ਅਣਮਿਥੇ ਸਮੇਂ ਲਈ ਦਿੱਤਾ ਜਾ ਰਿਹਾ ਧਰਨਾ
- ਮਾਮਲਾ ਖੇਤੀ ਬਿਜਲੀ ਨਾ ਮਿਲਣ ਦਾ
ਅਜੀਤਵਾਲ, (ਕਿਰਨ ਰੱਤੀ)। ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਆਗੂ ਟਹਿਲ ਸਿੰਘ ਤੇ ਇਕਾਈ ਢੁੱਡੀਕੇ ਦੇ ਪ੍ਰਧਾਨ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਅਗਵਾਈ ਵਿੱਚ ਅੱਜ ਸੈਂਕੜੇ ਕਿਸਾਨਾਂ ਨੇ ਬਿਜਲੀ ਦਫਤਰ ਅਜੀਤਵਾਲ ਦੇ ਸਾਹਮਣੇ ਲੁਧਿਆਣਾ ਮੋਗਾ ਮੁੱਖ ਮਾਰਗ ਤੇ ਬਿਜਲੀ ਸਪਲਾਈ ਨੂੰ ਲੈ ਕੇ ਰੋਸ ਧਰਨਾ ਦਿੰਦਿਆਂ ਉਕਤ ਮਾਰਗ ਨੂੰ ਜਾਮ ਕਰ ਦਿੱਤਾ। ਧਰਨਾਕਾਰੀਆਂ ਨੇ ਖੇਤੀ ਬਿਜਲੀ ਦੀ ਸਪਲਾਈ ਸਹੀ ਢੰਗ ਨਾਲ ਨਾ ਦੇਣ ਕਾਰਨ ਪੰਜਾਬ ਸਰਕਾਰ ਤੇ ਬਿਜਲੀ ਵਿਭਾਗ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਪੰਜਾਬ ਸਰਕਾਰ ਨੇ ਕਿਸਾਨਾਂ ਨਾਲ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ
ਰੋਡ ਜਾਮ ਹੋਣ ਕਾਰਨ ਥਾਣਾ ਅਜੀਤਵਾਲ ਦੀ ਪੁਲੀਸ ਨੂੰ ਟਰੈਫਿਕ ਪਿੰਡਾਂ ਵਿਚ ਦੀ ਕੱਢਣਾ ਪਿਆ। ਕਿਸਾਨ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨਾਲ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ, ਪਰ ਪਿਛਲੇ 15 ਦਿਨਾਂ ਤੋਂ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਤੋਂ ਮੁੱਕਰਦਿਆਂ ਸਹੀ ਢੰਗ ਨਾਲ ਬਿਜਲੀ ਸਪਲਾਈ ਨਹੀਂ ਦਿੱਤੀ ਜਾ ਰਹੀ ਹੁਣ ਝੋਨੇ ਦੀ ਫਸਲ ਪੱਕ ਰਹੀ ਅਖੀਰਲਾ ਪਾਣੀ ਕਿਸਾਨਾਂ ਵੱਲੋਂ ਝੋਨੇ ਨੂੰ ਦਿੱਤਾ ਜਾਣਾ ਹੈ ਪਰ ਬਿਜਲੀ ਨਾ ਆਉਣ ਕਾਰਨ ਝੋਨਾ ਸੁੱਕ ਰਿਹਾ ਹੈ ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਬਿਜਲੀ ਸਪਲਾਈ ਵਿਚ ਸੁਧਾਰ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਕੁਲਵਿੰਦਰ ਸਿੰਘ ਚੂਹੜਚੱਕ ਗੁਰਸ਼ਰਨ ਸਿੰਘ ਢੁੱਡੀਕੇ, ਸਾਬਕਾ ਸਰਪੰਚ ਜਗਦੀਪ ਸਿੰਘ ਮੱਦੋਕੇ, ਜਗਜੀਤ ਸਿੰਘ ਕੋਕਰੀ, ਟਹਿਲ ਸਿੰਘ ਝੰਡੇਆਣਾ,ਸੰਦੀਪ ਸਿੰਘ, ਸਤਨਾਮ ਸਿੰਘ ਬਾਬਾ, ਸ਼ਿੰਦਰ ਕਲੇਰ, ਰਾਜੂ ਕਲੇਰ ਗੁਰਪ੍ਰੀਤ ਕਲੇਰ, ਬਲਵੀਰ ਸਿੰਘ ਸੁਖਦੇਵ ਸਿੰਘ ਢੁੱਡੀਕੇ, ਜਗਤਾਰ ਸਿੰਘ ਤੋਂ ਇਲਾਵਾ ਪਿੰਡ ਕਿਲੀ ਚਾਹਲਾਂ, ਢੁੱਡੀਕੇ ਮੱਦੋਕੇ ,ਚੂਹੜਚੱਕ ,ਕੋਕਰੀ ਕਲਾਂ, ਕੋਕਰੀ, ਹੇਰਾਂ ਆਦਿ ਪਿੰਡਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਧਰਨੇ ਵਿੱਚ ਸ਼ਾਮਲ ਸਨ।
ਇਸ ਮੌਕੇ ਪਹੁੰਚੇ ਐਕਸੀਅਨ ਜਗਤਾਰ ਸਿੰਘ ਤੇ ਅਮਰਜੀਤ ਸਿੰਘ ਨੇ ਕਿਸਾਨਾਂ ਨੂੰ ਵਿਸ਼ਵਾਸ ਦੁਆਇਆ ਕਿ ਜੋ ਪਿਛਲੇ 10-15 ਦਿਨਾਂ ਤੋਂ ਬਿਜਲੀ ਦੇ ਕੱਟ ਲੱਗੇ ਹਨ ਉਹ ਬਿਜਲੀ ਪੂਰੀ ਕੀਤੀ ਜਾਵੇਗੀ ਪਰ ਕਿਸਾਨ 25 ਅਕਤੂਬਰ ਤਕ 10 ਘੰਟੇ ਨਿਰਵਿਘਨ ਬਿਜਲੀ ਲੈਣ ਤੇ ਅੜੇ ਹੋਏ ਸਨ। ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਤੇ ਟਰੈਫਿਕ ਪਿੰਡਾਂ ਰਾਹੀਂ ਨਿਕਲ ਰਿਹਾ ਸੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ