Punjab Kisan News: ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕੀਤਾ ਮੰਡੀਆਂ ਦਾ ਦੌਰਾ

Punjab Kisan News
ਸੁਨਾਮ ਊਧਮ ਸਿੰਘ ਵਾਲਾ : ਮੰਡੀਆਂ ਦਾ ਦੌਰਾ ਕਰਦਾ ਹੋਇਆ ਕਿਸਾਨ ਆਗੂ ਰਣ ਸਿੰਘ ਚੱਠਾ।

ਖਰੀਦ ਇੰਸਪੈਕਟਰਾਂ ਨੂੰ 20 ਨਮੀ ਵਾਲਾ ਝੋਨਾ ਖਰੀਦਣ ਦੇ ਹੁਕਮ ਦੇਵੇ ਸਰਕਾਰ : ਚੱਠਾ

Punjab Kisan News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਨੇ ਪਿੰਡ ਚੱਠਾ ਨੰਨਹੇੜਾ, ਖਡਿਆਲ, ਮਹਿਲਾਂ ਚੌਕ, ਨਮੋਲ, ਸ਼ਾਹਪੁਰ ਕਲਾਂ, ਗੰਢੂਆਂ, ਮੈਦੇਵਾਸ, ਛਾਜਲਾ ਸਮੇਤ ਹਲਕੇ ਦੀਆਂ ਵੱਖ-ਵੱਖ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ,ਮਜ਼ਦੂਰਾਂ ਤੇ ਆੜ੍ਹਤੀਆਂ ਦੀ ਸਾਰ ਲੈਂਦੇ ਹੋਏ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ। ਨੌਜਵਾਨ ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ ਦੇ ਚੱਲਦਿਆਂ ਪੰਜਾਬ ਦਾ ਕਿਸਾਨ ਆਪਣੀਆਂ ਫ਼ਸਲਾਂ ਨੂੰ ਲੈ ਕੇ ਮੰਡੀਆਂ ’ਚ ਰੁੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਫ਼ਸਲਾਂ ਦੀ ਖ਼ਰੀਦ ਤੇ ਸੰਭਾਲ ਲਈ ਅਗਾਉਂ ਪੁਖ਼ਤਾ ਪ੍ਰਬੰਧ ਨਹੀਂ ਕੀਤੇ। ਜਿਸ ਦਾ ਖ਼ਾਮਿਆਜ਼ਾ ਕਿਸਾਨਾਂ ਨੂੰ ਝੱਲਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ: DAP News: ਪੀ.ਏ.ਯੂ. ਨੇ ਸੂਬੇ ’ਚ ਡੀਏਪੀ ਦੀ ਕਿੱਲਤ ਦੇ ਦਰਮਿਆਨ ਕਿਸਾਨਾਂ ਨੂੰ ਦਿੱਤੀ ਸਲਾਹ, ਜਾਣੋ

ਚੱਠਾ ਨੇ ਕਿਹਾ ਕਿ ਕਿਸਾਨਾਂ ਨੂੰ 10-15 ਦਿਨਾਂ ਤੋਂ ਵੀ ਵੱਧ ਸਮਾਂ ਮੰਡੀਆਂ ’ਚ ਬੈਠਣਾ ਪੈ ਰਿਹਾ ਹੈ। ਚੱਠਾ ਨੇ ਕਿਹਾ ਕਿ ਕਈ ਮੰਡੀਆਂ ਚ ਝੋਨਾ ਵਿਕ ਵੀ ਰਿਹਾ ਹੈ ਪਰ ਉਥੇ 200 ਤੋਂ 250 ਰੁਪਏ ਤੱਕ ਕਿਸਾਨਾਂ ਨੂੰ ਕੱਟ ਦੇਣਾ ਪੈ ਰਿਹਾ ਹੈ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਕਿਹਾ ਕਿ ਜੇਕਰ ਕੋਈ ਆੜ੍ਹਤੀਆਂ, ਸ਼ੈਲਰ ਮਾਲਕ ਜਾਂ ਸਰਕਾਰੀ ਅਧਿਕਾਰੀ ਕੱਟ ਲਾਉਂਦਾ ਪਾਇਆ ਗਿਆ ਤਾਂ ਜਥੇਬੰਦੀ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸਾਨਾਂ ਨੂੰ ਲੁੱਟਣ ਵਾਲੇ ਕਿਸੇ ਵੀ ਸਖਸ ਨੂੰ ਬਖਸ਼ਿਆ ਨਹੀਂ ਜਾਵੇਗਾ।

ਕਿਸਾਨ ਆਗੂ ਚੱਠਾ ਨੇ ਕਿਹਾ ਕਿ ਝੋਨਾ ਖੇਤਾਂ ’ਚ ਖੜ੍ਹਾ ਹੈ, ਪਰ ਕੰਬਾਈਨਾਂ ਬੰਦ ਹੋ ਗਈਆਂ ਹਨ। ਕਿਉਂਕਿ ਮੰਡੀਆਂ ’ਚ ਝੋਨਾ ਉਤਾਰਨ ਲਈ ਜਗ੍ਹਾ ਨਹੀਂ ਮਿਲ ਰਹੀ। ਚੱਠਾ ਨੇ ਕਿਹਾ ਕਿ ਲਿਫਟਿੰਗ ਦਾ ਵੀ ਕੋਈ ਪ੍ਰਬੰਧ ਸੰਚਾਰੂ ਰੂਪ ’ਚ ਨਹੀਂ ਚੱਲ ਰਿਹਾ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ ਕੱਸਦਿਆਂ ਕਿਹਾ ਕਿ ਉਹ ਖ਼ੁਦ ਤਾਂ ਆਪਣੀ ਕੁਰਸੀ ਬਚਾਉਣ ਦੇ ਚੱਕਰ ’ਚ ਭੱਜ-ਦੌੜ ਕਰ ਰਿਹਾ ਹੈ, ਪਰ ਉਸ ਕੋਲ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦੀ ਸਾਰ ਲੈਣ ਦਾ ਸਮਾਂ ਨਹੀਂ ਹੈ। Punjab Kisan News

ਝੋਨੇ ਦੇ ਸੀਜ਼ਨ ਦੀ ਦੇਰੀ ਦਾ ਅਸਰ ਕਣਕ ਦੀ ਫ਼ਸਲ ਦੀ ਬਿਜਾਈ ’ਤੇ ਵੀ ਪਵੇਗਾ

ਕਿਸਾਨ ਆਗੂ ਚੱਠਾ ਨੇ ਕਿਹਾ ਕਿ ਜੇਕਰ ਹਾਲਾਤ ਇਸ ਤਰ੍ਹਾਂ ਹੀ ਬਣੇ ਰਹੇ ਤਾਂ ਸਭ ਤੋਂ ਪਹਿਲਾਂ ਪੰਜਾਬ ਦਾ ਕਿਸਾਨ ਤਬਾਹ ਹੋਵੇਗਾ ਤੇ ਨਾਲ ਹੀ ਝੋਨੇ ਦੇ ਸੀਜ਼ਨ ਦੀ ਦੇਰੀ ਕਾਰਨ ਇਸ ਦਾ ਅਸਰ ਕਣਕ ਦੀ ਫ਼ਸਲ ਦੀ ਬਿਜਾਈ ’ਤੇ ਵੀ ਪਵੇਗਾ। ਕਿਸਾਨ ਆਗੂ ਰਣ ਸਿੰਘ ਚੱਠਾ ਨੇ ਸਰਕਾਰ ਨੂੰ ਚਿਤਵਾਨੀ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀਆਂ ਨਾਕਾਮੀਆਂ ਲਈ ਕਿਸਾਨਾਂ ਤੋਂ ਮਾਫ਼ੀ ਮੰਗੇ ਤੇ ਤੁਰੰਤ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੱਢੇ। ਕਿਸਾਨ ਆਗੂ ਚੱਠਾ ਨੇ ਕਿਹਾ ਕਿ ਪੰਜਾਬ ਸਰਕਾਰ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੂੰ ਹੁਕਮ ਦੇਵੇ ਕਿ 17 ਨਮੀ ਦੀ ਥਾਂ 20 ਨਮੀ ਵਾਲਾ ਝੋਨਾ ਖਰੀਦਿਆ ਜਾਵੇ। ਇਸ ਮੌਕੇ ਰਾਮਫਲ ਸਿੰਘ ਝਲੂਰ ਬਲਾਕ ਜਰਨਲ ਸਕੱਤਰ, ਜੱਗੀ ਸਿੰਘ ਗੰਢੂਆਂ ਬਲਾਕ ਸਕੱਤਰ ਸੁਨਾਮ,ਭੋਲਾ ਸਿੰਘ ਝਲੂਰ,ਮਦਨ ਦਾਸ ਮਹਿਲਾਂ,ਨਵਦੀਪ ਸਿੰਘ,ਪ੍ਰਗਟ ਸਿੰਘ,ਹਰਜਿੰਦਰ ਸਿੰਘ ਮਹਿਲਾ, ਗੁਰਚਰਨ ਸਿੰਘ ਨਮੋਲ, ਸੁਖਦਰਸ਼ਨ ਸਿੰਘ ਗੰਢੂਆਂ,ਗੁਰਦੇਵ ਸਿੰਘ ਖਡਿਆਲ,ਦਰਸ਼ਨ ਸਿੰਘ ਛਾਜਲਾ ਆਦਿ ਹਾਜ਼ਰ ਸਨ।