ਪ੍ਰਧਾਨ ਘੁੰਮਣ ਸਮੇਤ ਕਲੱਬ ਮੈਂਬਰਾਂ ਨੇ ਸੈਂਕੜੇ ਏਕੜ ਝੋਨੇ ਦੀ ਕੀਤੀ ਸਿੱਧੀ ਬਿਜਾਈ
ਲੇਰਕੋਟਲਾ (ਗੁਰਤੇਜ ਜੋਸ਼ੀ) ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਖੇਤੀ ਵਿਗਿਆਨੀਆਂ ਦੀ ਤਕਨੀਕੀ ਅਗਵਾਈ ਹੇਠ ਅਧੁਨਿਕ ਤਕਨੀਕਾਂ ਨਾਲ ਖੇਤੀਬਾੜੀ ‘ਚ ਨਵੇਂ ਤਜਰਬੇ ਕਰਦੇ ਆ ਰਹੇ ਮਲੇਰਕੋਟਲਾ ਇਲਾਕੇ ਦੇ ਨੌਜਵਾਨ ਕਿਸਾਨਾਂ ਵੱਲੋਂ ਸੇਵਾ ਮੁਕਤ ਬੈਂਕ ਅਧਿਕਾਰੀ ਜਗਦੀਸ਼ ਸਿੰਘ ਘੁੰਮਣ ਦੀ ਪ੍ਰਧਾਨਗੀ ‘ਚ ਬਣਾਇਆ ਦਸਮੇਸ਼ ਕਿਸਾਨ ਕਲੱਬ ਖਾਨਪੁਰ ਸੈਂਕੜੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਤ ਕਰਕੇ ਇੱਕ ਬਾਰ ਫਿਰ ਕਿਸਾਨਾਂ ਲਈ ਚਾਨਣ ਮੁਨਾਰਾ ਬਣਿਆ ਹੈ। ਪਿਛਲੇ ਕਈ ਵਰਿਆਂ ਤੋਂ ਇਸ ਕਲੱਬ ਦੇ ਕਿਸਾਨਾਂ ਵੱਲੋਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਗੈਰ ਕਣਕ ਦੀ ਸਿੱਧੀ ਬਿਜਾਈ ਕਰਕੇ ਨਵੀਂਆਂ ਸਫ਼ਲ ਪਿਰਤਾਂ ਪਾਈਆਂ ਗਈਆਂ ਹਨ।
ਅੱਜ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਜਗਦੀਸ਼ ਸਿੰਘ ਘੁੰਮਣ ਨੇ ਦੱਸਿਆ ਕਿ ਦਸਮੇਸ਼ ਕਿਸਾਨ ਕਲੱਬ ਵੱਲੋਂ ਦਿਨੋ-ਦਿਨ ਗਰਕ ਰਹੇ ਧਰਤੀ ਹੇਠਲੇ ਪਾਣੀ ਦੀ ਅੰਨੇਵਾਹ ਵਰਤੋਂ ਨੂੰ ਠੱਲ੍ਹਣ ਲਈ ਕਿਸਾਨਾਂ ਨੂੰ ਝੋਨੇ ਦੀ ਬਜਾਈ ਲਈ ਕੱਦੂ ਕਰਨ ਦਾ ਖਹਿੜਾ ਛੱਡਕੇ ਮਸ਼ੀਨ ਨਾਲ ਸਿੱਧੀ ਬਿਜਾਈ ਲਈ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਕਲੱਬ ਮੈਂਬਰਾਂ ਨੇ ਪਹਿਲਾਂ ਆਪ ਆਪਣੇ ਖੇਤਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਨਾਲ ਜਿੱਥੇ ਖੇਤਾਂ ਨੂੰ ਪਾਣੀ ਨਾਲ ਭਰਨ, ਕੱਦੂ ਕਰਨ, ਪਨੀਰੀ ਦੀ ਬਿਜਾਈ ਤੇ ਝੋਨਾ ਲਾਉਣ ਲਈ ਮਹਿੰਗੀ ਲੇਬਰ ਆਦਿ ਤੋਂ ਖਹਿੜਾ ਛੁੱਟ ਜਾਂਦਾ ਹੈ ਉੱਥੇ ਸਿੱਧੀ ਬਿਜਾਈ ਵਾਲੀ ਫਸਲ ਨੂੰ ਬਹੁਤੇ ਪਾਣੀ ਦੀ ਵੀ ਜਰੂਰਤ ਨਹੀਂ ਰਹਿੰਦੀ। ਸ੍ਰੀ ਘੁੰਮਣ ਮੁਤਾਬਿਕ ਉਨਾਂ ਖੁਦ 7 ਏਕੜ, ਕਲੱਬ ਵਿਚ ਸ਼ਾਮਿਲ ਅਮਰਿੰਦਰ ਸਿੰਘ ਚੀਮਾ ਨੇ 25 ਏਕੜ, ਮਹਿੰਦਰ ਸਿੰਘ ਨਾਰੀਕੇ ਨੇ 4 ਏਕੜ, ਅਵਤਾਰ ਸਿੰਘ ਖਾਨਪੁਰ ਨੇ 15 ਏਕੜ, ਜਸਪਾਲ ਸਿੰਘ ਨਹਿਲ ਨੇ 6 ਏਕੜ, ਚੀਮਾ ਪਰਿਵਾਰ ਖਾਨਪੁਰ ਨੇ 4 ਏਕੜ ਅਤੇ ਜੱਗੀ ਖਾਨਪੁਰ ਨੇ ਢਾਈ ਏਕੜ ਝੋਨੇ ਦੀ ਬਿਜਾਈ ਮਸ਼ੀਨ ਨਾਲ ਸਿੱਧੀ ਕੀਤੀ ਹੈ।
ਪ੍ਰਧਾਨ ਜਗਦੀਸ਼ ਸਿੰਘ ਘੁੰਮਣ ਨੇ ਝੋਨੇ ਦੀ ਬਿਜਾਈ ਲਈ ਆਪਣਾ ਇਕ ਹੋਰ ਸਫਲ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਪੰਜਾਬ ਖੇਤੀ ਯੂਨੀਵਰਸਿਟੀ ਦੇ ਵਿਗਿਆਨੀ ਡਾ. ਦਲੇਰ ਸਿੰਘ ਵੱਲੋਂ ਸਾਲ 1999 ਵਿਚ ਸਫਲ ਖੋਜਾਂ ਦੇ ਅਧਾਰ ‘ਤੇ ਕੀਤੀ ਸਿਫਾਰਸ਼ ਅਨੁਸਾਰ ਉਨਾਂ ਐਤਕੀਂ ਡੇਢ ਏਕੜ ਤੋਂ ਵੱਧ ਰਕਬੇ ਵਿਚ ਵੱਟਾਂ ਉਪਰ ਝੋਨੇ ਦੀ ਬਿਜਾਈ ਕੀਤੀ ਹੈ। ਘੁੰਮਣ ਮੁਤਾਬਿਕ ਡਾ. ਦਲੇਰ ਸਿੰਘ ਵੱਲੋਂ ਵੱਟਾਂ ‘ਤੇ ਝੋਨਾ ਲਾਉਣ ਦੀ 1999 ਵਿਚ ਕੀਤੀ ਸਿਫਾਰਸ਼ ਨੂੰ ਯੂਨੀਵਰਸਿਟੀ ਨੇ ਕਿਸੇ ਕਾਰਨ ਲੰਬਾ ਸਮਾਂ ਦਬਾਈ ਰੱਖਣ ਪਿੱਛੋਂ 2017 ਵਿਚ ਸਾਹਮਣੇ ਲਿਆਂਦਾ।
ਉਨਾਂ ਦਾਅਵਾ ਕੀਤਾ ਕਿ ਵੱਟਾਂ ‘ਤੇ ਝੋਨਾ ਲਾਉਣ ਨਾਲ ਜਿੱਥੇ 40 ਪ੍ਰਤੀਸ਼ਤ ਪਾਣੀ ਦੀ ਬੱਚਤ ਹੁੰਦੀ ਹੈ ਉੱਥੇ ਫਸਲ ਦਾ ਝਾੜ ਵੀ 17 ਪ੍ਰਤੀਸ਼ਤ ਵੱਧ ਮਿਲਦਾ ਹੈ। ਵੱਟਾਂ ‘ਤੇ ਲਾਏ ਝੋਨੇ ਨੂੰ ਹਵਾ ਦੇ ਆਰ ਪਾਰ ਸਫਲ ਨਿਕਾਸ ਕਾਰਨ ਕੋਈ ਬਿਮਾਰੀ ਨਹੀਂ ਲਗਦੀ ਅਤੇ ਖਾਦਾਂ ਤੇ ਸਪਰੇਅ ਵਗੈਰਾ ਦੀ ਜਰੂਰਤ ਵੀ ਮਾਮੂਲੀ ਰਹਿ ਜਾਂਦੀ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੱਦੂ ਕਰਕੇ ਝੋਨਾ ਲਾਉਣ ਦੀ ਪੁਰਾਣੀ ਤੇ ਮਹਿੰਗੀ ਤਕਨੀਕ ਨੂੰ ਛੱਡ ਕੇ ਸਿੱਧੀ ਜਾਂ ਵੱਟਾਂ ‘ਤੇ ਬਿਜਾਈ ਦੀ ਘੱਟ ਖਰਚੇ ਵਾਲੀ ਅਧੁਨਿਕ ਤਕਨੀਕ ਨੂੰ ਅਪਨਾਉਣ ਤਾਂ ਜੋ ਘੱਟ ਖਰਚੇ ‘ਤੇ ਵਧੇਰੇ ਮੁਨਾਫਾ ਕਮਾਉਣ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਹੋ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।