ਫ਼ਰੀਦਕੋਟ ਜ਼ਿਲ੍ਹੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕਰਕੇ ਰੋਸ ਰੈਲੀ ਕੀਤੀ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮੁਲਾਜ਼ਮ ਤੇਈ ਪੈਨਸ਼ਨਰ ਵਿਰੋਧੀ ਵਤੀਰੇ ਖਿਲਾਫ ਸਾਂਝੇ ਫਰੰਟ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫ਼ਤਰ ਸਾਹਮਣੇ ਰੋਸ ਰੈਲੀ ਕਰਕੇ ਪੁਤਲਾ ਫੂਕਿਆ

  • 16 ਅਕਤੂਬਰ ਨੂੰ ਮੋਰਿੰਡਾ ਵਿਖੇ ਸੂਬਾਈ ਰੋਸ ਰੈਲੀ ਕਰਨ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਵਤੀਰੇ ਵਿਰੁੱਧ ਪੱਕਾ ਮੋਰਚਾ ਸ਼ੁਰੂ ਕਰਨ ਦਾ ਐਲਾਨ

ਫਰੀਦਕੋਟ’, (ਸੁਭਾਸ਼ ਸ਼ਰਮਾ)। ਪੰਜਾਬ ਅਤੇ ਯੂ.ਟੀ . ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ‘ ਤੇ ਅੱਜ ਫ਼ਰੀਦਕੋਟ ਜ਼ਿਲ੍ਹੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਦਫ਼ਤਰ ਮਿੰਨੀ ਸਕੱਤਰੇਤ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਤਿੱਖੀ ਨਾਅਰੇਬਾਜ਼ੀ ਕਰਕੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਨੂੰ ਸੰਬੋਧਨ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਪ੍ਰੇਮ ਚਾਵਲਾ, ਮੰਡੀ ਬੋਰਡ ਮੁਲਾਜ਼ਮਾਂ ਦੇ ਸੂਬਾਈ ਪ੍ਰਧਾਨ ਵੀਰਇੰਦਰਜੀਤ ਸਿੰਘ ਪੁਰੀ, ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਕੁਲਦੀਪ ਸ਼ਰਮਾ,ਬਿਜਲੀ ਨਿਗਮ ਦੇ ਹਰਪ੍ਰੀਤ ਸਿੰਘ ਅਤੇ ਬਲਵਿੰਦਰ ਸ਼ਰਮਾ, ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਏਟਕ ਦੇ ਸੂਬਾਈ ਆਗੂ ਅਮਰਜੀਤ ਕੌਰ ਰਣ ਸਿੰਘ ਵਾਲਾ ਅਤੇ ਸਿੰਬਲਜੀਤ ਕੌਰ, ,ਕਰਮਚਾਰੀ ਦਲ ਦੇ ਹਰਚਰਨ ਸਿੰਘ ਸੰਧੂ, ਪੈਰਾ ਮੈਡੀਕਲ ਦੇ ਹਰਪਾਲ ਸਿੰਘ ਅਤੇ ਬਲਵਿੰਦਰ ਸਿੰਘ ਬਰਾੜ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਜਤਿੰਦਰ ਕੁਮਾਰ ਅਤੇ ਪ੍ਰਦੀਪ ਸਿੰਘ ਬਰਾੜ,ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸੂਬਾਈ ਆਗੂ ਅਸ਼ੋਕ ਕੌਸ਼ਲ, ਮਲਕੀਤ ਸਿੰਘ ਮਾਨ, ਰਮੇਸ਼ ਕੁਮਾਰ ਨੀਨੂ, ਦਰਜਾ ਚਾਰ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਆਗੂ ਨਛੱਤਰ ਸਿੰਘ ਭਾਣਾ ਅਤੇ ਇਕਬਾਲ ਸਿੰਘ ਰਣ ਸਿੰਘ ਵਾਲਾ, ਪੀ.ਆਰ.ਟੀ.ਸੀ. ਮੁਲਾਜ਼ਮਾਂ ਦੇ ਆਗੂ ਸਿਮਰਜੀਤ ਸਿੰਘ ਬਰਾੜ , ਚਮਕੌਰ ਸਿੰਘ ਅਤੇ ਗੁਰਦੀਪ ਭੋਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਪੰਜ ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਨਵੀਂ ਸਰਕਾਰ ਤੋਂ ਜੋ ਆਸਾਂ ਲਾਈਆਂ ਸਨ, ਉਹ 3 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਦੇ ਮੁਲਾਜ਼ਮ ਆਗੂਆਂ ਨਾਲ ਵਤੀਰੇ ਕਾਰਨ ਚਕਨਾਚੂਰ ਹੋ ਗਈ ਹੈ।

ਪੱਕਾ ਮੋਰਚਾ ਸਾਰੀਆਂ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ

ਇਸ ਦਿਨ ਮੋਰਿੰਡੇ ਵਿਖੇ ਚੰਨੀ ਨੇ ਸਾਂਝੇ ਫਰੰਟ ਦੀ ਲੀਡਰਸ਼ਿਪ ਨਾਲ ਠੀਕ ਢੰਗ ਨਾਲ ਗੱਲ ਕਰਨ ਦੀ ਵੀ ਲੋੜ ਨਹੀਂ ਸਮਝੀ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਨਵਾਂ ਮੁੱਖ ਮੰਤਰੀ ਕਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਹੁਣ ਤੱਕ ਬਣਦੀਆਂ ਮਹਿੰਗਾਈ ਭੱਤੇ ਦੀਆਂ ਸਾਰੀਆਂ ਕਿਸ਼ਤਾਂ ਅਤੇ ਬਕਾਏ ਦਾ ਨਿਪਟਾਰਾ ਨਹੀਂ ਕਰਦਾ, ਮੁਲਾਜ਼ਮਾਂ ਦਾ ਸੰਘਰਸ਼ ਰੁਕਣ ਵਾਲਾ ਨਹੀਂ। 16 ਅਕਤੂਬਰ ਨੂੰ ਮੋਰਿੰਡੇ ਵਿਖੇ ਪੰਜਾਬ ਪੱਧਰ ਦੀ ਵੁਿਸ਼ਾਲ ਰੋਸ ਰੈਲੀ ਕਰਨ ਪੰਜਾਬ ਯੂ .ਟੀ . ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਕਿਸਾਨਾਂ ਵਾਂਗ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ ਜੋਕਿ ਪੰਜਾਬ ਸਰਕਾਰ ਨੂੰ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ ।

ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਲੜਕੇ ਵੱਲੋਂ ਲਖਮੀਰਪੁਰ ਯੂ. ਪੀ ਵਿਖੇ ਪੁਰਅਮਨ ਅੰਦੋਲਨ ਕਰ ਰਹੇ ਚਾਰ ਕਿਸਾਨਾਂ ਨੂੰ ਜੀਪ ਹੇਠ ਦਰੜ ਕੇ ਮਾਰ ਦੇਣ ਦੀ ਸਖ਼ਤ ਨਿਖੇਧੀ ਕਰਦੇ ਹੋਏ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਸਤੀਫ਼ੇ ਅਤੇ ਦੋਸ਼ੀ ਲੜਕੇ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ। ਸ਼ਹੀਦ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਵੀ ਭੇਂਟ ਕੀਤੀ ਗਈ। ਇਸ ਮੌਕੇ ‘ ਤੇ ਹੋਰਨਾਂ ਤੋਂ ਇਲਾਵਾ ਪੀ ਆਰ ਟੀ ਸੀ ਮੁਲਾਜ਼ਮਾਂ ਦੇ ਆਗੂ ਹਰਪ੍ਰੀਤ ਸੋਢੀ , ਧਰਵਿੰਦਰ ਸਿੰਘ , ਹਰਜਿੰਦਰ ਸਿੰਘ ਪ੍ਰਧਾਨ , ਬਲਕਾਰ ਸਿੰਘ ਮੰਡੀ ਬੋਰਡ , ਗੁਰਚਰਨ ਸਿੰਘ ਮਾਨ , ਸੁਰਿੰਦਰ ਪਾਲ ਸਿੰਘ ਮਾਨ , ਅਵਤਾਰ ਸਿੰਘ ਰਾਜੋਵਾਲਾ ਸੇਵਾ ਮੁਕਤ ਮੁੱਖ ਅਧਿਆਪਕ ਤੇ ਸੁਖਚੈਨ ਸਿੰਘ ਥਾਂਦੇਵਾਲਾ ਆਦਿ ਮੁਲਾਜ਼ਮ ਤੇ ਪੈਨਸ਼ਨਰ ਆਗੂ ਮੌਜੂਦ ਸਨ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ