ਐੱਨਆਰਆਈ ਜੋੜੇ ਵੱਲੋਂ ਲੁੱਟ ਦੀ ਦਰਜ਼ ਕਰਵਾਈ ਗਈ ਸੀ ਝੂਠੀ ਸ਼ਿਕਾਇਤ
Bathinda News: (ਸੁਖਜੀਤ ਮਾਨ) ਬਠਿੰਡਾ। ਲੰਘੇ ਦਿਨੀਂ ਇੱਕ ਐੱਨਆਰਆਈ ਜੋੜੇ ਵੱਲੋਂ ਥਾਣਾ ਨੇਹੀਆਂ ਵਾਲਾ ਵਿਖੇ ਦਰਜ਼ ਕਰਵਾਈ ਲੁੱਟ-ਖੋਹ ਦੀ ਕਹਾਣੀ ਝੂਠੀ ਨਿਕਲੀ ਉਨ੍ਹਾਂ ਵੱਲੋਂ ਇਹ ਝੂਠੀ ਸ਼ਿਕਾਇਤ ਉਨ੍ਹਾਂ ਵਿਅਕਤੀਆਂ ਖਿਲਾਫ਼ ਦਰਜ਼ ਕਰਵਾਈ ਗਈ ਸੀ ਜੋ ਰਾਤ ਸਮੇਂ ਉਕਤ ਦੋਵਾਂ ਨੂੰ ਸੜਕ ’ਤੇ ਖੜ੍ਹੇ ਦੇਖ ਕੇ ਉਨ੍ਹਾਂ ਦੀ ਮੱਦਦ ਲਈ ਰੁਕੇ ਸੀ ਪੁਲਿਸ ਨੇ ਤਫਤੀਸ਼ ਵਿੱਢੀ ਤਾਂ ਮੱਦਦ ਲਈ ਰੁਕਣ ਵਾਲਿਆਂ ਨੂੰ ਫਸਾਉਣ ਦੀ ਸਾਜਿਸ਼ ਰਚਣ ਵਾਲੇ ਖੁਦ ਹੀ ਹਵਾਲਾਤ ’ਚ ਫਸ ਗਏ।
ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ 16-17 ਫਰਵਰੀ ਦੀ ਰਾਤ ਨੂੰ ਰਜਿੰਦਰ ਕੌਰ ਉਰਫ ਸੋਨੀਆ ਪਤਨੀ ਸਾਹਿਲ ਸਿੰਘ ਵਾਸੀ ਚੱਕ ਬਖਤੂ ਹਾਲ ਆਬਾਦ ਐਡੀਲੈਂਡ ਆਸਟ੍ਰੇਲੀਆ ਅਤੇ ਸਾਹਿਲ ਸਿੰਘ ਪੁੱਤਰ ਸ਼ਮਿੰਦਰ ਸਿੰਘ ਵਾਸੀ ਚੱਕ ਬਖਤੂ ਹਾਲ ਆਬਾਦ ਐਡੀਲੈਂਡ ਆਸਟ੍ਰੇਲੀਆ ਨੇ ਥਾਣਾ ਨੇਹੀਆਂਵਾਲਾ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਗੋਨਿਆਣਾ ’ਚ ਜੈਤੋ ਰੋਡ ’ਤੇ ਇੱਕ ਗੱਡੀ ’ਚ ਸਵਾਰ ਕੁੱਝ ਨੌਜਵਾਨਾਂ ਵੱਲੋਂ ਹਥਿਆਰਾਂ ਦੀ ਨੋਕ ’ਤੇ ਉਨ੍ਹਾਂ ਦੇ ਗਹਿਣੇ ਲੁੱਟ ਲਏ ।
ਇਹ ਵੀ ਪੜ੍ਹੋ: IIFA 2025: ਰਾਜਸਥਾਨ ਸੈਰ-ਸਪਾਟਾ ਅਤੇ ਆਧੁਨਿਕ ਸਿਨੇਮਾ ਦਾ ਸੰਗਮ ਹੈ ਆਈਫਾ : ਦੀਆ ਕੁਮਾਰੀ
ਪੁਲਿਸ ਨੇ ਸ਼ਿਕਾਇਤ ਦਰਜ਼ ਕਰਕੇ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਸ਼ਿਕਾਇਤ ਕਰਤਾ ਜੋੜਾ ਸੜਕ ’ਤੇ ਆਪਸ ’ਚ ਲੜ ਰਿਹਾ ਸੀ ਜਿੰਨ੍ਹਾਂ ਨੂੰ ਦੇਖ ਕੇ ਉਨ੍ਹਾਂ ਕੋਲੋਂ ਲੰਘ ਰਹੇ ਗੱਡੀ ਸਵਾਰ ਚਾਲਕ ਮਦਨ ਲਾਲ ਪੁੱਤਰ ਹਰੀ ਰਾਮ ਵਾਸੀ ਪਿੰਡ ਖੂਹੀ ਖੇੜਾ ਜ਼ਿਲ੍ਹਾ ਫਾਜਿਲਕਾ ਅਤੇ ਵਾਲੀਬਾਲ ਟੀਮ ਦੇ ਖਿਡਾਰੀ ਸੁਰੇਸ਼ ਕੁਮਾਰ, ਸੌਰਵ ਕੁਮਾਰ ਪੁੱਤਰਾਨ ਰਾਮ ਕੁਮਾਰ, ਸੰਦੀਪ ਕੁਮਾਰ ਪੁੱਤਰ ਖੜਕ ਸਿੰਘ, ਪੰਕਜ ਕੁਮਾਰ ਪੁੱਤਰ ਰਾਜ ਕੁਮਾਰ, ਵਿਜੈ ਪਾਲ ਪੁੱਤਰ ਇੰਦਰਾਜ ਕੁਮਾਰ, ਪਵਨ ਕੁਮਾਰ ਪੁੱਤਰ ਦਲੀਪ ਕੁਮਾਰ, ਵਿਨੋਦ ਕੁਮਾਰ ਪੁੱਤਰ ਰਾਮ ਕੁਮਾਰ ਵਾਸੀਆਨ ਰਾਮਕੋਟ ਜ਼ਿਲ੍ਹਾ ਫਾਜ਼ਿਲਕਾ ਅਤੇ ਸਚਿਨ ਪੁੱਤਰ ਵਿਨੋਦ ਕੁਮਾਰ ਵਾਸੀ ਸਤੀਰਵਾਲਾ ਜ਼ਿਲ੍ਹਾ ਫਾਜ਼ਿਲਕਾ ਰੁਕ ਗਏ ਅਤੇ ਲੜ ਰਹੇ ਜੋੜੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਉਕਤ ਜੋੜੇ ਨੇ ਉਲਟਾ ਉਨ੍ਹਾਂ ’ਤੇ ਹੀ ਲੁੱਟ-ਖੋਹ ਦੇ ਦੋਸ਼ ਲਗਾ ਕੇ ਝੂਠੀ ਕਹਾਣੀ ਘੜ ਕੇ ਸ਼ਿਕਾਇਤ ਦਰਜ ਕਰਵਾ ਦਿੱਤੀ।
ਸ਼ਿਕਾਇਤ ਦਾ ਪਰਦਾਫਾਸ਼ ਹੋਣ ’ਤੇ ਪੁਲਿਸ ਨੇ ਲੁੱਟ-ਖੋਹ ਦੀ ਥਾਂ ਮਾਮਲੇ ’ਚ ਲੁੱਟ-ਖੋਹ ਅਤੇ ਆਰਮਜ਼ ਐਕਟ ਨੂੰ ਘਟਾ ਕੇ 217 ਬੀਐਨਐਸ ਦਾ ਵਾਧਾ ਕਰਕੇ ਸਾਹਿਲ ਕੁਮਾਰ ਅਤੇ ਉਸਦੀ ਪਤਨੀ ਰਾਜਿੰਦਰ ਕੌਰ ਨੂੰ ਧਾਰਾ 126/170 ਬੀਐਨਐਸ ਤਹਿਤ ਗ੍ਰਿਫ਼ਤਾਰ ਕਰ ਲਿਆ। Bathinda News
ਸੋਨਾ ਕੋਲ ਹੈ ਹੀ ਨਹੀਂ ਸੀ
ਐੱਨਆਰਆਈ ਜੋੜੇ ਵੱਲੋਂ ਜਿਹੜਾ ਸੋਨਾ ਲੁੱਟੇ ਜਾਣ ਦੀ ਗੱਲ ਆਖੀ ਗਈ ਸੀ, ਉਸ ਨੂੰ ਪੁਲਿਸ ਵੱਲੋਂ ਉਨ੍ਹਾਂ ਤੋਂ ਹੀ ਬਰਾਮਦ ਕਰਨ ਸਬੰਧੀ ਪੁੱਛੇ ਜਾਣ ’ਤੇ ਪਤਾ ਲੱਗਿਆ ਕਿ ਉਨ੍ਹਾਂ ਕੋਲ ਸੋਨਾ ਹੈ ਹੀ ਨਹੀਂ ਸੀ ਸਗੋਂ ਝੂਠੀ ਕਹਾਣੀ ’ਚ ਸੋਨਾ ਵੀ ਝੂਠਾ ਹੀ ਲਿਖਾਇਆ ਗਿਆ ਸੀ ਐੱਸਐੱਸਪੀ ਨੇ ਕਿਹਾ ਕਿ ਪੁਲਿਸ ਨੂੰ ਸੱਚੀ ਇਤਲਾਹ ਦੇਣੀ ਚਾਹੀਦੀ ਹੈ ਤੇ ਝੂਠੀ ਇਤਲਾਹ ਦੇਣ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ