ਬਰਨਾਲਾ ਪੁਲਿਸ ਵੱਲੋਂ ਔਰਤ ਸਮੇਤ ਗਿਰੋਹ ਦੇ ਛੇ ਮੈਂਬਰ ਕਾਬੂ
- ਮੁਲਜ਼ਮਾਂ ਤੋਂ ਜਾਅਲੀ ਕਰੰਸੀ ਤੇ ਤਿਆਰ ਕਰਨ ਦਾ ਸਮਾਨ ਬਰਾਮਦ
ਬਰਨਾਲਾ, (ਜੀਵਨ ਰਾਮਗੜ੍ਹ/ਜਸਵੀਰ ਸਿੰਘ) । ਬਰਨਾਲਾ ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਵਿਖੇ ਜਾਅਲੀ ਕਰੰਸੀ ਤਿਆਰ ਕਰਨ ਵਾਲੇ ਇੱਕ ਗਿਰੋਹ ਦੇ 6 ਮੈਂਬਰਾਂ ਨੂੰ ਮਹਿਲਾ ਸਰਗਨਾ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਤੋਂ ਨੋਟ ਤਿਆਰ ਕਰਨ ਵਾਲੀ ਮਸ਼ੀਨਰੀ ਤੇ ਸਮੱਗਰੀ ਸਮੇਤ ਕਰੀਬ ਸਾਢੇ 7 ਲੱਖ ਦੇ ਤਿਆਰ ਨੋਟ ਅਤੇ ਕੁੱਝ ਅਣਕੱਟੇ ਨੋਟ ਵੀ ਬਰਾਮਦ ਕੀਤੇ ਗਏ ਹਨ। ਆਪਣੀ ਇੱਥੇ ਨਵੀਂ ਤਾਇਨਾਤੀ ਉਪਰੰਤ ਐਸਐਸਪੀ ਬਲਜੋਤ ਸਿੰਘ ਰਾਠੌਰ ਨੇ ਪਲੇਠੀ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੰਘੀ 1 ਮਈ ਨੂੰ ਸੀਆਈਏ ਬਰਨਾਲਾ ਇੰਚਾਰਜ਼ ਮਲਕੀਤ ਸਿੰਘ ਅਤੇ ਸਪੈਸ਼ਲ ਟਾਸਕ ਫੋਰਸ ਇੰਚਾਰਜ਼ ਪ੍ਰਿਤਪਾਲ ਸਿੰਘ ਨੂੰ ਭਦੌੜ ਨੇੜੇ ਦੌਰਾਨ-ਏ-ਗਸ਼ਤ ਮੁਖਬਰੀ ਹੋਈ ਕਿ ਜਾਅਲੀ ਕਰੰਸੀ ਦੇ ਧੰਦੇ ‘ਚ ਲਿਪਤ ਇੱਕ ਗਿਰੋਹ ਇਲਾਕੇ ‘ਚ ਸਰਗਰਮ ਹੈ।
ਇਸ ਗਿਰੋਹ ਦੀ ਮਹਿਲਾ ਸਰਗਨਾ ਸੁਖਦਰਸ਼ਨ ਕੌਰ ਵਾਸੀ ਸੰਧੂ ਕਲਾਂ ਸਮੇਤ ਕੁਲਦੀਪ ਸਿੰਘ ਵਾਸੀ ਪੱਤੀ ਭੱਠਾ ਭੋਲੀਆਂ ਸ਼ਹਿਣਾ, ਸੰਦੀਪ ਸਿੰਘ ਵਾਸੀ ਪੱਤੀ ਮੌੜ ਢੂੰਡਾ ਸ਼ਹਿਣਾ ਹਾਲ ਅਬਾਦ ਅਸਪਾਲ ਕਲਾਂ, ਰਮਨਦੀਪ ਸਿੰਘ ਰਮਨਾ ਵਾਸੀ ਪੱਖੋ ਬਸਤੀ, ਨਬਾਲਿਗ ਜਗਦੀਸ਼ ਦਾਸ (17) ਵਾਸੀ ਪੱਤੀ ਤੂਤੜਾ ਸ਼ਹਿਣਾ ਤੇ ਵਕੀਲ ਖਾਂ ਵਾਸੀ ਢੂੰਡਾ ਪੱਤੀ ਸ਼ਹਿਣਾਂ ਸ਼ਾਮਲ ਹਨ।
ਜਿਸ ਸਬੰਧੀ ਉਕਤ ਮੁਲਜ਼ਮਾਂ ਖਿਲਾਫ਼ ਥਾਣਾ ਭਦੌੜ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਜਿਨ੍ਹਾਂ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਐੱਸਐੱਸਪੀ ਰਾਠੌਰ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਮੁਲਜ਼ਮਾਂ ਪਾਸੋਂ ਇੱਕ ਸਿਆਜ਼ ਕਾਰ ਨੰਬਰ ਪੀਬੀ 19 ਐੱਲ-8111 ਸਮੇਤ 7 ਲੱਖ 40 ਹਜ਼ਾਰ 7 ਸੌ ਰੁਪਏ ਕੀਮਤ ਬਰਾਬਰ ਦੇ 2 ਹਜ਼ਾਰ /5 ਸੌ ਅਤੇ 1 ਸੌ ਦੇ ਤਿਆਰ ਜ਼ਾਅਲੀ ਕਰੰਸੀ ਨੋਟ ਬਾਕੀ 32 ਹਜ਼ਾਰ ਕੀਮਤ ਬਰਾਬਰ ਦੇ 5 ਸੌ ਦੇ ਅਣਕੱਟੇ ਨੋਟ, ਇੱਕ ਕੰਪਿਊਟਰ ਸੈੱਟ, ਕਟਰ, ਕਲਰ ਸਕੈਨਰ, ਪ੍ਰਿੰਟਰ ਅਤੇ ਪਲੇਨ ਕਾਗਜ਼ ਦੀ ਵੀ ਬਰਾਮਦਗੀ ਹੋਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਸੰਧੂ ਕਲਾਂ ਦੀ ਕਥਿਤ ਸਰਗਨਾ ਔਰਤ ਸੁਖਦਰਸ਼ਨ ਕੌਰ ਆਪਣੇ ਰਿਹਾਇਸ਼ੀ ਮਕਾਨ ‘ਚ ਹੀ ਚੜ੍ਹਦੀ ਉਮਰ ਦੇ ਲੜਕਿਆਂ ਨੂੰ ਘੱਟ ਸਮੇਂ ‘ਚ ਵੱਧ ਕਮਾਈ ਦਾ ਝਾਂਸਾ ਦੇ ਕੇ ਇਸ ਗੈਰ-ਕਾਨੂੰਨੀ ਧੰਦੇ ਲਈ ਉਕਸਾਉਂਦੀ ਸੀ। ਇਹ ਵੀ ਖੁਲਾਸਾ ਕੀਤਾ ਕਿ ਨਾਮਜ਼ਦ ਮੁਲਜ਼ਮਾਂ ‘ਚ ਸ਼ਾਮਲ ਸੰਦੀਪ ਸਿੰਘ ਸਟੇਟ ਬੈਂਕ ਆਫ ਪਟਿਆਲਾ ਸ਼ਹਿਣਾ ਦੀ ਹੁਣੇ ਐਸਬੀਆਈ ‘ਚ ਮਰਜ਼ ਹੋਈ ਬ੍ਰਾਂਚ ਵਿਖੇ ਤਾਇਨਾਤ ਸੀ। ਇਸ ਮੌਕੇ ਐਸਪੀ ਸਵਰਨ ਖੰਨਾ, ਸੁਰਿੰਦਰ ਪਾਲ ਸਿੰਘ, ਸੀਆਈਏ ਇੰਚਾਰਜ਼ ਮਲਕੀਤ ਚੀਮਾ ਵੀ ਹਾਜ਼ਰ ਸਨ।