ਮਾਮਲਾ ਫਰਦਾਂ ਦੇ ਰਿਕਾਰਡ ‘ਚ ਕਮੀਆਂ ਹੋਣ ਦਾ
ਬਰੇਟਾ, ਕ੍ਰਿਸ਼ਨ ਭੋਲਾ। ਮਾਲ ਵਿਭਾਗ ਵੱਲੋਂ ਲੋਕਾਂ ਦੀਆਂ ਜਮੀਨਾਂ ਦਾ ਰਿਕਾਰਡ ਰੱਖਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਜਮੀਨ ਜਾਂ ਪਲਾਟ ਦੀ ਖਰੀਦ, ਵੇਚ ਕਰਦਾ ਹੈ ਤਾਂ ਉਸ ਵੱਲੋਂ ਵਿਭਾਗ ਨੂੰ ਇਸ ਬਦਲੇ ਕੁਝ ਰਾਸ਼ੀ ਸਰਕਾਰੀ ਤੌਰ ‘ਤੇ ਅਦਾ ਕਰਨੀ ਪੈਂਦੀ ਹੈ ਪਰ ਇਸ ਦੇ ਬਾਵਜੂਦ ਲੋਕਾਂ ਦੇ ਮਾਲ ਰਿਕਾਰਡ ਵਿੱਚ ਭਾਰੀ ਗਲਤੀਆਂ ਦੇਖਣ ਨੂੰ ਸਾਹਮਣੇ ਆ ਰਹੀਆਂ ਹਨ। ਲੋਕਾਂ ਅਨੁਸਾਰ ਫਰਦਾਂ ਵਿੱਚ ਨਾਵਾਂ ਦੀਆਂ ਗਲਤੀਆਂ ਆਮ ਦੇਖਣ ਨੂੰ ਮਿਲ ਰਹੀਆ ਹਨ ਜਿਸ ਨਾਲ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ । Farmers
ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਬਰੇਟਾ ਦੇ ਸਬ ਤਹਿਸੀਲ ‘ਚ ਬਣੇ ਫਰਦ ਕੇਂਦਰ ‘ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਿਸ ਨਾਲ ਲੋਕਾਂ ਨੂੰ ਮਜਬੂਰਨ ਇਨ੍ਹਾਂ ਗਲਤੀਆਂ ਨੂੰ ਠੀਕ ਕਰਵਾਉਣ ਲਈ ਕੁਝ ਦਲਾਲਾਂ ਦੇ ਅੜਿੱਕੇ ਚੜ੍ਹਕੇ ਆਪਣੀ ਜੇਬ ਹਲਕੀ ਕਰਨੀ ਪੈਂਦੀ ਹੈ। ਕਿਸਾਨ ਆਗੂਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਪਣੀ ਜਮੀਨ ‘ਤੇ ਬੈਂਕ ਤੋਂ ਲਿਮਟ ਕਰਵਾਉਣ ਸਮੇਂ ਕਿਸਾਨਾਂ ਨੂੰ ਆਪਣੀ ਜਮੀਨ ਦਾ ਰਿਕਾਰਡ ਸਹੀ ਸਮੇਂ ‘ਤੇ ਫਰਦ ‘ਚ ਦਰਜ ਨਾ ਕਰਨ ਨਾਲ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ।
ਫਰਦ ਕਂੇਦਰ ਵਿਖੇ ਕੋਈ ਰਿਕਾਰਡ ਦਰਜ ਹੀ ਨਹੀਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਕਰਤਾਰ ਸਿੰਘ ਅਤੇ ਗੁਰਜੰਟ ਸਿੰਘ ਵਾਸੀ ਬਰੇਟਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਹ ਬੈਂਕ ਵਿੱਚ ਲਿਮਟ ਰਿਨਿਊ ਕਰਵਾਉਣ ਲਈ ਗਏ ਸੀ ਤਾਂ ਬੈਕ ਅਧਿਕਾਰੀ ਵੱਲੋ ਲਿਮਟ ਲਈ ਫਰਦ ਦੀ ਨਕਲ ਮੰਗੀ ਗਈ । ਉਨ੍ਹਾਂ ਕਿਹਾ ਕਿ ਜਦੋਂ ਉਹ ਫਰਦ ਲੈਣ ਲਈ ਸਬ ਤਹਿਸੀਲ ਬਰੇਟਾ ਵਿਖੇ ਬਣੇ ਫਰਦ ਕਂੇਦਰ ਵਿਖੇ ਗਏ ਤਾਂ ਉੱਥੇ ਉਨ੍ਹਾਂ ਦਾ ਕੋਈ ਰਿਕਾਰਡ ਦਰਜ ਹੀ ਨਹੀਂ ਸੀ ਜਦਕਿ ਉਹ ਰਿਕਾਰਡ ਬਹੁਤ ਸਮਾਂ ਪਹਿਲਾਂ ਪਟਵਾਰੀ ਨੇ ਆਪਣੇ ਰਜਿਸਟਰ ਵਿੱਚ ਦਰਜ ਕਰ ਲਿਆ ਸੀ ਪਰ ਉਸਨੇ ਇਹ ਰਿਕਾਰਡ ਫਰਦ ਕੇਂਦਰ ਵਿੱਚ ਦਰਜ ਨਹੀਂ ਕਰਵਾਇਆ ਜਿਸਦੀ ਗਲਤੀ ਦਾ ਖਮਿਆਜਾ ਅੱਜ ਉਨ੍ਹਾਂ ਨੂੰ ਭੁਗਤਣਾ ਪੈ ਰਿਹਾ ਹੈ ।
ਉਨ੍ਹਾਂ ਕਿਹਾ ਕਿ ਅਸੀਂ ਆੜ੍ਹਤੀਏ ਤੋਂ ਵਿਆਜ ‘ਤੇ ਪੈਸੇ ਚੁੱਕ ਕੇ ਬੈਂਕ ‘ਚ ਭਰ ਚੁੱਕੇ ਹਾਂ ਅਤੇ ਹੁਣ ਸਾਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਸਾਡਾ ਰਿਕਾਰਡ ਠੀਕ ਹੋਵੇਗਾ ਕਿ ਨਹੀਂ । ਜਦ ਇਸ ਸਬੰਧੀ ਸਬੰਧਿਤ ਪਟਵਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੱਲ ਰਹੇ ਲਾਕਡਾਊਨ ਕਾਰਨ ਇਸ ਕੰਮ ਵਿੱਚ ਦੇਰੀ ਹੋ ਗਈ ਹੈ ਅਤੇ ਇਸਨੂੰ ਜਲਦ ਹੀ ਠੀਕ ਕਰ ਦਿੱਤਾ ਜਾਵੇਗਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।