ਰਾਈਜ਼ਲ ਕੌਰ ਸੰਧੂ, ਪੰਜਾਬ ਦੀ ਕਪਤਾਨ ਕਰਨ ਵਾਲੀ ਫ਼ਰੀਦਕੋਟ ਦੀ ਪਹਿਲੀ ਬੇਟੀ ਬਣੀ
Women’s Cricket: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮੌੜ ਕ੍ਰਿਕਟ ਅਕੈਡਮੀ ਫ਼ਰੀਦਕੋਟ ਦੇ ਕੋਚ ਜਗਰਾਜ ਸਿੰਘ ਮਾਨ ਨੇ ਦੱਸਿਆ ਹੈ ਕਿ ਫ਼ਰੀਦਕੋਟ ਦੇ ਲਈ ਮਾਣਮੱਤੀ ਬੇਟੀ ਰਾਈਜ਼ਲ ਕੌਰ ਸੰਧੂ ਸੁਪੱਤਰੀ ਲਖਵਿੰਦਰ ਸਿੰਘ, ਪਿੰਡ ਰੁਪਈਆਂ ਵਾਲਾ ਨੂੰ ਪੀ.ਸੀ.ਏ.(ਪੰਜਾਬ ਕਿਕਟ ਐਸੋਸੀਏਸ਼ਨ) ਅੰਡਰ-15, ਵਨ ਡੇ ਟ੍ਰਾਫ਼ੀ ਇਲਾਈਟ 2025-26 ਲਈ ਪਹਿਲਾਂ ਚੁਣਿਆ ਗਿਆ ਅਤੇ ਨਾਲ-ਨਾਲ ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇੱਥੇ ਜ਼ਿਕਰਯੋਗ ਹੈ ਕਿ ਰਾਈਜ਼ਲ ਕੌਰ ਸੰਧੂ ਫ਼ਰੀਦਕੋਟ ਕ੍ਰਿਕਟ ਦੇ ਇਤਿਹਾਸ ’ਚ ਪੰਜਾਬ ਦੀ ਕਪਤਾਨੀ ਕਰਨ ਵਾਲੀ ਪਹਿਲੀ ਖਿਡਾਰਨ ਹੈ।
ਰਾਈਜ਼ਲ ਕੌਰ ਸੰਧੂ ਹੁਣ ਆਧਰਾ ਪ੍ਰਦੇਸ਼ ਵਿਜਗ ਕ੍ਰਿਕਟ ਸਟੇਡੀਅਮ ਵਿਖੇ ਵੱਖ-ਵੱਖ ਦੇਸ਼ਾਂ ਨਾਲ ਹੋਣ ਵਾਲੇ ਮੈੱਚਾਂ ’ਚ ਪੰਜਾਬ ਦੀ ਅਗਵਾਈ ਕਰੇਗੀ। ਉਨ੍ਹਾਂ ਦੱਸਿਆ ਕਿ ਰਾਈਜ਼ਲ ਕੌਰ ਸੰਧੂ ਨੇ ਇੰਟਰ ਡਿਸਟਿ੍ਕ ਜ਼ਿਲ੍ਹਾ ਜਲੰਧਰ ਵੱਲੋਂ ਖੇਡਦਿਆਂ ਆਪਣੀ ਸ਼ਾਨਦਾਰ ਖੇਡ ਸਦਕਾ ਜਲੰਧਰ ਵੱਲੋਂ ਸਭ ਤੋਂ ਵਿਕਟਾਂ ਤੇ ਦੌੜਾਂ ਬਣਾ ਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਪੰਜਾਬ ਦੇ ਕੈਂਪ ’ਚ ਆਪਣੀ ਥਾਂ ਪੱਕੀ ਕੀਤੀ ਹੈ। ਉਨ੍ਹਾਂ ਦੱਸਿਆ ਉਹ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਫ਼ਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿਖੇ ਲੱਗੇ ਕੈਂਪ ’ਚ ਸਿਖਲਾਈ ਪ੍ਰਾਪਤ ਕਰ ਚੁੱਕੀ ਹੈ। ਇਨ੍ਹਾਂ ਕੈਂਪਾਂ ਦੌਰਾਨ ਚੁਣੀਆਂ ਗਈਆਂ 40 ਖਿਡਾਰਨਾਂ ’ਚ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਰਾਈਜ਼ਲ ਕੌਰ ਸੰਧੂ ਨੂੰ ਪੰਜਾਬ ਦੀ ਕਪਤਾਨੀ ਵੀ ਸੌਂਪੀ ਗਈ ਹੈ। ਰਾਈਜ਼ਲ ਕੌਰ ਸੰਧੂ ਦੇ ਨਾਲ ਵਰਸ਼ਾ ਰਾਣੀ ਵਾਈਸ ਕਪਤਾਨ, ਜੈਸਮੀਤ ਕੌਰ ਵਿਕਟ ਕੀਪਰ, ਹਰਸ਼ਿਤਾ, ਅਹੈਂਸ ਕੌਰ, ਨਿਸ਼ਠਾ ਮਲਿਕ, ਆਸਥਾ, ਜਪਨੀਤ ਕੌਰ, ਗੁਨਸਖੀ, ਪਹਿਲ ਸ਼ਰਮਾ, ਜੋਤੀ, ਸਹਿਜਪ੍ਰੀਤ ਕੌਰ, ਹਰਨੂਰ ਕੌਰ, ਮਧਾਵੀ ਸਹਿਗਲ, ਅਨਿੰਆ ਪਾਲ ਦੀ ਪੰਜਾਬ ਟੀਮ ’ਚ ਚੋਣ ਹੋਈ ਹੈ। Women’s Cricket
ਇਹ ਵੀ ਪੜ੍ਹੋ: IND ODI Squad vs NZ: ਨਿਊਜ਼ੀਲੈਂਡ ਖਿਲਾਫ ਭਾਰਤ ਦੀ ਵਨਡੇ ਟੀਮ ਦਾ ਐਲਾਨ, ਪੰਤ ਨੂੰ ਮਿਲਿਆ ਮੌਕਾ
ਬੇਟੀ ਰਾਈਜ਼ਲ ਕੌਰ ਸੰਧੂ ਭਾਰਤ ਦੀ ਟੀਮ ’ਚ ਖੇਡਣ ਦਾ ਸੁਪਨਾ ਲੈ ਕੇ ਲਗਤਾਰ ਸਖ਼ਤ ਮਿਹਨਤ ਕਰ ਰਹੀ ਹੈ। ਉਹ ਫ਼ਰੀਦਕੋਟ ਦੀ ਮੌੜ ਕ੍ਰਿਕਟ ਅਕੈਡਮੀ ਵਿਖੇ ਕੋਚ ਜਗਰਾਜ ਸਿੰਘ ਮਾਨ ਅਤੇ ਪੁਨੀਤ ਕੁਮਾਰ ਤੋਂ ਕ੍ਰਿਕਟ ਦੇ ਗੁਰ ਲੈ ਰਹੀ ਹੈ। ਪੀ.ਸੀ.ਏ.ਅੰਡਰ-15 ਦੀ ਕਪਤਾਨ ਚੁਣੇ ਜਾਣ ’ਤੇ ਤੇਜਿੰਦਰ ਸਿੰਘ ਮੌੜ ਸੇਵਾ ਮੁਕਤ ਡੀ.ਆਈ.ਜੀ.(ਜ਼ੇਲ),ਜ਼ਿਲ੍ਹਾ ਖੇਡ ਅਫ਼ਸਰ ਬਲਜਿੰਦਰ ਸਿੰਘ, ਕੇਵਲ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਸਿੱਖਿਆ ਵਿਭਾਗ, ਗੁਰਜੰਟ ਸਿੰਘ ਸੰਧੂ ਰੁਪਈਆਂ ਵਾਲਾ, ਹਰਵਿੰਦਰ ਸਿੰਘ ਟਿੱਕਾ ਸੰਧੂ, ਪਾਲ ਸਿੰਘ ਸੰਧੂ ਰੁਪਈਆਂ ਵਾਲਾ, ਅਰੁਣਵੀਰ ਦੇਵਗਣ, ਗਗਨਦੀਪ ਸਿੰਘ ਸੰਧੂ, ਅਮਿਤ ਕੁਮਾਰ ਨੇ ਰਾਈਜ਼ਲ ਕੌਰ ਸੰਧੂ, ਉਸ ਦੇ ਕੋਚ ਜਗਰਾਜ ਸਿੰਘ ਮਾਨ, ਪੁਨੀਤ ਕੁਮਾਰ ਨੂੰ ਇਸ ਵਿਲੱਖਣ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਾਮਨਾ ਕੀਤੀ ਕਿ ਰਾਈਜ਼ਲ ਕੌਰ ਸੰਧੂ ਨੂੰ ਛੇਤੀ ਭਾਰਤ ਦੀ ਟੀਮ ’ਚ ਖੇਡਣ ਦਾ ਮੌਕਾ ਮਿਲੇ। ਇੱਥੇ ਜ਼ਿਕਰਯੋਗ ਹੈ ਕਿ ਰਾਈਜ਼ਲ ਕੌਰ ਸੰਧੂ ਦੀ ਅਗਵਾਈ ਵਾਲੀ ਪੰਜਾਬ ਟੀਮ ਝਾਰਖੰਡ, ਬੜੌਦਾ, ਵਿਦਰਬਾਹਾ, ਹੈਦਰਾਬਾਦ, ਗੋਆ ਨਾਲ 10 ਜਨਵਰੀ ਤੱਕ ਮੈਚ ਖੇਡੇਗੀ।














