ਝੋਨੇ ਦੀ ਖਰੀਦ ਮਿੱਥੀ ਤਾਰੀਖ਼ ਤੋਂ ਸ਼ੁਰੂ ਨਾ ਕਰਵਾਉਣਾ ਕੇਂਦਰ ਦੀ ਬਦਲਾਖ਼ੋਰੀ : ਭਗਵੰਤ ਮਾਨ
(ਨਰੇਸ਼ ਕੁਮਾਰ) ਸੰਗਰੂਰ। ਕੇਂਦਰ ਸਰਕਾਰ ਦੁਆਰਾ ਇੱਕ ਅਕਤੂਬਰ ਤੋਂ ਝੋਨੇ ਦੀ ਖਰੀਦ ਨਾ ਸ਼ੁਰੂ ਕਰਵਾਉਣ ਦਾ ਫੈਸਲਾ ਕਿਸਾਨਾਂ ਨਾਲ ਬਦਲਾਖੋਰੀ ਵਾਲਾ ਫੈਸਲਾ ਹੈ। ਇਸ ਨਾਦਰਸ਼ਾਹੀ ਫਰਮਾਨ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਇਹ ਸ਼ਬਦ ਅੱਜ ਭਗਵੰਤ ਮਾਨ ਨੇ ਸੰਗਰੂਰ ਵਿਖੇ ਪੱਤਰਕਾਰਾਂ ਨੂੰ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਸੰਬੋਧਨ ਕਰਦਿਆਂ ਕਹੇ। ਭਗਵੰਤ ਮਾਨ ਨੇ ਕਿਹਾ ਕਿ ਹਰ ਵਾਰ 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਜਾਂਦੀ ਹੈ ਪਰ ਇਸ ਬਾਰ ਬਰਸਾਤ ਜਾਂ ਖਰਾਬ ਮੌਸਮ ਦਾ ਬਹਾਨਾ ਬਣਾ ਕੇ ਝੋਨੇ ਦੀ ਖਰੀਦ ਨੂੰ ਬੀਜੇਪੀ ਸਰਕਾਰ ਅਤੇ ਐਫ ਸੀ ਆਈ ਨੇ ਕਿਸਾਨਾਂ ਨੂੰ ਲਵਾਰਿਸ ਰੁਲਣ ਲਈ ਮਜ਼ਬੂਰ ਕਰ ਦਿੱਤਾ ਹੈ। ਕਿਸਾਨ ਮੰਡੀਆਂ ਵਿੱਚ ਝੋਨੇ ਨੂੰ ਲੈ ਕੇ ਪਹੁੰਚ ਚੁੱਕੇ ਹਨ ਪਰ ਖਰੀਦ ਨਾ ਹੋਣ ਕਰਕੇ ਪੁੱਤਾ ਵਾਂਗ ਪਾਲੀ ਫਸਲ ਰੁਲ ਰਹੀ ਹੈ।
ਕਿਸਾਨ ਆਪਣੀ ਫਸਲ ਦੀਆ ਟਰਾਲੀਆਂ ਸਮੇਤ ਮੀਂਹ ਵਿੱਚ ਖੜ੍ਹਨ ਨੂੰ ਮਜ਼ਬੂਰ ਹਨ ਪਰ ਉਨ੍ਹਾਂ ਦੀ ਫਸਲ ਨਹੀਂ ਖਰੀਦੀ ਜਾ ਰਹੀ ਮੈਂ ਐਫਸੀਆਈ ਦੇ ਅਫਸਰਾਂ ’ਤੇ ਭਾਜਪਾ ਦੇ ਲੀਡਰਾਂ ਨੂੰ ਪੁੱਛਣਾ ਚਾਹੁੰਦਾ ਹਾਂ, ਕਿ ਨਮੀ ਦਾ ਮਾਪਦੰਡ ਤੈਅ ਹੈ ਅਤੇ ਮੀਟਰ ਵੀ ਤੁਹਾਡੇ ਕੋਲ ਹਨ ਫੇਰ ਮੌਸਮ ਦਾ ਕਿਉਂ ਬਹਾਨਾ ਬਣਾਇਆ ਜਾ ਰਿਹਾ ਹੈ। ਭਗਵੰਤ ਮਾਨ ਕਿਹਾ ਕਿ ਦਰਅਸਲ ਐਫਸੀਆਈ ਖਰੀਦ ਕਰਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਤੋਂ ਤੁਰੰਤ ਪ੍ਰਭਾਵ ਲਾਗੂ ਕਰਕੇ ਕਿਸਾਨਾਂ ਦੀ ਫਸਲ ਖਰੀਦਣੀ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਝੋਨਾ ਪੈਦਾ ਕਰਨ ਕਰਕੇ ਅੱਜ ਜ਼ਮੀਨ ਦਾ ਪਾਣੀ 500 ਤੋਂ 600 ਫੁੱਟ ਤੋਂ ਹੇਠਾਂ ਚਲਾ ਗਿਆ ਹੈ ਜੇਕਰ ਕਿਸਾਨਾਂ ਨੂੰ ਇਸ ਫਸਲੀ ਚੱਕਰ ਤੋਂ ਕੱਢਣਾ ਚਾਹੁੰਦੇ ਹੋ ਤਾਂ ਦੂਜੀਆਂ ਫਸਲਾ ਜਿਵੇਂ ਕਿ ਸੂਰਜਮੁਖੀ, ਮੱਕੀ, ਗੰਨਾ ਆਦਿ ’ਤੇ ਐਮ ਐਸ ਪੀ ਦੇਣ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਸਾਡੀ ਪਾਰਟੀ ਇਸ ਸੰਕਟ ਦੀ ਘੜੀ ਵਿੱਚ ਕਿਸਾਨਾਂ ਨਾਲ ਖੜੀ ਹੈ ਇਸ ਲਈ ਕੋਈ ਵੀ ਸੰਘਰਸ਼ ਕਰਨ ਲਈ ਤਿਆਰ ਹੈ। ੲਸ ਮੌਕੇ ਉਨ੍ਹਾਂ ਦੇ ਨਾਲ ਹੋਰ ਵੀ ਆਮ ਆਦਮੀ ਪਾਰਟੀ ਦੇ ਆਗੂ ਵੀ ਮੌਜ਼ੂਦ ਸਨ।
ਪੰਜਾਬ ਸਰਕਾਰ ਨੂੰ ਲਿਆ ਕਰੜੇ ਹੱਥੀਂ
ਭਗਵੰਤ ਮਾਨ ਨੇ ਪੰਜਾਬ ਦੀ ਚੰਨੀ ਸਰਕਾਰ ਦੇ ਸਬਦੀ ਹਮਲਾ ਬੋਲਦੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਿਸਾਨਾਂ ਦੀ ਫਸਲ ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਉਹ ਆਪਣੀ ਕੁਰਸੀਆਂ ਤੇ ਅਹੁਦੇਦਾਰੀਆਂ ਦੀ ਲੜਾਈ ਵਿੱਚ ਦੋ ਦੋ ਘੰਟੇ ਬਾਅਦ ਦਿੱਲੀ ਗੇੜੇ ਲਾ ਰਹੇ ਹਨ, ਮੈਂ ਚੰਨੀ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਆਪਣੇ ਹੈਲੀਕਾਪਟਰ ਦੀ ਚਾਬੀ ਕਿਸੇ ਅਲਮਾਰੀ ਵਿੱਚ ਰੱਖ ਦੇਣ ਅਤੇ ਪਾਰਟੀ ਦੀ ਲੜਾਈ ਛੱਡ ਕੇ ਕਿਸਾਨਾਂ ਦਾ ਸਾਥ ਦੇਣ ਅਤੇ ਖਰੀਦ ਸ਼ੁਰੂ ਕਰਵਾਉਣ। ਉਨ੍ਹਾਂ ਕਿਹਾ ਕਿ ਪਨਸਪ ਅਤੇ ਮਾਰਕਫੈਡ ਵੱਲੋਂ ਵੀ ਕੋਈ ਖਰੀਦ ਨਹੀਂ ਕੀਤੀ ਜਾ ਰਹੀ ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਕਿਸਾਨਾਂ ਦਾ ਸਾਥ ਦੇਣ ਲਈ ਤੁਰੰਤ ਵਿਧਾਨ ਸਭਾ ਸੈਸ਼ਨ ਬੁਲਾ ਕੇ ਇਸ ਸਬੰਧੀ ਕੋਈ ਫੈਸਲਾ ਲਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ