ਸ਼ਹਿਰ ਦੇ ਹਰ ਵਰਗ ਦੇ ਸਹਿਯੋਗ ਨਾਲ਼ ਜ਼ਿਲ੍ਹਾ ਪਟਿਆਲਾ ’ਚ ਹੋਵੇਗਾ ਮੁਕੰਮਲ ਬੰਦ
- ਭਾਰਤ ਬੰਦ ਦੌਰਾਨ ਪਟਿਆਲਾ ਬੇਮਿਸਾਲ ਸ਼ਮੂਲੀਅਤ ਕਰੇਗਾ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਲ ਕਿਸਾਨ ਜਥੇਬੰਦੀਆਂ ਦੀ 27 ਦੇ ਬੰਦ ਨੂੰ ਲੈ ਕੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਅੱਜ ਹੰਗਾਮੀ ਮੀਟਿੰਗ ਸੁਰਜੀਤ ਸਿੰਘ ਟਹਿਲਪੁਰਾ ਬੀਕੇਯੂ ਸਿੱਧੂਪੁਰ ਦੀ ਪ੍ਰਧਾਨਗੀ ਅਧੀਨ ਹੋਈ। ਇਸ ਵਿਚ ਬੰਦ ਨੂੰ ਸੰਪੂਰਨ ਤੌਰ ’ਤੇ ਸਫ਼ਲ ਬਣਾਉਣ ਲਈ ਅੰਤਿਮ ਛੋਹਾਂ ਦਿੱਤੀਆਂ ਗਈਆਂ।
ਨਾਭਾ-ਭਾਦਸੋਂ, ਰਾਜਪੁਰਾ, ਸ਼ੰਭੂ ਬਾਰਡਰ, ਪਾਤੜਾਂ, ਸਮਾਣਾ ਦੇ ਅਲੱਗ-ਅਲੱਗ ਇਲਾਕਿਆਂ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਦੀਆਂ ਕਮੇਟੀਆਂ ਬਣਾ ਦਿੱਤੀਆਂ ਗਈਆਂ। ਇਸ ਮੌਕੇ ਕਿਸਾਨ ਆਗੂ ਸੁਰਜੀਤ ਸਿੰਘ ਨੇ ਦੱਸਿਆ ਕਿ ਦੋਧੀ ਡੇਅਰੀ ਯੂਨੀਅਨ, ਵਪਾਰ ਮੰਡਲ, ਵਿਦਿਆਰਥੀ, ਨੌਜਵਾਨ ਅਤੇ ਬੇਰੁਜ਼ਗਾਰ ਦੀਆਂ ਯੂਨੀਅਨਾਂ ਵਲੋਂ ਮਿਲੀ ਹਮਾਇਤ ਤੋਂ ਸਿਰਫ਼ ਇਹ ਅੰਦਾਜ਼ਾ ਹੀ ਨਹੀਂ ਸਾਨੂੰ ਪੂਰਾ ਯਕੀਨ ਹੈ ਕਿ ਸਾਰੇ ਪਟਿਆਲੇ ਅੰਦਰ ਬਜ਼ਾਰ, ਸਾਰੇ ਕਾਰੋਬਾਰ ਅਤੇ ਇਥੋਂ ਤੱਕ ਬੈਂਕ ਮੁਲਾਜ਼ਮਾਂ ਵਲੋਂ ਦਿੱਤੀ ਹਮਾਇਤ ਕਰਕੇ ਸਰਕਾਰੀ ਬੈਂਕ ਆਦਿ ਪੂਰਨ ਬੰਦ ਦੇ ਨਾਲ ਘੱਟੋ ਘੱਟ 15 ਥਾਵਾਂ ’ਤੇ ਮੁੱਖ ਚੌਕਾਂ ’ਚ ਸਮੇਤ ਹਾਈਵੇ ਵੱਡੇ ਧਰਨੇ ਲਗਾਏ ਜਾਣਗੇ।
ਨਾਲ ਹੀ ਸ਼ੰਭੂ ਬਾਰਡਰ ਦੇ ਨਜ਼ਦੀਕ ਹੀ ਰੇਲਵੇ ਟਰੈਕ ’ਤੇ ਵੀ ਬਹੁਤ ਵੱਡਾ ਇਕੱਠ ਕਰਕੇ ਰੇਲਵੇ ਆਵਾਜਾਈ ਸ਼ਾਮੀ 4.00 ਵਜੇ ਤੱਕ ਬੰਦ ਰੱਖੀ ਜਾਵੇਗੀ। ਇਹ ਬੰਦ ਮੋਦੀ ਸਰਕਾਰ ਲਈ ਦੇਸ਼ ਭਰ ਅੰਦਰ ਇਕ ਚਿਤਾਵਨੀ ਹੋਵੇਗੀ। ਇਸ ਬੰਦ ਨਾਲ ਆਮ ਲੋਕਾਂ ਨੂੰ ਕੁਝ ਮੁਸ਼ਕਲਾਂ ਵੀ ਆਉਣਗੀਆਂ। ਅਸੀਂ ਉਸ ਲਈ ਮੁਆਫ਼ੀ ਚਾਹੁੰਦੇ ਹਾਂ। ਕਿਉਂਕਿ ਲੜਾਈ ਹੁਣ ਸਿਖਰ ’ਤੇ ਹੈ ਅਤੇ ਪੇਂਡੂ ਲੋਕਾਂ ਦੀ ਹੋਂਦ ਹੈ।
ਇਸੇ ਤਰ੍ਹਾਂ ਹੀ ਕਿਸਾਨ ਆਗੂਆਂ ਹਰਭਜਨ ਬੁੱਟਰ, ਦਲਜਿੰਦਰ ਸਿੰਘ ਅਤੇ ਅਮਰਜੀਤ ਸਿੰਘ ਦੁਗਾਲ ਨੇ ਦੱਸਿਆ ਕਿ ਮੋਦੀ ਹਕੂਮਤ ਦੇ ਕਾਰਪੋਰੇਟ ਖੇਤੀ ਮਾਡਲ ਅੱਗੇ ਲੋਕ ਤਾਕਤ ਨਾਲ਼ ਦਸ ਮਹੀਨਿਆਂ ਤੋੰ ਚੁਣੌਤੀ ਬਣ ਕੇ ਅੜੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਹਰ ਸੰਘਰਸ਼ੀ ਸੱਦੇ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਇਸ ਵਾਰ ਵੀ ਬੰਦ ਵਿੱਚ ਸਮਾਜ ਦਾ ਵਰਗ ਸ਼ਮੂਲੀਅਤ ਕਰੇਗਾ। 27 ਸਤੰਬਰ ਦੇ ਭਾਰਤ ਬੰਦ ਦੌਰਾਨ ਹਰ ਜਨਤਕ ਗਤੀਵਿਧੀ,ਵਪਾਰ,ਵਣਜ, ਆਵਾਜਾਈ,ਸਰਕਾਰੀ ਅਤੇ ਪ੍ਰਾਈਵੇਟ ਅਦਾਰੇ ਸਮੇਤ ਸਕੂਲ,ਕਾਲਜ ਮੁਕੰਮਲ ਠੱਪ ਰਹਿਣਗੇ। ਕੇਵਲ ਮੈਡੀਕਲ ਅਤੇ ਐਮਰਜੈਂਸੀ ਸੇਵਾਵਾਂ ਨੂੰ ਬੰਦ ਦੌਰਾਨ ਛੋਟ ਹੋਵੇਗੀ। ਇਸ ਬੰਦ ਦ ਪ੍ਰਭਾਵ ਸਮੁੱਚੇ ਦੇਸ਼ ਵਿੱਚ ਪਹਿਲਾਂ ਨਾਲ਼ੋਂ ਵੀ ਜਿਆਦਾ ਵਿਆਪਕ ਅਤੇ ਜੱਥੇਬੰਦ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ