ਰੋਕਣ ਵਾਲੇ ਅਧਿਕਾਰੀ ਦਾ ਕਰਨਗੇ ਘਿਰਾਓ
ਪਰਾਲੀ ਸਾੜਨ ਦਾ ਮਸਲਾ
ਬੁੱਧੀਜੀਵੀਆਂ ਵੱਲੋਂ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ
ਗੁਰਪ੍ਰੀਤ ਸਿੰਘ, ਸੰਗਰੂਰ
ਝੋਨੇ ਦੀ ਪਰਾਲੀ ਦੇ ਮਾਮਲੇ ‘ਚ ਫਿਲਹਾਲ ਕੋਈ ਹੱਲ ਨਿੱਕਲਦਾ ਨਜ਼ਰ ਨਹੀਂ ਆ ਰਿਹਾ ਹੈ ਇੱਕ ਪਾਸੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਲਾ ਕੇ ਸਾੜਨ ਵਾਲੇ ਕਿਸਾਨਾਂ ‘ਤੇ ਪਰਚੇ ਦਰਜ਼ ਕਰਨ ਦੀਆਂ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ, ਦੂਜੇ ਪਾਸੇ ਕਿਸਾਨਾਂ ਨੇ ਵੀ ਸਖ਼ਤ ਰੁਖ਼ ਅਪਣਾਉਂਦਿਆਂ ਪਿੰਡਾਂ ਦੀਆਂ ਫਿਰਨੀਆਂ ‘ਤੇ ਪੱਕੇ ਟੈਂਟ ਲਾ ਕੇ ਮੋਰਚੇ ਸੰਭਾਲ ਲਏ ਹਨ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਰਾਲੀ ਨੂੰ ਅੱਗ ਲਾ ਕੇ ਸਾੜਨਾ ਉਨ੍ਹਾਂ ਦੀ ਮਜ਼ਬੂਰੀ ਹੈ, ਜੇਕਰ ਕੋਈ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਰੋਕੇਗਾ ਤਾਂ ਕਿਸਾਨਾਂ ਵੱਲੋਂ ਉਸ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ
ਜ਼ਿਲ੍ਹੇ ਦੇ ਦੋ ਪਿੰਡਾਂ ਨੰਗਲਾ ਤੇ ਸੰਗਤਪੁਰ ਵਿਖੇ ਅਜਿਹੇ ਟੈਂਟ ਲਾ ਕੇ ਸ਼ੁਰੂਆਤ ਕਰ ਦਿੱਤੀ ਹੈ ਹੌਲੀ ਹੌਲੀ ਇਹ ਸਾਰੇ ਪਿੰਡਾਂ ਵਿੱਚ ਲਾਏ ਜਾਣਗੇ ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਨੇ ਦੱÎਸਿਆ ਕਿ ਪਰਾਲੀ ਨੂੰ ਸਾਂਭਣ ਦੇ ਮਾਮਲੇ ਵਿੱਚ ਕਿਸਾਨਾਂ ਨੇ ਮੋਰਚੇ ਵਿੱਢ ਲਏ ਹਨ ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਕਿਸਾਨਾਂ ਦੇ ਕੰਮ ਵਿੱਚ ਅੜਿੱਕਾ ਪਾਏਗਾ ਤਾਂ ਤੁਰੰਤ ਉਸ ਦਾ ਘਿਰਾਓ ਕੀਤਾ ਜਾਵੇਗਾ
ਉਨ੍ਹਾਂ ਕਿਹਾ ਕਿ ਹਰੇਕ ਮੋਰਚੇ ਵਿੱਚ ਅੱਧੀ ਦਰਜ਼ਨ ਤੋਂ ਜ਼ਿਆਦਾ ਕਿਸਾਨ ਚੌਵੀ ਘੰਟੇ ਹਾਜ਼ਰ ਰਹਿਣਗੇ ਅਤੇ ਇਨ੍ਹਾਂ ਕਿਸਾਨਾਂ ਦੇ ਰੋਟੀ ਪਾਣੀ ਦਾ ਪ੍ਰਬੰਧ ਸਬੰਧਿਤ ਪਿੰਡ ਦੇ ਕਿਸਾਨਾਂ ਵੱਲੋਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨਾ ਕਿਸਾਨਾਂ ਦੀ ਮਜ਼ਬੂਰੀ ਹੈ ਉਨ੍ਹਾਂ ਤਰਕ ਦਿੰਦਿਆਂ ਕਿਹਾ ਕਿ ਕਿਸਾਨ ਵਾਤਾਵਰਨ ਪ੍ਰੇਮੀ ਹਨ ਜੇਕਰ ਅੱਗ ਲਾਉਣ ਨਾਲ ਕਿਸਾਨ 8 ਫੀਸਦੀ ਪ੍ਰਦੂਸ਼ਣ ਕਰਦੇ ਹਨ ਇਸ ਦੇ ਨਾਲ 100 ਫੀਸਦੀ ਆਕਸੀਜਨ ਵੀ ਕਿਸਾਨਾਂ ਵੱਲੋਂ ਤਿਆਰ ਕੀਤੀ ਜਾਂਦੀ ਹੈ
ਉਨ੍ਹਾਂ ਕਿਹਾ ਕਿ ਅਜਿਹੇ ‘ਮੋਰਚੇ’ ਕਿਸਾਨਾਂ ਵੱਲੋਂ ਹੋਰ ਪਿੰਡਾਂ ਵਿੱਚ ਵੀ ਲਾਉਣ ਸਬੰਧੀ ਮੀਟਿੰਗਾਂ ਚੱਲ ਰਹੀਆਂ ਹਨ ਛੇਤੀ ਹੀ ਸਾਰੇ ਪਿੰਡਾਂ ਵਿੱਚ ਟੈਂਟ ਲਾ ਕੇ ਕਿਸਾਨਾਂ ਵੱਲੋਂ ਪੂਰਾ ਪਹਿਰਾ ਦਿੱਤਾ ਜਾਵੇਗਾ
ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਦਿੱਤੀ ਜਾ ਰਹੀ ਚਿਤਾਵਨੀ
ਪ੍ਰਸ਼ਾਸਨ ਵੱਲੋਂ ਲਗਾਤਾਰ ਗ੍ਰੀਨ ਟ੍ਰਿਬਿਊਨਲ ਦਾ ਹਵਾਲਾ ਦੇ ਕੇ ਕਿਸਾਨਾਂ ਨੂੰ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇਕਰ ਕਿਸੇ ਕਿਸਾਨ ਨੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਿਆ ਗਿਆ ਤਾਂ ਉਸ ਖਿਲਾਫ਼ ਪਰਚਾ ਦਰਜ਼ ਕੀਤਾ ਜਾਵੇਗਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਹਰ ਸਾਲ ਅੱਗ ਲਾਉਣ ਕਾਰਨ ਵੱਡੇ ਪੱਧਰ ‘ਤੇ ਪ੍ਰਦੂਸ਼ਣ ਫੈਲਦਾ ਅਤੇ ਵੱਡੇ ਪੱਧਰ ‘ਤੇ ਬਿਮਾਰੀਆਂ ਵਿੱਚ ਵਾਧਾ ਹੋ ਰਿਹਾ ਹੈ
ਬੁੱਧਜੀਵੀਆਂ ਵੱਲੋਂ ਕਿਸਾਨਾਂ ਨੂੰ ਅੱਗ ਨਾ ਲਾਉਣ ਦੀ ਅਪੀਲ
ਸਾਇੰਟੇਫਿਕ ਅਵੇਅਰਨੈਸ ਐਂਡ ਵੈਲਫੇਅਰ ਫੋਰਮ ਦੇ ਪ੍ਰਧਾਨ ਡਾ. ਏ.ਐਸ. ਮਾਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ, ਜਿਸ ਕਾਰਨ ਵੱਡੇ ਪੱਧਰ ‘ਤੇ ਪ੍ਰਦੂਸ਼ਣ ਹੁੰਦਾ ਹੈ ਉਨ੍ਹਾਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਵਾਲੇ ਸੰਦਾਂ ਨੂੰ ਸਬਸਿਡੀ ‘ਤੇ ਮੁਹੱਈਆ ਕਰਵਾਏ ਅਤੇ ਛੋਟੇ ਕਿਸਾਨਾਂ ਨੂੰ ਕਿਰਾਏ ‘ਤੇ ਮਸ਼ੀਨਾਂ ਦੇਣ ਦੀ ਸੁਵਿਧਾ ਦੇਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।