ਬਾਦਲਾਂ ਦਾ ਘਿਰਾਉ ਕਰਨ ਜਾ ਰਹੇ ਕਿਸਾਨ ਆਗੂ ਤੇ ਪੁਲਿਸ ਹੋਏ ਹੱਥੋਪਾਈ

ਜਥੇਬੰਦੀ ਦੇ 2 ਜਣੇ ਤੇ ਇੱਕ ਪੁਲਿਸ ਮੁਲਾਜਮ ਜਖ਼ਮੀ

ਅਸੀਂ ਤਾਂ ਹਰਸਿਮਰਤ ਕੌਰ ਬਾਦਲ ਨੂੰ ਮੰਗ ਪੱਤਰ ਦੇਣ ਆਏ ਸਾਂ:   ਪੰਨੂੰ

ਲੰਬੀ/ਮੰਡੀ ਕਿੱਲਿਆਂਵਾਲੀ, (ਮੇਵਾ ਸਿੰਘ) ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਅਤੇ ਐਮ.ਪੀ. ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ ਪਿੰਡ ਬਾਦਲ ਦਾ ਘਿਰਾਉ ਕਰਨ ਜਾ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਦੀ ਪੁਲਿਸ ਨਾਲ ਹੱਥੋਪਾਈ ਹੋ ਗਈ ਇਸ ਹੱਥੋਪਾਈ ‘ਚ ਜਥੇਬੰਦੀ ਦੇ 2 ਜਣੇ ਅਤੇ ਇੱਕ ਪੁਲਿਸ ਮੁਲਾਜਮ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ

ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸ ਤੇ ਬਿਜਲੀ ਬਿੱਲ 2020 ਦਾ ਖਰੜਾ ਰੱਦ ਕਰਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰਹਾਇਸ਼ ਪਿੰਡ ਬਾਦਲ ਦਾ ਘਿਰਾਉ ਕਰਕੇ ਵਿਸ਼ਾਲ ਧਰਨਾ ਦੇਣ ਦਾ ਪ੍ਰੋਗਰਾਮ ਸੀ।ਇਸੇ ਤਹਿਤ ਜਦੋਂ ਜਥੇਬੰਦੀ ਨੇ ਬਾਦਲ ਰਿਹਾਇਸ਼ ਮੂਹਰੇ ਪਹੁੰਚਣ ਦੀ ਕੋਸ਼ਿਸ ਵਿੱਚ ਖਿਉਵਾਲੀ-ਬਾਦਲ ਲਿੰਕ ਸੜਕ ‘ਤੇ ਸਰਕਾਰੀ ਹਸਪਤਾਲ ਬਾਦਲ ਕੋਲ ਅਤੇ ਦਸਮੇਸ ਸਕੂਲ ਕੋਲ ਲੱਗੇ ਪੁਲਿਸ ਨਾਕਿਆਂ ਨੂੰ ਤੋੜਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਹੱਥੋਪਾਈ ਹੋ ਗਈ

ਜਿਸ ਵਿੱਚ ਜਥੇਬੰਦੀ ਦੇ 2 ਜਣੇ ਅਤੇ ਇੱਕ ਪੁਲਿਸ ਮੁਲਾਜਮ ਦੇ ਜਖ਼ਮੀ ਹੋਣ ਦਾ ਪਤਾ ਚੱਲਿਆ ਹੈ। ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਿਨਾਮ ਸਿੰਘ ਪੰਨੂੰ ਨੇ ਦੋਸ਼ ਲਾਇਆ ਕਿ ਪੁਲਿਸ ਨੇ ਸ਼ਾਂਤਮਈ ਤਰੀਕੇ ਨਾਲ ਬਾਦਲਾਂ ਦੀ ਰਹਾਇਸ ਵੱਲ ਵੱਧ ਰਹੇ ਜਥੇਬੰਦੀ ਦੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਪਹਿਲਾਂ ਹੱਥੋਪਾਈ ਤੇ ਬਾਅਦ ਵਿੱਚ ਲਾਠੀਚਾਰਜ ਕਰ ਦਿੱਤਾ ਜਿਸ ਨਾਲ ਜਥੇਬੰਦੀ ਦੇ ਦੋ ਆਗੂ ਧਰਮ ਸਿੰਘ ਸਿੱਧੂ ਗੁਰੂ ਹਰਸਹਾਏ ਅਤੇ ਬਾਬਾ ਧੀਰਾ ਸਿੰਘ ਤਰਨਤਾਰਨ ਜਖ਼ਮੀ ਹੋ ਗਏ। ਉਧਰ ਪੁਲਿਸ ਵੱਲੋਂ ਜਥੇਬੰਦੀ ਨੂੰ ਅੱਗੇ ਵੱਧਣ ਤੋਂ ਰੋਕਣ ਦੀ ਕੋਸ਼ਿਸ਼ ਵਿੱਚ ਇੱਕ ਪੁਲਿਸ ਮੁਲਾਜਮ ਤੇਜਾ ਸਿੰਘ ਦੇ ਵੀ ਜਖ਼ਮੀ ਹੋਣ ਸਬੰਧੀ ਦੱਸਿਆ ਜਾ ਰਿਹਾ ਹੈ।

ਬਾਦਲਾਂ ਦੀ ਰਿਹਾਇਸ਼ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਿਨਾਮ ਸਿੰਘ ਪੰਨੂੰ, ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਿੰਦਗੀ ਮੌਤ ਦੀ ਲੜਾਈ ਲੜਨ ਦਾ ਸੱਦਾ ਦਿੰਦਿਆਂ ਅਗਲੇ ਤਿੱਖੇ ਸੰਘਰਸ਼ ਦੀ ਕੜੀ ਵਜੋਂ ਪੱਕੇ ਮੋਰਚੇ ਦੀ ਰੂਪ ਰੇਖਾ ਉਲੀਕਣ ਲਈ 25 ਜੁਲਾਈ ਨੂੰ ਸੂਬਾ ਕਮੇਟੀ ਦੀ ਮੀਟਿੰਗ ਅੰਮ੍ਰਿਤਸਰ ਵਿਖੇ ਕਰਨ ਦਾ ਐਲਾਨ ਕੀਤਾ। ਕਿਸਾਨ ਆਗੂਆਂ ਆਖਿਆ ਕਿ ਕੇਂਦਰ ਦੀ ਭਾਜਪਾ-ਅਕਾਲੀ ਗਠਜੋੜ ਸਰਕਾਰ ਵੱਲੋਂ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਕੋਵਿਡ-19 ਦੇ ਬਹਾਨੇ ਬੜੀ ਤੇਜੀ ਨਾਲ ਲਾਗੂ ਕਰਕੇ ਦੇਸ਼ ਵਿੱਚ ਸਭ ਤੋਂ ਵੱਧ 75% ਲੋਕਾਂ ਨੂੰ ਰੁਜ਼ਗਾਰ ਦਿੱਤੇ ਖੇਤੀ ਕਿੱਤੇ ਨੂੰ ਕਾਰਪੋਰੇਟ ਕੰਪਨੀਆਂ ਦੇ ਕਬਜੇ ਹੇਠ ਲਿਆਉਣ ਲਈ ਤਿੰਨ ਆਰਡੀਨੈਂਸ ਜਾਰੀ ਕੀਤੇ ਹਨ,

 

ਅਤੇ ਬਿਜਲੀ ਦਾ ਪੂਰੀ ਤਰ੍ਹਾਂ ਨਿੱਜੀਕਰਨ ਕਰਨ ਲਈ ਬਿਜਲੀ ਸੋਧ ਬਿੱਲ-2020 ਦਾ ਖਰੜਾ ਲਿਆਕੇ ਮਾਨਸੂਨ ਸੈਸ਼ਨ ਵਿਚ ਸੋਧ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਉਕਤ ਤਿੰਨੇ ਆਰਡੀਨੈਂਸਾਂ ਕਰਕੇ ਪੰਜਾਬ ਦੀ 85% ਪੰਜ ਏਕੜ ਤੋਂ ਘੱਟ ਵਾਲੀ ਕਿਸਾਨੀ ਖੇਤੀ ਖਿੱਤੇ ਵਿਚੋਂ ਬਾਹਰ ਹੋ ਜਾਵੇਗੀ ਅਤੇ 500 ਤੋਂ 1000 ਹਜਾਰ ਏਕੜ ਤੱਕ ਦੇ ਖੇਤੀ ਫਾਰਮ ਕਾਰਪਰੇਟ ਕੰਪਨੀਆਂ ਕਬਜੇ ਹੇਠ ਬਣਨਗੇ। ਕਿਸਾਨ ਆਗੂਆਂ ਆਖਰ ਵਿਚ ਤਿੰਨੇ ਖੇਤੀ ਆਰਡੀਨੈਂਸ, ਬਿਜਲੀ ਸੋਧ ਬਿੱਲ 2020 ਕਿਸੇ ਵੀ ਹਾਲਤ ਵਿੱਚ ਲਾਗੂ ਨਾ ਹੋਣ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨ ਵਿਰੋਧੀ ਫੈਸਲੇ ਵਾਪਿਸ ਲਵੇ।

ਖਬਰ ਲਿਖੇ ਜਾਣ ਤੱਕ ਜਥੇਬੰਦੀ ਵੱਲੋਂ ਬਾਦਲਾਂ ਦੀ ਰਹਾਇਸ਼ ਮੂਹਰੇ ਰੋਸ ਧਰਨਾ ਜਾਰੀ ਸੀ ਤੇ ਜਥੇਬੰਦੀ ਦੇ ਕੁਝ ਚੋਣਵੇਂ ਆਗੂਆਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਮੰਗ ਪੱਤਰ ਉਨ੍ਹਾਂ ਦੀ ਰਹਾਇਸ਼ ਦੇ ਅੰਦਰ ਜਾਕੇ ਦਿੱਤਾ। ਇਸ ਮੌਕੇ ਹੋਰ ਆਗੂਆਂ ਵਿੱਚ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਸੁਖਵੰਤ  ਸਿੰਘ ਲੋਹੁਕਾ, ਸਾਹਿਬ ਸਿੰਘ ਦੀਨੋਕੇ, ਅਮਨਦੀਪ ਸਿੰਘ ਖਚਰਭੰਨ,ਸੁਰਿੰਦਰ ਸਿੰਘ ਘੁਦੂਵਾਲਾ, ਰਛਪਾਲ ਸਿੰਘ ਗੱਟਾ ਬਾਦਸ਼ਾਹਾ, ਅੰਗਰੇਜ ਸਿੰਘ ਬੂਟੇਵਾਲਾ ਆਦਿ ਵੀ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here