ਪਹਿਲੀ ਕੈਬਨਿਟ ਮੀਟਿੰਗ ਵਿੱਚ ਬਿਜਲੀ ਸਮਝੌਤੇ ਰੱਦ ਕਰਨ ਦਾ ਐਲਾਨ ਕਰਨ ਵਾਲੇ ਕੈਪਟਨ ਅਜੇ ਵੀ ਸਮਝੌਤਿਆਂ ਦਾ ਰੀਵਿਊ ਦਾ ਕਿਉਂ ਕਰ ਰਹੇ ਹਨ ਢੌਂਗ?
ਕੈਪਟਨ ਦੇ ਬਿਆਨ ਤੋਂ ਸਿੱਧ ਹੈ ਕਿ ਬਿਜਲੀ ਸਮਝੌਤੇ ਗ਼ਲਤ ਅਤੇ ਉਨ੍ਹਾਂ ਨੇ ਹੁਣ ਤੱਕ ਬਾਦਲਾਂ ਨੂੰ ਬਚਾਇਆ : ਭਗਵੰਤ ਮਾਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਦਾ ਸਿਸਵਾਂ ਫਾਰਮ ਹਾਊਸ ਹੁਣ ਹਾਟ ਸਪਾਟ ਬਣਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਹੁਣ ਸਿਆਸੀ ਪਾਰਟੀਆਂ ਤੋਂ ਬਾਅਦ ਜੱਥੇਬੰਦੀਆਂ ਨੇ ਵੀ ਸਿਸਵਾਂ ਫਾਰਮ ਹਾਊਸ ਵੱਲ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਹੈ। ਬੀਤੇ 2 ਮਹੀਨੇ ਵਿੱਚ 4 ਧਰਨੇ ਲੱਗਣ ਤੋਂ ਬਾਅਦ ਹੁਣ ਕਿਸਾਨ ਜੱਥੇਬੰਦੀਆਂ ਨੇ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਨੂੰ ਘੇਰਨ ਦੀ ਥਾਂ ’ਤੇ ਸਿਸਵਾਂ ਸਥਿਤ ਫਾਰਮ ਹਾਊਸ ਨੂੰ ਘੇਰਨ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਦੀ ਕਿਸਾਨ ਜਥੇਬੰਦੀਆਂ 6 ਜੁਲਾਈ ਨੂੰ ਸਿਸਵਾਂ ਫਾਰਮ ਹਾਊਸ ਘੇਰਨ ਲਈ ਆਉਣਗੀਆਂ ਤਾਂ ਆਮ ਆਦਮੀ ਪਾਰਟੀ ਨੇ ਵੀ ਇਸ ਧਰਨੇ ਦਾ ਸਮਰੱਥਨ ਕਰਦੇ ਹੋਏ ਇਸ ਵਿੱਚ ਭਾਗ ਲੈਣ ਦਾ ਐਲਾਨ ਕਰ ਦਿੱਤਾ ਹੈ। ਆਪ ਪ੍ਰਧਾਨ ਭਗਵੰਤ ਮਾਨ ਨੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਹੈ।
ਇੱਥੇ ਹੀ ਅਮਰਿੰਦਰ ਸਿੰਘ ਵੱਲੋਂ ਬਿਜਲੀ ਸਮਝੌਤੀਆਂ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾਂ ਨੂੰ ਰੱਦ ਕਰਨ ਬਾਰੇ ਵਿਚਾਰ ਕਰਨ ਦੀ ਪਹਿਲ ਨੂੰ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਵੀ ਕਰਾਰ ਦਿੱਤੀ ਹੈ, ਕਿਉਂਕਿ ਇਸੇ ਮੁੱਦੇ ’ਤੇ ਆਮ ਆਦਮੀ ਪਾਰਟੀ ਨੇ ਬੀਤੇ ਦਿਨੀਂ ਫਾਰਮ ਹਾਊਸ ਦਾ ਘਿਰਾਓ ਵੀ ਕੀਤਾ ਸੀ। ਚੰਡੀਗੜ੍ਹ ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਪਣੀ ਸਾਢੇ ਚਾਰ ਸਾਲ ਦੀ ਨੀਂਦ ਵਿੱਚੋਂ ਜਾਗਦਿਆਂ ਕੈਪਟਨ ਅਮਰਿੰਦਰ ਸਿੰਘ ਹੁਣ ਇਨ੍ਹਾਂ ਬਿਜਲੀ ਸਮਝੌਤਿਆਂ ਨੂੰ ਬਿਜਲੀ ਦੀ ਘਾਟ ਲਈ ਸਭ ਤੋਂ ਵੱਡਾ ਕਾਰਨ ਦੱਸ ਰਹੇ ਹਨ ਜਦਕਿ ਸਰਕਾਰ ਬਣਨ ਤੋਂ ਬਾਅਦ ਹੁਣ ਤਕ ਉਹ ਇਸ ’ਤੇ ਚੁੱਪ ਵੱਟ ਕੇ ਬਾਦਲਾਂ ਨੂੰ ਬਚਾਉਣ ਦਾ ਯਤਨ ਕਰ ਰਹੇ ਸਨ। ਮਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਹੱਥ ਵਿਚ ਸ੍ਰੀ ਗੁਟਕਾ ਸਾਹਿਬ ਪਕੜ ਕੇ ਇਨ੍ਹਾਂ ਬਿਜਲੀ ਸਮਝੌਤਿਆਂ ਨੂੰ ਪੰਜਾਬ ਕੈਬਨਿਟ ਦੀ ਪਹਿਲੀ ਮੀਟਿੰਗ ਵਿਚ ਰੱਦ ਕਰਨ ਦਾ ਦਾਅਵਾ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਕੈਬਨਿਟ ਦੀ ਆਖਰੀ ਮੀਟਿੰਗ ਵਿੱਚ ਵੀ ਇਸ ’ਤੇ ਵਿਚਾਰ ਕਰਨ ਦਾ ਢੌਂਗ ਕਰ ਰਹੇ ਹਨ।
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਇਸ ਗੱਲ ਨੂੰ ਸਪੱਸ਼ਟ ਕਰਨ ਕਿ ਜੇਕਰ ਹੁਣ ਉਹ ਮੰਨਦੇ ਹਨ ਕਿ ਇਹ ਬਿਜਲੀ ਸਮਝੌਤੇ ਸੰਪੂਰਨ ਤੌਰ ’ਤੇ ਗਲਤ ਸਨ ਅਤੇ ਬਾਦਲਾਂ ਵੱਲੋਂ ਗਲਤ ਨੀਅਤ ਨਾਲ ਕੀਤੇ ਗਏ ਸਨ ਤਾਂ ਉਹ ਹੁਣ ਤੱਕ ਬਾਦਲਾਂ ਨੂੰ ਕਿਉਂ ਬਚਾ ਰਹੇ ਸਨ। ਉਨ੍ਹਾਂ ਕਿਹਾ ਕਿ ਅਸਲ ਵਿੱਚ ਬਾਦਲ ਕੈਪਟਨ ਪਰਿਵਾਰ ਮਿਲੇ ਹੋਏ ਹਨ ਅਤੇ ਮਿਲ ਕੇ ਪੰਜਾਬ ਦੇ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ। ਉਨ੍ਹਾਂ ਪੁੱਛਿਆ ਕਿ ਇਨ੍ਹਾਂ ਗਲਤ ਸਮਝੌਤਿਆਂ ਦੀ ਵਜ੍ਹਾ ਨਾਲ ਪੰਜਾਬ ਦੇ ਹੋਏ 20 ਹਜ਼ਾਰ ਕਰੋੜ ਰੁਪਏ ਦੀ ਭਰਪਾਈ ਕੌਣ ਕਰੇਗਾ? ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਪੁੱਛਦਿਆਂ ਮਾਨ ਨੇ ਕਿਹਾ ਕਿ ਇਨਾਂ ਗ਼ਲਤ ਸਮਝੌਤਿਆਂ ਦੀ ਵਜ੍ਹਾ ਨਾਲ ਬਿਜਲੀ ਦੀ ਕਿੱਲਤ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ, ਬੰਦ ਹੋਏ ਉਦਯੋਗਾਂ ਅਤੇ ਆਮ ਲੋਕਾਂ ਨੂੰ ਆਈਆਂ ਮੁਸ਼ਕਲਾਂ ਲਈ ਕੌਣ ਜ਼ਿੰਮੇਵਾਰ ਹੋਵੇਗਾ?
ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੁਣ ਕੀਤਾ ਗਿਆ ਐਲਾਨ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣੀ ਸਾਖ ਬਚਾਉਣ ਦਾ ਇੱਕ ਯਤਨ ਮਾਤਰ ਹੈ ਜਿਸ ਨੂੰ ਪੰਜਾਬ ਦੇ ਲੋਕ ਭਲੀਭਾਂਤੀ ਜਾਣਦੇ ਹਨ। ਬਿਜਲੀ ਦੇ ਮੁੱਦੇ ’ਤੇ ਕਿਸਾਨ ਯੂਨੀਅਨ ਵੱਲੋਂ 6 ਜੁਲਾਈ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਘਿਰਾਓ ਦੇ ਦਿੱਤੇ ਪ੍ਰੋਗਰਾਮ ਦਾ ਸਮਰਥਨ ਕਰਦਿਆਂ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਆਮ ਲੋਕਾਂ ਕਿਸਾਨਾਂ ਮਜ਼ਦੂਰਾਂ ਦਲਿਤਾਂ ਅਤੇ ਵਪਾਰੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਰਹੀ ਹੈ ਅਤੇ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਬਿਨਾਂ ਪਾਰਟੀ ਦੇ ਝੰਡੇ ਤੋਂ ਸੰਘਰਸ਼ ਵਿੱਚ ਸ਼ਾਮਿਲ ਹੋਣਗੇ ਅਤੇ ਕੈਪਟਨ ਅਮਰਿੰਦਰ ਸਿੰਘ ਤੱਕ ਆਮ ਜਨਤਾ ਦੀ ਆਵਾਜ਼ ਬੁਲੰਦ ਕਰਨਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।