ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਜ਼ਿਲ੍ਹੇ ਦੇ ਕਿਸਾਨ ਹੋਏ ਸ਼ਾਮਿਲ
ਮਿੰਨੀ ਸਕੱਤਰੇਤ ਦਾ ਕੀਤਾ ਮੁਕੰਮਲ ਘਿਰਾਓ
- ਨਰਮੇ ਤੇ ਗੜੇਮਾਰੀ ਨਾਲ ਝੋਨੇ ਸਮੇਤ ਹੋਰ ਫਸਲਾਂ ਦੀ ਤਬਾਹੀ ਦਾ ਪੂਰਾ ਮੁਆਵਜਾ ਕਿਸਾਨਾਂ ਮਜਦੂਰਾਂ ਨੂੰ ਦੇਣ ਦੀ ਮੰਗ
(ਸੁਖਜੀਤ ਮਾਨ) ਬਠਿੰਡਾ,। ਗੁਲਾਬੀ ਸੁੰਡੀ ਨਾਲ ਨਰਮੇ ਅਤੇ ਗੜੇਮਾਰੀ ਤੇ ਝੱਖੜ ਮੀਂਹ ਨਾਲ ਹੋਈ ਝੋਨੇ ਤੇ ਹੋਰ ਫਸਲਾਂ ਦੀ ਤਬਾਹੀ ਦਾ ਕਿਸਾਨਾਂ-ਮਜਦੂਰਾਂ ਵਾਸਤੇ ਪੂਰਾ ਮੁਆਵਜਾ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ ’ਤੇ ਸੈਂਕੜੇ ਔਰਤਾਂ ਸਮੇਤ ਹਜਾਰਾਂ ਕਿਸਾਨਾਂ ਮਜਦੂਰਾਂ ਵੱਲੋਂ ਅੱਜ ਇੱਥੋਂ ਦੇ ਮਿੰਨੀ ਸਕੱਤਰੇਤ ਦਾ ਅਣਮਿਥੇ ਸਮੇਂ ਲਈ ਦਿਨ-ਰਾਤ ਮੁਕੰਮਲ ਘਿਰਾਓ ਸ਼ੁਰੂ ਕਰ ਦਿੱਤਾ ਗਿਆ। ਇਸ ਅਣਮਿੱਥੇ ਸਮੇਂ ਦੇ ਧਰਨੇ ’ਚ ਬਠਿੰਡਾ, ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਦੇ ਕਿਸਾਨ ਸ਼ਾਮਿਲ ਹੋਏ ਇਨ੍ਹਾਂ ਕਿਸਾਨਾਂ ਨੂੰ ਮਿੰਨੀ ਸਕੱਤਰੇਤ ਦਾ ਘਿਰਾਓ ਕਰਨ ਤੋਂ ਰੋਕਣ ਲਈ ਭਾਵੇਂ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਸਨ ਪਰ ਕਿਸਾਨਾਂ ਦੇ ਰੋਹ ਅੱਗੇ ਪੁਲਿਸ ਦਾ ਪਹਿਰਾ ਅਤੇ ਬੈਰੀਕੇਡ ਦੋਵੇਂ ਨਹੀਂ ਟਿਕ ਸਕੇ।
ਇਸ ਮੌਕੇ ਮਿੰਨੀ ਸਕੱਤਰੇਤ ਦੇ ਵੱਖ-ਵੱਖ ਗੇਟਾਂ ਅੱਗੇ ਵਿਸਾਲ ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਜਨਕ ਸਿੰਘ ਭੁਟਾਲ, ਸਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਪਰਮਜੀਤ ਕੌਰ ਬੌਡੇ, ਰਾਜ ਕੌਰ ਕੋਟਦੁੱਨਾ, ਸੁਖਜੀਤ ਕੌਰ ਬੁੱਕਣਵਾਲਾ, ਗੁਰਮੀਤ ਕੌਰ ਭੋਤਨਾ ਆਦਿ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਪੂਰਾ ਢੁਕਵਾਂ ਮੁਆਵਜਾ ਲੈਣ ਲਈ 15 ਦਿਨਾਂ ਤੱਕ ਖਜ਼ਾਨਾ ਮੰਤਰੀ ਦੇ ਘਿਰਾਓ ਨੂੰ ਨਜਰਅੰਦਾਜ ਕਰਕੇ ਚੁੱਪ ਧਾਰੀ ਰੱਖੀ।
ਉਨ੍ਹਾਂ ਕਿਹਾ ਕਿ ਸੱਚੇ ਹੋਣ ਲਈ ਰੱਖੀ ਅਫਸਰਸ਼ਾਹੀ ਦੀ ਮੀਟਿੰਗ ਵਿੱਚ ਵੀ ਕਿਸਾਨ ਆਗੂਆਂ ਦੇ ਪੱਲੇ ਮਖੌਲਾਂ ਤੋਂ ਸਿਵਾ ਕੁੱਝ ਨਹੀਂ ਪਾਇਆ ਗਿਆ ਇਸ ਲਈ ਕਿਸਾਨਾਂ ਨੂੰ ਮਜਬੂਰ ਹੋ ਕੇ ਸਰਕਾਰ ਦੀ ਇਸ ਮੁਜਰਮਾਨਾ ਚੁੱਪ ਨੂੰ ਤੋੜਨ ਲਈ ਸਕੱਤਰੇਤ ਦਾ ਕੰਮਕਾਜ ਠੱਪ ਕਰਨਾ ਪਿਆ ਹੈ। ਉਨ੍ਹਾਂ ਮੰਗਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਨਰਮੇ ਅਤੇ ਝੋਨੇ ਤਬਾਹੀ ਤੋਂ ਪੀੜਤ ਕਿਸਾਨਾਂ ਨੂੰ 60 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਨਰਮੇ ਵਾਲੇ ਪਿੰਡਾਂ ਦੇ ਖੇਤ ਮਜਦੂਰਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਪ੍ਰੀਵਾਰ ਮੁਆਵਜਾ ਦਿੱਤਾ ਜਾਵੇ।
ਅੱਜ ਪੰਜਾਬ ਭਰ ’ਚ ਡੀਸੀ ਦਫਤਰਾਂ ਅੱਗੇ ਲੱਗਣਗੇ ਧਰਨੇ
ਇਸ ਮੌਕੇ ਬੁਲਾਰਿਆਂ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਕ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਮੁਲਕ ਪੱਧਰੇ ਕਿਸਾਨ ਘੋਲ ਨੂੰ ਅੱਗੇ ਵਧਾਉਂਦਿਆਂ 26 ਅਕਤੂਬਰ ਨੂੰ ਪੰਜਾਬ ਦੇ ਸਾਰੇ ਪੱਕੇ ਮੋਰਚਿਆਂ ਤੋਂ ਇਲਾਵਾ ਡੀਸੀ/ਐਸ ਡੀ ਐਮ ਦਫਤਰਾਂ ਅੱਗੇ ਧਰਨੇ ਲਾਏ ਜਾਣਗੇ। ਇਨ੍ਹਾਂ ਧਰਨਿਆਂ ’ਚ ਮੰਗ ਕੀਤੀ ਜਾਵੇਗੀ ਕਿ ਲਖੀਮਪੁਰ ਖੀਰੀ ਯੂ ਪੀ ਵਿਖੇ 3 ਅਕਤੂਬਰ ਵਾਲੇ ਦਿਨ 5 ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲ ਕੇ ਸ਼ਹੀਦ ਕਰਨ ਦੇ ਸਾਜਿਸ਼ਕਾਰ ਦੋਸ਼ੀ ਕੇਂਦਰੀ ਮੰਤਰੀ ਅਜੈ ਮਿਸਰਾ ਟੈਣੀ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਗਿ੍ਰਫਤਾਰ ਕਰਕੇ ਜੇਲ੍ਹ ਡੱਕਿਆ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ