ਜਿਆਦਾ ਨਮੀ ਦਾ ਬਹਾਨਾ ਬਣਾ ਕੇ ਬਿਠਾ ਰੱਖਿਆ ਐ ਇਥੇ, ਸਾਨੂੰ 24 ਘੰਟੇ ਜਾ ਕੇ ਕਰਨੀ ਪੈ ਰਹੀ ਐ ਫਸਲ ਦੀ ਰਾਖੀ
ਸਮਾਣਾ, (ਸੁਨੀਲ ਚਾਵਲਾ)। ਅਸੀਂ ਰਾਹੁਲ ਗਾਂਧੀ ਤੋਂ ਕੀ ਲੈਣਾ ਐ, ਸਾਡੀ ਤਾਂ ਇਥੇ ਫਸਲ ਹੀ ਰੁਲਦੀ ਨਜ਼ਰ ਆ ਰਹੀ ਹੈ। ਪਿਛਲੇ 5 ਦਿਨਾਂ ਤੋਂ ਮੰਡੀ ਬੈਠ ਕੇ ਆਪਣੀ ਫਸਲ ਦੀ ਸਾਂਭ ਸੰਭਾਲ ਕਰ ਰਿਹਾ ਹਾਂ ਪਰ ਅਮਰਿੰਦਰ ਸਿੰਘ ਸਾਡੀ ਫਸਲ ਹੀ ਨਹੀਂ ਖਰੀਦ ਰਿਹਾ ਹੈ। ਜੇਕਰ ਮੈਨੂੰ ਮੌਕੇ ਮਿਲਿਆ ਤਾਂ ਮੈ ਰਾਹੁਲ ਗਾਂਧੀ ਨੂੰ ਆਪਣੀ ਫਸਲ ਦਿਖਾਉਣਾ ਚਾਹੁੰਦਾ ਹਾਂ, ਕਿਉਂਕਿ ਉਸ ਨੂੰ ਵੀ ਪਤਾ ਲੱਗੇ ਕਿ ਉਸ ਦੀ ਸਰਕਾਰ ਵਿੱਚ ਵੀ ਸਾਨੂੰ ਇਸ ਤਰ੍ਹਾਂ ਰੁਲਣਾ ਪੈ ਰਿਹਾ ਹੈ। ਬਜ਼ੁਰਗ ਹੋਣ ਦੇ ਕਾਰਨ ਘਰੋਂ ਸਰਕਾਰ ਬਾਹਰ ਨਹੀਂ ਨਿਕਲਣ ਬਾਰੇ ਕਹਿੰਦੀ ਨਜ਼ਰ ਆ ਰਹੀ ਹੈ ਪਰ ਖ਼ੁਦ ਹੀ ਅਮਰਿੰਦਰ ਸਿੰਘ ਦੀ ਸਰਕਾਰ ਸਾਨੂੰ ਮੰਡੀਆਂ ਵਿੱਚ ਦਿਨ ਰਾਤ ਰਹਿਣ ਲਈ ਮਜਬੂਰ ਕਰ ਰਹੀ ਹੈ।
ਸਮਾਣਾ ਦੀ ਦਾਣਾ ਮੰਡੀ ਵਿੱਚ ਰੈਲੀ ਕਰਨ ਲਈ ਆਏ ਰਾਹੁਲ ਗਾਂਧੀ ਤੋਂ ਸਿਰਫ਼ 100 ਮੀਟਰ ਦੀ ਦੂਰੀ ‘ਤੇ ਹੀ ਆਪਣੀ ਫਸਲ ਨਾਲ ਬੈਠੇ ਕਿਸਾਨ ਬਲਵੰਤ ਸਿੰਘ ਨੇ ਇਸ ਪੱਤਰਕਾਰ ਕੋਲ ਆਪਣਾ ਦੁਖੜਾ ਸੁਣਾਇਆ। ਬਲਵੰਤ ਸਿੰਘ ਆਪਣੀ ਫਸਲ ਦੇ ਕੋਲ ਖੜ੍ਹੇ ਹੋ ਕੇ ਰਾਹੁਲ ਗਾਂਧੀ ਦੀ ਰੈਲੀ ਵਲ ਨੂੰ ਦੇਖ ਰਿਹਾ ਸੀ ਤਾਂ ਉਸ ਨੂੰ ਪੱਤਰਕਾਰ ਵਲੋਂ ਪੁੱਛਿਆ ਗਿਆ ਕਿ ਕਿਸਾਨਾਂ ਦੇ ਹੱਕ ਲਈ ਹੀ ਰਾਹੁਲ ਗਾਂਧੀ ਇਥੇ ਆਏ ਹਨ ਤਾਂ ਉਹ ਇਥੇ ਖੜੇ ਹੋ ਕੇ ਕੀ ਦੇਖ ਰਹੇ ਹਨ, ਉਨ੍ਹਾਂ ਦੀ ਰੈਲੀ ਵਿੱਚ ਕਿਉਂ ਨਹੀਂ ਚਲੇ ਜਾਂਦੇ।
ਇਸ ਸੁਆਲ ‘ਤੇ ਕਿਸਾਨ ਬਲਵੰਤ ਸਿੰਘ ਨੇ ਕਿਹਾ ਕਿ ਮੈ ਤਾਂ ਵੇਖ ਰਿਹਾ ਹਾਂ ਕਿ ਰਾਹੁਲ ਗਾਂਧੀ ਦਿਖ ਜਾਵੇ ਤਾਂ ਉਸ ਨੂੰ ਆਵਾਜ਼ ਮਾਰ ਕੇ ਸੱਦ ਲਵਾ ਕਿ ਮੇਰੀ ਫਸਲ ਨਹੀਂ ਬਿੱਕ ਰਹੀ ਹੈ। ਮੈ 1 ਅਕਤੂਬਰ ਨੂੰ ਆਪਣੀ ਫਸਲ ਮੰਡੀ ਵਿੱਚ ਲੈ ਕੇ ਆਇਆ ਸੀ ਪਰ ਅਮਰਿੰਦਰ ਸਿੰਘ ਦੀ ਸਰਕਾਰ ਦੇ ਅਧਿਕਾਰੀ ਕੋਈ ਨਾ ਕੋਈ ਬਹਾਨਾ ਮਾਰ ਕੇ ਮੈਨੂੰ ਪਿਛਲੇ 5 ਦਿਨਾਂ ਤੋਂ ਇਥੇ ਹੀ ਬਿਠਾਈ ਬੈਠੇ ਹਨ। ਜੇਕਰ ਮੇਰੀ ਰਾਹੁਲ ਗਾਂਧੀ ਸੁਣ ਲਵੇ ਤਾਂ ਉਸ ਨਾਲ ਆਏ ਅਮਰਿੰਦਰ ਸਿੰਘ ਨੂੰ ਵੀ ਪਤਾ ਚਲ ਜਾਊ ਅਤੇ ਮੇਰੀ ਫਸਲ ਬਿੱਕ ਜਾਏਗੀ। ਇਸ ਤੋਂ ਜਿਆਦਾ ਸਾਨੂੰ ਕੁਝ ਨਹੀਂ ਚਾਹੀਦਾ ਹੈ। ਇਨ੍ਹਾਂ ਨੇ ਕਿਸਾਨੀ ਐਕਟ ਬਾਰੇ ਕੁਝ ਨਹੀਂ ਕਰਨਾ ਹੈ, ਇਨ੍ਹਾਂ ਨੇ ਤਾਂ ਰੈਲੀ ਕਰਦੇ ਹੋਏ ਤੁਰਦੇ ਬਣਨਾ ਹੈ ਪਰ ਸਾਰੀ ਉਮਰ ਤਾਂ ਭੁਗਤਣਾ ਸਾਨੂੰ ਹੀ ਪੈਣਾ ਹੈ।
ਕਿਸਾਨ ਬਲਵੰਤ ਸਿੰਘ ਨੇ ਕਿਹਾ ਕਿ ਮੈ ਪਿਛਲੇ 5 ਦਿਨਾਂ ਤੋਂ ਅਧਿਕਾਰੀਆਂ ਦੇ ਅੱਗੇ ਪਿੱਛੇ ਭਜਦਾ ਪਿਆ ਹਾਂ ਪਰ ਕੋਈ ਸੁਣਦਾ ਹੀ ਨਹੀਂ ਹੈ। ਮੇਰੀ ਫਸਲ ਕੋਲ ਆ ਕੇ ਕਹਿ ਜਾਂਦੇ ਹਨ ਕਿ ਤੁਹਾਡੀ ਫਸਲ ਵਿੱਚ ਨਮੀ ਜਿਆਦਾ ਹੈ, ਜਦੋਂ ਕਿ ਮੇਰੀ ਫਸਲ ਪੂਰੀ ਤਰ੍ਹਾਂ ਸੁੱਕੀ ਪਈ ਹੈ। ਇਹ ਅਧਿਕਾਰੀ ਤਾਂ ਬਿਨਾ ਚੈੱਕ ਕੀਤੇ ਹੀ ਇਨ੍ਹਾਂ ਕਹਿ ਕੇ ਤੁਰ ਜਾਂਦੇ ਹਨ ਪਰ ਸਾਡੇ ਬਾਰੇ ਕੋਈ ਸੋਚਦਾ ਨਹੀਂ ਹੈ, ਜਿਹੜਾ ਅਸੀਂ 5-5 ਦਿਨਾਂ ਤੋਂ ਇਥੇ ਰੁਲਦੇ ਫਿਰਦੇ ਹਾਂ।
ਬਲਵੰਤ ਸਿੰਘ ਨੇ ਕਿਹਾ ਕਿ ਸਿਰਫ਼ ਉਹ ਹੀ ਨਹੀਂ ਸਗੋਂ ਉਸ ਦੇ ਪਿੰਡਾ ਦੇ ਸਾਬਕਾ ਸਰਪੰਚ ਪ੍ਰੀਤਮ ਸਿੰਘ ਦਾ ਵੀ ਇਹੋ ਹੀ ਹਾਲ ਹੈ, ਉਹ ਅਤੇ ਮੈ ਇਕੱਠੇ ਹੀ ਮੰਡੀ ਆਏ ਸੀ ਅਤੇ ਹੁਣ ਤੱਕ ਰੁਲਦੇ ਫਿਰਦੇ ਹਾਂ। ਬਲਵੰਤ ਸਿੰਘ ਨੇ ਦੱਸਿਆ ਕਿ ਉਹ 2 ਕਿੱਲਿਆਂ ਦੀ ਫਸਲ ਤਾਂ ਪ੍ਰੀਤਮ ਸਿੰਘ 4 ਕਿੱਲਿਆਂ ਦੀ ਫਸਲ ਲੈ ਕੇ ਆਇਆ ਹੈ, ਜਿਸ ਕਾਰਨ ਉਨ੍ਹਾਂ ਨੂੰ ਦਿਨ ਰਾਤ ਫਸਲ ਚੋਰੀ ਹੋਣ ਦਾ ਵੀ ਡਰ ਖਾਈ ਜਾਂਦਾ ਹੈ।
ਕਾਂਗਰਸੀਓ, ਮੇਰੀ ਸੁਨੇਹਾ ਲਾ ਦੇਣ, ਅਮਰਿੰਦਰ ਸਿਹੁੰ ਨੂੰ
ਆਪਣੀ ਫਸਲ ਨਾਲ ਮੰਡੀ ਬੈਠੇ ਕਿਸਾਨ ਬਲਵੰਤ ਸਿੰਘ ਆਉਣ ਜਾਣ ਵਾਲੇ ਇੱਕ ਦੋ ਕਾਂਗਰਸੀਆਂ ਨੂੰ ਇਹ ਵੀ ਕਹਿੰਦੇ ਨਜ਼ਰ ਆਏ ਕਿ ਕਾਂਗਰਸੀਓ, ਮੁੱਖ ਮੰਤਰੀ ਅਮਰਿੰਦਰ ਸਿੰਘ ਸਿਹੁੰ ਨੂੰ ਉਨ੍ਹਾਂ ਦਾ ਸੁਨੇਹਾ ਜਰੂਰ ਲਾ ਦੇਣਾ ਤਾਂ ਕਿ ਮੇਰੀ ਕੋਈ ਤਾਂ ਮੱਦਦ ਉਹ ਕਰ ਸਕਣ। ਕੇਂਦਰ ਦਾ ਕਾਨੂੰਨ ਬਦਲਣਾ ਉਨ੍ਹਾਂ ਦੇ ਹੱਥ ਵਿੱਚ ਨਹੀਂ ਹੈ ਤਾਂ ਫਸਲ ਦੀ ਖਰੀਦ ਕਰਨੀ ਤਾਂ ਉਨ੍ਹਾਂ ਦੇ ਹੀ ਹੱਥ ਵਿੱਚ ਹੈ। ਉਹ ਮੇਰੀ ਫਸਲ ਦੀ ਖਰੀਦ ਤਾਂ ਕਰਵਾ ਹੀ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.