ਬਾਦਲ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਕਿਸਾਨ ਤੇ ਮਜ਼ਦੂਰ ਆਗੂ ਪੁਲਿਸ ਨਾਕੇ ‘ਤੇ ਰੋਕੇ

ਪਿੰਡ ਬਾਦਲ ਪਹੁੰਚਣ ਤੋਂ ਰੋਕਣ ‘ਤੇ ਗੁੱਸੇ ‘ਚ ਆਏ ਕਿਸਾਨ ਤੇ ਮਜ਼ਦੂਰ
 ਅਕਾਲੀ ਕਾਰਕੁਨਾਂ ਧਰਨੇ ਵਾਲੀ ਥਾਂ ‘ਤੇ ਪਹੁੰਚਕੇ ਲਿਆ ਮੰਗ ਪੱਤਰ

ਲੰਬੀ/ਮੰਡੀ ਕਿੱਲਿਆਂਵਾਲੀ, (ਮੇਵਾ ਸਿੰਘ)। ਕੇਂਦਰ ਸਰਕਾਰ ਵੱਲੋਂ ਖੇਤੀ-ਸੁਧਾਰਾਂ ਦੇ ਨਾਂਅ ‘ਤੇ ਲਿਆਂਦੇ 3 ਆਰਡੀਨੈਂਸਾਂ ਅਤੇ ਬਿਜਲੀ-ਐਕਟ-2020 ਨੂੰ ਰੱਦ ਕਰਵਾਉਣ, ਤੇਲ ਦੀਆਂ ਕੀਮਤਾਂ ਦੇ ਵਾਧੇ ਨੂੰ ਵਾਪਸ ਕਰਵਾਉਣ ਅਤੇ ਜੇਲ੍ਹਾਂ ‘ਚ ਬੰਦ ਬੁੱਧੀਜੀਵੀਆਂ ਦੀ ਰਿਹਾਈ ਲਈ ਪੰਜਾਬ ਦੀਆਂ ਇੱਕ ਦਰਜ਼ਨ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਭਰ ‘ਚ 21 ਜ਼ਿਲ੍ਹਿਆਂ ‘ਚ ਹਜ਼ਾਰਾਂ ਟਰੈਕਟਰਾਂ ਰਾਹੀਂ ਮਾਰਚ ਕਰਦਿਆਂ ਅਕਾਲੀ-ਭਾਜਪਾ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀਆਂ ਕੋਠੀਆਂ ਅਤੇ ਦਫਤਰਾਂ ਦਾ ਘਿਰਾਓ ਕੀਤਾ ਗਿਆ। ਇਸੇ ਤਹਿਤ ਹੀ ਅੱਜ ਵੱਡੀ ਗਿਣਤੀ ਕਿਸਾਨ ਜਥੇਬੰਦੀਆਂ ਨੇ  ਟਰੈਕਟਰ ਰੋਸ ਮਾਰਚ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਘਰ ਮੂਹਰੇ ਰੋਸ ਧਰਨਾ ਦੇਣ ਲਈ ਪਿੰਡ ਬਾਦਲ ਨੂੰ ਕੂਚ ਕੀਤਾ। ਪਰੰਤੂ ਜ਼ਿਲ੍ਹੇ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਿੰਡ ਬਾਦਲ ਨੂੰ ਆਉਣ ਵਾਲੇ ਸਾਰੇ ਰਸਤਿਆਂ ‘ਤੇ ਸਖ਼ਤ ਨਾਕਾਬੰਦੀ ਕੀਤੀ ਹੋਣ ਕਰਕੇ ਇਹ ਜਥੇਬੰਦੀਆਂ ਪਿੰਡ ਬਾਦਲ ਨਹੀਂ ਪਹੁੰਚ ਸਕੀਆਂ।

ਜਥੇਬੰਦੀਆਂ ਦੇ ਟਰੈਕਟਰਾਂ ਦੇ ਕਾਫਲੇ ਨੂੰ ਪੁਲਿਸ ਨੇ ਥਾਣਾ ਲੰਬੀ ਦੇ ਨਜ਼ਦੀਕ ਲਾਏ ਪੁਲਿਸ ਨਾਕੇ ਅਤੇ ਪਿੰਡ ਖਿਉਵਾਲੀ-ਬਾਦਲ ਲਿੰਕ ਸੜਕ ‘ਤੇ ਲਾਏ ਨਾਕੇ ‘ਤੇ ਰੋਕਿਆ ਗਿਆ, ਜਿਸ ਕਰਕੇ ਇਹਨਾਂ ਜਥੇਬੰਦੀਆਂ ਨੇ ਉੱਥੇ ਹੀ ਰੋਸ ਧਰਨਾ ਸ਼ੁਰੂ ਕਰ ਦਿੱਤਾ ਇਸ ਮੌਕੇ ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਬਾਦਲ ਪਰਿਵਾਰ ਦਾ ਕੋਈ ਮੈਂਬਰ 4 ਵਜੇ ਤੱਕ ਇੱਥੋਂ ਆ ਕੇ ਸਾਡਾ ਮੰਗ ਪੱਤਰ ਨਾ ਲੈ ਕੇ ਗਿਆ ਤਾਂ ਜਥੇਬੰਦੀਆਂ ਨੂੰ ਪਿੰਡ ਬਾਦਲ ਪਹੁੰਚਣ ਤੋਂ ਕੋਈ ਵੀ ਨਹੀਂ ਰੋਕ ਸਕੇਗਾ। ਪਰ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਤਾਲਮੇਲ ਕਾਰਨ ਬਾਦਲ ਪਰਿਵਾਰ ਵੱਲੋਂ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਧਰਨੇ ਵਾਲੀ ਥਾਂ ‘ਤੇ ਪਹੁੰਚਕੇ ਮੰਗ ਪੱਤਰ ਲਿਆ। ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ ਹਰਬੰਸ ਸਿੰਘ ਕੋਟਲੀ, ਭੁਪਿੰਦਰ ਸਿੰਘ ਚੰਨੂੰ, ਹਰਫੂਲ ਸਿੰਘ ਸਿੰਘੇਵਾਲਾ, ਰਾਜਾ ਸਿੰਘ ਮਹਾਂਬੱਧਰ, ਚਰਨਜੀਤ ਸਿੰਘ ਵਣਵਾਲਾ, ਹਾਕਮ ਸਿੰਘ ਮਧੀਰ ਜਨਰਲ ਸਕੱਤਰ ਕਿਸਾਨ ਸਭਾ, ਕਾਮਰੇਡ ਹਰਵਿੰਦਰ ਸਿੰਘ ਸ਼ੇਰਾਂਵਾਲਾ ਨੇ ਦੋਸ਼ ਲਾਇਆ ਕਿ ਇੱਕ ਪਾਸੇ ਲੋਕ ਕੋਰੋਨਾ ਦੀ ਮਹਾਂਮਾਰੀ ਨਾਲ ਜੰਗ ਲੜ ਰਹੇ ਹਨ, ਸਰਕਾਰ ਨੇ ਇਸ ਦਾ ਫਾਇਦਾ ਚੁੱਕਦਿਆਂ ਉਕਤ ਆਰਡੀਨੈਂਸ ਜਾਰੀ ਕਰ ਦਿੱਤੇ ਹਨ, ਜਿਸ ਕਰਕੇ ਕਣਕ,ਝੋਨੇ, ਨਰਮੇ ਅਤੇ ਗੰਨੇ ਦੀ ਸਰਕਾਰੀ ਖਰੀਦ ਠੱਪ ਹੋ ਜਾਵੇਗੀ।

ਬਿਜਲੀ ਸੋਧ ਬਿੱਲ 2020 ਸਰਕਾਰ ਨੇ ਲਾਗੂ ਕਰ ਦਿੱਤਾ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਾਰੀਆਂ ਸਬਸਿਡੀਆਂ ਖਤਮ ਹੋ ਜਾਣਗੀਆਂ

ਆਗੂਆਂ ਨੇ ਦੱਸਿਆ ਕਿ ਜੇਕਰ ਬਿਜਲੀ ਸੋਧ ਬਿੱਲ 2020 ਸਰਕਾਰ ਨੇ ਲਾਗੂ ਕਰ ਦਿੱਤਾ ਤਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਸਾਰੀਆਂ ਸਬਸਿਡੀਆਂ ਖਤਮ ਹੋ ਜਾਣਗੀਆਂ। ਜ਼ਿਕਰਯੋਗ ਹੈ ਕਿ ਪਹਿਲਾਂ ਤਾਂ ਰੋਸ ਧਰਨਿਆਂ ਦੌਰਾਨ ਜਥੇਬੰਦੀਆਂ ਮੁੱਖ ਸੜਕਾਂ ‘ਤੇ ਟਰੈਫਿਕ ਆਵਾਜਾਈ ਵਿਚ ਵਿਘਨ ਪਾਉਂਦੀਆਂ ਸਨ, ਜਿਸ ਕਰਕੇ ਰਾਹਗੀਰ ਲੋਕਾਂ ਨੂੰ ਬਹੁਤ ਪਰੇਸ਼ਨੀ ਆਉਂਦੀ ਸੀ। ਪਰੰਤੂ ਅੱਜ ਪੁਲਿਸ ਨੇ ਜਦੋਂ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਦੇ ਕਾਫਲੇ ਨੂੰ ਪਿੰਡ ਬਾਦਲ ਜਾਣ ਤੋਂ ਰੋਕਣ ਲਈ ਨੈਸ਼ਨਲ ਹਾਈਵੇ ਨੰ: 9 ਨੂੰ ਇਸ ਲਈ ਜਾਮ ਕਰ ਦਿੱਤਾ ਤਾਂ ਆਉਣ ਜਾਣ ਵਾਲੇ ਲੋਕਾਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ