ਅਦਾਲਤ ਨੇ ਕੀਤਾ ਬਾਇੱਜ਼ਤ ਬਰੀ
ਪੁਲਿਸ ਦੀ ਝੂਠੀ ਕਹਾਣੀ ਕਾਰਨ ਪਰਿਵਾਰ ਨੇ ਝੱਲੀਆਂ ਆਰਥਿਕ ਪ੍ਰੇਸ਼ਾਨੀਆਂ
ਸੰਗਰੂਰ, ਗੁਰਪ੍ਰੀਤ ਸਿੰਘ।
ਜਦੋਂ ਕਿਸੇ ਪਰਿਵਾਰ ਤੇ ਦੁੱਖਾਂ ਤੇ ਮੁਸੀਬਤਾਂ ਦਾ ਪਹਾੜ ਟੁੱਟ ਪਵੇ ਤਾਂ ਪਰਛਾਵਾਂ ਵੀ ਸਾਥ ਛੱਡ ਦਿੰਦਾ ਹੈ ਅਜਿਹੇ ਵਿਰਲੇ ਹੀ ਪਰਿਵਾਰ ਹੁੰਦੇ ਹਨ, ਜਿਹੜੇ ਅਜਿਹੀ ਸਥਿਤੀ ਵਿੱਚ ਹੌਂਸਲੇ ਤੇ ਦਲੇਰੀ ਨਾਲ ਬਾਹਰ ਨਿੱਕਲ ਕੇ ਮੁਸੀਬਤਾਂ ਮੂਹਰੇ ਹਿੱਕ ਡਾਹ ਕੇ ਖੜ੍ਹ ਜਾਂਦੇ ਹਨ। ਉੱਭਾਵਾਲ ਪਿੰਡ ਦੇ ਰਹਿਣ ਵਾਲੇ ਇੱਕ ਵਿੱਤੋਂ ਕਮਜ਼ੋਰ ਪਰਿਵਾਰ, ਜਿਸ ਦਾ ਮੁਖੀ ਕਰਮਜੀਤ ਸਿੰਘ ਕਰਮਾ ਹੈ, ਪਿਛਲੇ ਇੱਕ ਸਾਲ ਤੋਂ ਅਜਿਹੀ ਸਥਿਤੀ ਦਾ ਟਾਕਰਾ ਕਰ ਰਿਹੈ। ਡੇਰਾ ਸ਼ਰਧਾਲੂ ਕਰਮੇ ਨੂੰ ਥਾਣਾ ਚੀਮਾ ਦੀ ਪੁਲਿਸ ਨੇ ਸਾੜ ਫੂਕ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰਕੇ ਉਸ ‘ਤੇ ਵੱਖ-ਵੱਖ ਧਾਰਾਵਾਂ ਤੇ ਕੇਸ ਦਰਜ ਕਰ ਦਿੱਤਾ ਸੀ, ਜਿਸ ਨੂੰ ਅਦਾਲਤ ਵੱਲੋਂ ਤਕਰੀਬਨ ਇੱਕ ਸਾਲ ਬਾਅਦ ਇਨਸਾਫ਼ ਮਿਲਿਆ ਤੇ ਉਸ ਨੂੰ ਬਾਇੱਜ਼ਤ ਬਰੀ ਤਾਂ ਕਰ ਦਿੱਤਾ ਪਰ ਇਹ ਇੱਕ ਸਾਲ ਕਰਮੇ ਦੇ 5 ਜੀਆਂ ਦੇ ਪਰਿਵਾਰ ਨੇ ਵੀਹ ਸਾਲਾਂ ਵਾਂਗ ਕੱਢਿਆ ਹੈ। ਉਨ੍ਹਾਂ ਦਾ ਪਰਿਵਾਰ, ਜਿਸ ਸਥਿਤੀ ‘ਚੋਂ ਨਿੱਕਲਿਆ ਇਸ ਬਾਰੇ ਉਨ੍ਹਾਂ ਤੋਂ ਬਿਨਾਂ ਹੋਰ ਕੋਈ ਮਹਿਸੂਸ ਨਹੀਂ ਕਰ ਸਕਦਾ।
ਅਚਾਨਕ ਵਾਪਰੇ ਵਰਤਾਰੇ ਕਾਰਨ ਪਰਿਵਾਰ ਸੀ ਖੌਫ਼ਜਦਾ
ਸੰਗਰੂਰ ਤੋਂ ਕੁਝ ਕਿਲੋਮੀਟਰ ਦੂਰ ਪਿੰਡ ਉੱਭਾਵਾਲ ‘ਚ ਡੇਰਾ ਪ੍ਰੇਮੀ ਕਰਮਜੀਤ ਸਿੰਘ ਕਰਮਾ ਆਪਣੇ ਚਾਰ ਜੀਆਂ ਦੇ ਟੱਬਰ ਸਮੇਤ ਰਹਿ ਰਿਹਾ ਹੈ। ਉਹ ਇੱਕ ਨਿੱਜੀ ਕਾਰ ਏਜੰਸੀ ਵਿੱਚ ਕਾਰਾਂ ਵਾਸ਼ਿੰਗ ਕਰਨ ਦੀ ਨੌਕਰੀ ਤੋਂ ਨਿਗੂਣੀ ਜਿਹੀ ਤਨਖਾਹ ਲੈ ਕੇ ਆਪਣੇ ਪਰਿਵਾਰ ਦੀਆਂ ਲੋੜਾਂ ਤੇ ਬੱਚਿਆਂ ਦੀ ਪੜ੍ਹਾਈ ਕਰਵਾ ਰਿਹਾ ਹੈ। ਕਰਮੇ ਨੇ ਦੱਸਿਆ ਕਿ ਅਗਸਤ 2017 ਵਿੱਚ ਨਮੋਲ ਪਿੰਡ ਵਿੱਚ ਵਾਪਰੀ ਇੱਕ ਘਟਨਾ ਦੇ ਦੋਸ਼ ਵਿੱਚ ਥਾਣਾ ਚੀਮਾ ਦੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਅਚਾਨਕ ਵਾਪਰੇ ਇਸ ਵਰਤਾਰੇ ਕਾਰਨ ਪੂਰਾ ਪਰਿਵਾਰ ਉਸ ਦਿਨ ਖੌਫ਼ਜਦਾ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਅੱਗੇ ਬਹੁਤ ਅਪੀਲਾਂ ਕੀਤੀਆਂ ਕਿ ਕਰਮੇ ਦਾ ਇਸ ਮਾਮਲੇ ਨਾਲ ਕੋਈ ਸਬੰਧ ਨਹੀਂ ਪਰ ਪੁਲਿਸ ਨੇ ਕਰਮੇ ਸਮੇਤ ਕਈ ਜਣਿਆਂ ‘ਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਅਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਕਰਮਜੀਤ ਸਿੰਘ ਦੀ ਧਰਮਪਤਨੀ ਕਿਰਨਪਾਲ ਕੌਰ ਨੇ ਦੱਸਿਆ ਕਿ ਜਿਸ ਦਿਨ ਉਸ ਦੇ ਪਤੀ ਦੀ ਗ੍ਰਿਫ਼ਤਾਰੀ ਹੋਈ ਸੀ ਤਾਂ ਸਾਨੂੰ ਸਮਝ ਨਹੀਂ ਸੀ ਆ ਰਿਹਾ ਕਿ ਕੀ ਕੀਤਾ ਜਾਵੇ। ਸਾਰੇ ਬੱਚੇ ਬੁਰੀ ਤਰ੍ਹਾਂ ਡਰ ਗਏ ਸਨ ਅਤੇ ਉਨ੍ਹਾਂ ਦੇ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਸ ‘ਤੇ ਆ ਗਈ। ਦੋਵੇਂ ਲੜਕੀਆਂ ਦੀ ਪੜ੍ਹਾਈ, ਘਰ ਦਾ ਖਰਚਾ ਅਤੇ ਹੋਰ ਖਰਚੇ ਸੋਚ ਕੇ ਉਨ੍ਹਾਂ ਦਾ ਅੰਦਰ ਘਬਰਾਉਣ ਲੱਗਿਆ। ਕਿਰਨਪਾਲ ਕੌਰ ਨੇ ਦੱਸਿਆ ਕਿ ਕੁਝ ਦਿਨ ਬੀਤਣ ਤੋਂ ਬਾਅਦ ਅਦਾਲਤ ਵੱਲੋਂ ਕਰਮਜੀਤ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਘਰ ਵਿੱਚ ਮੌਜ਼ੂਦ ਪੈਸੇ ਅਦਾਲਤੀ ਖਰਚਿਆਂ ਵਿੱਚ ਲੱਗ ਗਏ। ਹੱਡ ਭੰਨਵੀਂ ਮਿਹਨਤ ਨਾਲ ਉਨ੍ਹਾਂ ਦੇ ਪਰਿਵਾਰ ਦਾ ਸਿਰਫ਼ ਰੋਟੀ-ਪਾਣੀ ਹੀ ਚੱਲਦਾ।
ਡੇਰਾ ਸੱਚਾ ਸੌਦਾ ‘ਤੇ ਅਤੁੱਟ ਵਿਸ਼ਵਾਸ
ਕਰਮਜੀਤ ਦੱਸਦਾ ਹੈ ਕਿ ਤਕਰੀਬਨ 100 ਦਿਨ ਸੰਗਰੂਰ ਜੇਲ੍ਹ ਵਿੱਚ ਰਹਿਣ ਉਪਰੰਤ ਮਾਣਯੋਗ ਹਾਈਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਾਈ। ਉਸ ਨੇ ਦੱਸਿਆ ਕਿ ਹਾਈਕੋਰਟ ਵਿੱਚੋਂ ਉਸ ਨੂੰ ਜ਼ਮਾਨਤ ਤਾਂ ਮਿਲ ਗਈ ਪਰ ਉਸ ਨੂੰ ਕਰਜ਼ਈ ਹੋਣਾ ਪਿਆ। ਉਸ ਨੇ ਦੱਸਿਆ ਪਿਛਲੇ ਦਿਨੀਂ ਸੰਗਰੂਰ ਅਦਾਲਤ ਵੱਲੋਂ ਉਨ੍ਹਾਂ ਸਮੇਤ 10 ਜਣਿਆਂ ਨੂੰ ਇਸ ਕੇਸ ਵਿੱਚ ਬੇਕਸੂਰ ਮੰਨਦਿਆਂ ਬਾਇੱਜ਼ਤ ਬਰੀ ਕਰ ਦਿੱਤਾ। ਉਸ ਨੇ ਕਿਹਾ ਕਿ ਬੇਸ਼ੱਕ ਪਰਿਵਾਰ ਨੂੰ ਨਿਆਂ ਮਿਲਣ ਦੀ ਖੁਸ਼ੀ ਤਾਂ ਅਥਾਹ ਹੈ ਪਰ ਦੂਜੇ ਪਾਸੇ ਸਾਲ ਵਿੱਚ ਘਰ ਦੀ ਹੋਈ ਮਾੜੀ ਹਾਲਤ ਦਾ ਦੁੱਖ ਵੀ ਬੇਹੱਦ ਹੈ। ਉਸ ਨੇ ਇਹ ਵੀ ਕਿਹਾ ਕਿ ਉਸਦਾ ਡੇਰਾ ਸੱਚਾ ਸੌਦਾ ‘ਤੇ ਅਤੁੱਟ ਵਿਸ਼ਵਾਸ ਹੈ ਤੇ ਉਹ ਡੇਰੇ ਦੀ ਸਿੱਖਿਆ ਅਨੁਸਾਰ ਮਾਨਵਤਾ ਭਲਾਈ ਕਾਰਜਾਂ ਨਾਲ ਜੁੜਿਆ ਰਹੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।