਲੈ ਕੇ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈਆਂ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ ਸ਼ੁਰੂ ਤੋਂ ਹੀ ਕੋਰੋਨਾ ਬਿਮਾਰੀ ਤੋਂ ਇਨਕਾਰ ਨਹੀਂ ਕੀਤਾ ਸੀ, ਪਰ ਸਰਕਾਰਾਂ ਵੱਲੋਂ ਆਪਣੀ ਜਿੰਮੇਵਾਰੀ ਤੋਂ ਭੱਜਦਿਆਂ ਹਜਾਰਾਂ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ।

ਲੈਵਲ-3 ਬੈੱਡ ਪੂਰੇ ਪੰਜਾਬ ਵਿੱਚ ਕੁੱਲ 2010 ਹਨ ਜਿਨ੍ਹਾਂ ਵਿੱਚੋਂ ਸਰਕਾਰੀ ਹਸਪਤਾਲਾਂ ਵਿੱਚ ਸਿਰਫ 550 ਹੀ ਹਨ। ਸਾਲ 2020 ’ਚ ਪੰਜਾਬ ਦੀ ਅੰਦਾਜਨ 3.05 ਕਰੋੜ ਵਸੋਂ ਲਈ 15174 ਲੋਕਾਂ ਪਿੱਛੇ ਇੱਕ ਬੈੱਡ, ਪਰ ਸਰਕਾਰੀ ਹਸਪਤਾਲਾਂ ਵਿੱਚ 55455 ਲੋਕਾਂ ਪਿੱਛੇ ਇੱਕ ਹੀ ਬੈੱਡ ਉਪਲੱਬਧ ਹੈ। ਬਹੁਤ ਥੋੜ੍ਹੀ ਗਿਣਤੀ ਵਿੱਚ ਉਪਲੱਬਧ ਵੈਂਟੀਲੇਟਰਾਂ ਵਿੱਚੋਂ ਵੀ ਬਹੁਤ ਸਾਰੇ ਅਣਵਰਤੇ ਪਏ ਹਨ। ਅੰਮਿ੍ਰਤਸਰ ਵਿੱਚ 300 ਵੈਂਟੀਲੇਟਰਾਂ ਵਿੱਚੋਂ ਕੋਵਿਡ ਲਈ ਰਾਖਵੇਂ ਤਾਂ 200 ਹਨ ਪਰ ਸਟਾਫ ਦੀ ਕਮੀ ਕਾਰਨ ਵਰਤੋਂ ਸਿਰਫ 30-40 ਦੀ ਹੀ ਹੋ ਰਹੀ ਹੈ। ਗੁਰਦਾਸਪੁਰ ਵਿੱਚ ਸਿਰਫ 2, ਤਰਨਤਾਰਨ ਵਿੱਚ ਸਿਰਫ 3 ਅਤੇ ਪਠਾਨਕੋਟ ਵਿੱਚ ਸਿਰਫ 18 ਹੀ ਵੈਂਟੀਲੇਟਰ ਅਣਵਰਤੇ ਪਏ ਹਨ।

ਬਠਿੰਡਾ ਸਿਵਲ ਹਸਪਤਾਲ ਦੇ ਵਰਤੋਂਯੋਗ 29 ਦੇ 29 ਵੈਂਟੀਲੇਟਰ ਸਟਾਫ ਦੀ ਭਾਰੀ ਕਮੀ ਕਾਰਨ ਪ੍ਰਾਈਵੇਟ ਹਸਪਤਾਲਾਂ ਨੂੰ ਸੌਂਪ ਦਿੱਤੇ ਗਏ ਹਨ ਜਿਹੜੇ ਮਰੀਜਾਂ ਦੀ ਛਿੱਲ ਲਾਹ ਰਹੇ ਹਨ। ਇਸ ਮਹੀਨੇ ਆਕਸੀਜਨ ਮੰਗਦੇ ਮਰੀਜਾਂ ਦੀ ਗਿਣਤੀ ਵਿੱਚ ਅਪਰੈਲ ਮਹੀਨੇ ਨਾਲੋਂ 20 ਗੁਣਾ ਅਤੇ ਵੈਂਟੀਲੇਟਰਾਂ ਦੀ ਮੰਗ ’ਚ 9 ਗੁਣਾ ਵਾਧਾ ਹੋਇਆ ਹੈ। 22 ਜਿਲ੍ਹਿਆਂ ਵਿੱਚੋਂ 17 ਵਿੱਚ ਨਾ ਕੋਈ ਆਈਸੀਯੂ ਅਤੇ ਨਾ ਹੀ ਵੈਂਟੀਲੇਟਰ ਉਪਲਬਧ ਹੈ। ਕੋਕਰੀ ਕਲਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਾਅਵੇ ਮੁਤਾਬਕ ਪਿਛਲੇ ਵਿੱਤੀ ਸਾਲ ’ਚ ਸਿਹਤ ਵਿਭਾਗ ਵਿੱਚ ਖਰਚੇ ਗਏ 1000 ਕਰੋੜ ਰੁਪਏ ਕਿੱਥੇ ਗਏ, ਇਹ ਤਾਂ ਮੁੱਖ ਮੰਤਰੀ ਹੀ ਦੱਸ ਸਕਦੇ ਹਨ।

ਜਥੇਬੰਦੀ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਮਨਜੀਤ ਸਿੰਘ ਨਿਆਲ ਅਤੇ ਜ਼ਿਲ੍ਹਾ ਸੰਗਰੂਰ ਦੇ ਆਗੂ ਮਨਜੀਤ ਸਿੰਘ ਘਰਾਚੋਂ ਨੇ ਕਿਹਾ ਕਿ ਅਮਰਿੰਦਰ ਸਰਕਾਰ ਇੱਕ ਪਾਸੇ ਵਿਧਾਨ ਸਭਾ ਵਿੱਚ ਖੇਤੀ ਕਾਨੂੰਨਾਂ ਖਿਲਾਫ਼ ਬਿੱਲ ਪਾਸ ਕਰ ਰਹੇ ਹਨ ਜਦਕਿ ਦੂਜੇ ਪਾਸੇ ਹੀ ਸਾਲ 2017 ’ਚ ਆਪਣੀ ਸਰਕਾਰ ਵੱਲੋਂ ਪਾਸ ਕੀਤਾ ਖੁੱਲ੍ਹੀ ਮੰਡੀ ਦੇ ਬਿੱਲ ਬਾਰੇ ਸਾਹ ਨਹੀਂ ਕੱਢਦੇ। ਧਰਨੇ ਨੂੰ ਦੇਖਦਿਆਂ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।

ਮੋਦੀ ਨੂੰ 2022 ’ਚ ਹੋਵੇਗਾ ਵੱਡਾ ਨੁਕਸਾਨ : ਪੰਮੀ ਬਾਈ

ਇਸ ਮੌਕੇ ਧਰਨੇ ’ਚ ਪੁੱਜੇ ਗਾਇਕ ਪੰਮੀ ਬਾਈ ਨੇ ਕਿਹਾ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਦੇ ਨਾਮ ’ਤੇ ਦੇਸ਼ ਭਰ ਦੇ ਕਿਸਾਨਾਂ ਨੂੰ ਉਜਾੜਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਹੁੁਣ ਮੋਦੀ ਸਰਕਾਰ ਨੂੰ ਲੱਗਣ ਲੱਗ ਪਿਆ ਹੈ ਕਿ 2022 ਵਿੱਚ ਵੱਖ-ਵੱਖ ਰਾਜਾਂ ’ਚ ਹੋ ਰਹੀਆਂ ਚੋਣਾਂ ’ਚ ਵੱਡਾ ਨੁਕਸਾਨ ਹੋਵੇਗਾ, ਜਿਸ ਕਾਰਨ ਉਹ ਥੋੜ੍ਹਾ ਨਰਮ ਪਈ ਹੈ। ਇਸ ਤੋਂ ਪਹਿਲਾਂ ਬੰਗਾਲ ਵਿੱਚ ਬੀਜੇਪੀ ਨੂੰ ਵੱਡਾ ਝਟਕਾ ਲੱਗਾ ਹੈ। ਕਿਸਾਨਾਂ ਵੱਲੋਂ ਸਾਫ਼ ਤੌਰ ’ਤੇ ਕਹਿ ਦਿੱਤਾ ਗਿਆ ਹੈ ਕਿ ਜੇਕਰ ਮੋਦੀ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਦਾ ਹੱਲ ਨਹੀਂ ਕੀਤਾ ਜਾਵੇਗਾ ਤਾਂ ਹਰੇਕ ਰਾਜ ਵਿੱਚ ਕਿਸਾਨ ਮੋਦੀ ਸਰਕਾਰ ਦਾ ਵਿਰੋਧ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।