Punjab Farmers News: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹਿਰਾਸਤ ’ਚ

Punjab Farmers News
ਜਗਜੀਤ ਸਿੰਘ ਡੱਲੇਵਾਲ।

ਪੁਲਿਸ ਨੇ ਸਦਰ ਥਾਣੇ ’ਚ ਰੱਖਿਆ / Punjab Farmers News

Punjab Farmers News: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਜਲੰਧਰ ਵਿੱਚ ਧਰਨਾ ਦੇਣ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੂੰ ਮੁਕਤਸਰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਡੱਲੇਵਾਲ ਨੂੰ ਥਾਣਾ ਸਦਰ ਵਿਖੇ ਲਿਆਂਦਾ ਗਿਆ ਹੈ। ਹਾਲਾਂਕਿ, ਪੁਲਿਸ ਅਧਿਕਾਰੀ ਫਿਲਹਾਲ ਡੱਲੇਵਾਲ ਨੂੰ ਹਿਰਾਸਤ ਵਿੱਚ ਲੈਣ ਦੇ ਕਾਰਨਾਂ ਬਾਰੇ ਕੋਈ ਗੱਲ ਨਹੀਂ ਕਰ ਰਹੇ। ਜਾਣਕਾਰੀ ਅਨੁਸਾਰ ਜਲੰਧਰ ਦੇ ਜਮਸ਼ੇਰ ਖਾਸ ਵਿੱਚ ਪ੍ਰਸਤਾਵਿਤ ਬਾਇਓ-ਗੈਸ/ਬਾਇਓ-ਫਿਊਲ ਪਲਾਂਟ ਨੂੰ ਲੈ ਕੇ ਕਿਸਾਨਾਂ ਅਤੇ ਸਥਾਨਕ ਲੋਕਾਂ ਦੀ ਸੋਮਵਾਰ ਨੂੰ ਹਾਈਵੇਅ ਜਾਮ ਕਰਨ ਦੀ ਯੋਜਨਾ ਸੀ। ਇਸੇ ਦੇ ਚੱਲਦਿਆਂ ਡੱਲੇਵਾਲ ਵੀ ਜਲੰਧਰ ਧਰਨੇ ਵਿੱਚ ਸ਼ਾਮਲ ਹੋਣ ਲਈ ਨਿਕਲੇ ਸਨ, ਪਰ ਮੁਕਤਸਰ ਪੁਲਿਸ ਨੇ ਉਨਾਂ ਨੂੰ ਰਸਤੇ ਵਿੱਚ ਹੀ ਹਿਰਾਸਤ ਵਿੱਚ ਲੈ ਲਿਆ ਅਤੇ ਥਾਣਾ ਸਦਰ ਵਿੱਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: Punjab Government News: ਸਫ਼ਾਈ ਕਰਮਚਾਰੀ ਕਮਿਸ਼ਨ ਸਫ਼ਾਈ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ : ਗਰੇਵਾਲ

ਕਿਸਾਨ ਯੂਨੀਅਨ ਸਿੱਧੂਪੁਰ ਨਾਲ ਜੁੜੇ ਆਗੂਆਂ ਨੇ ਪਲਾਂਟ ਦੀ ਉਸਾਰੀ ਨੂੰ ਲੈ ਕੇ ਗੰਭੀਰ ਸਵਾਲ ਉਠਾਏ ਹਨ। ਉਨਾਂ ਦਾ ਕਹਿਣਾ ਹੈ ਕਿ ਪਲਾਂਟ ਲਈ ਦੋ ਪ੍ਰਵੇਸ਼ ਦੁਆਰ ਬਣਾਏ ਜਾ ਰਹੇ ਹਨ, ਜਿਨਾਂ ਵਿੱਚੋਂ ਇੱਕ ਗੇਟ ਮੰਡੀ ਵੱਲ ਹੈ। ਕਿਸਾਨਾਂ ਦਾ ਦਾਅਵਾ ਹੈ ਕਿ ਜੇਕਰ ਇਹ ਗੇਟ ਬਣਿਆ ਰਿਹਾ ਤਾਂ ਮੰਡੀ ਦਾ ਕੰਮਕਾਜ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ। ਇਸ ਕਾਰਨ ਸੋਮਵਾਰ ਨੂੰ ਜਲੰਧਰ ਵਿੱਚ ਵਿਰੋਧ ਪ੍ਰਦਰਸ਼ਨ ਹੋਇਆ।